ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤਰੀ ਭਾਰਤ ਵਿਚ ਹੜ੍ਹਾਂ ਨਾਲ ਪ੍ਰਭਾਵਤ ਲੋਕਾਂ ਦੀ ਮਦਦ ਵਾਸਤੇ ਨਿੱਤਰ ਆਈ ਹੈ ਤੇ ਜਿਥੇ ਦਿੱਲੀ ਵਿਚ ਹੜ੍ਹ ਪ੍ਰਭਾਵਤ ਲੋਕਾਂ ਵਾਸਤੇ ਰੋਜ਼ਾਨਾ 10 ਹਜ਼ਾਰ ਤੋਂ ਵੱਧ ਲੋਕਾਂ ਲਈ ਲੰਗਰ, ਪਾਣੀ, ਦਵਾਈਆਂ ਤੇ ਹੋਰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀਹੈ, ਉਥੇ ਹੀ ਪੰਜਾਬ ਵਿਚ ਵੀ ਹੜ੍ਹ ਪ੍ਰਭਾਵਤ ਲੋਕਾਂ ਦੀ ਮਦਦ ਵਾਸਤੇ ਟੀਮਾਂ ਰਵਾਨਾਂ ਕੀਤੀਆਂ ਗਈਆਂ ਹਨ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਉੱਤਰੀ ਭਾਰਤ ਵਿਚ ਖਾਸ ਤੌਰ ’ਤੇ ਪੰਜਾਬੀ, ਹਰਿਆਣਾ ਤੇ ਦਿੱਲੀ ਵਿਚ ਹੜ੍ਹਾਂ ਦੇ ਹਾਲਾਤ ਗੰਭੀਰ ਬਣੇ ਹੋਏ ਹਨ। ਉਹਨਾਂ ਕਿਹਾਕਿ ਦਿੱਲੀ ਵਿਚ 1978 ਤੋਂ ਬਾਅਦ ਪਹਿਲੀ ਵਾਰ ਹੈ ਕਿ ਯਮੁਨਾ ਨਦੀ ਵਿਚ ਪਾਣੀ ਦਾ ਪੱਧਰ ਇਸ ਕਿਸਮ ਨਾਲ ਖ਼ਤਰੇ ਦੇ ਪੱਧਰ ਤੋਂ ਟੱਪਿਆ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਹੜ੍ਹ ਮਾਰੇ ਲੋਕਾਂ ਨਾਲ ਖੜ੍ਹੇ ਹੋਣਾ ਦਿੱਲੀ ਗੁਰਦੁਆਰਾ ਕਮੇਟੀ ਦਾ ਫਰਜ਼ ਹੈ ਤੇ ਇਸਨੇ ਹਮੇਸ਼ਾ ਆਪਣਾ ਫਰਜ਼ ਨਿਭਾਇਆ ਹੈ ਭਾਵੇਂ ਲੋੜ ਦਿੱਲੀ ਵਿਚ ਹੋਵੇ, ਉੱਤਰਾਖੰਡ, ਕਸ਼ਮੀਰ, ਪੰਜਾਬ ਜਾਂ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਹੋਵੇ।
ਉਹਨਾਂ ਕਿਹਾ ਕਿ ਦਿੱਲੀ ਵਿਚ ਵੀ ਯਮੁਨਾ ਨਦੀ ਵਿਚ ਪਾਣੀ ਖ਼ਤਰੇ ਦੇ ਪੱਧਰ ਤੋਂ ਵੱਧਣ ਮਗਰੋਂ ਯਮੁਨਾ ਪਾਰ ਦੇ ਇਲਾਕਿਆਂ ਗੁਰਦੁਆਰਾ ਮਜਨੂੰ ਕਾ ਟਿੱਲਾ, ਬਦਰਪੁਰ, ਜੈਤਪੁਰ ਆਦਿ ਵਿਚ ਲੋਕਾਂ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਰਾਜਘਾਟ ਵਿਖੇ ਵੀ ਅਨੇਕਾਂ ਥਾਵਾਂ ਤੋਂ ਲੋਕ ਨਿਕਲ ਕੇ ਬਾਹਰ ਆ ਗਏ ਹਨ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਅਜਿਹੇ ਸਾਰੇ ਲੋਕਾਂ ਵਾਸਤੇ ਦੁਪਹਿਰ ਤੇ ਰਾਤ ਦਾ ਲੰਗਰ ਅਤੇ ਪੀਣ ਦੇ ਪਾਣੀ ਦੇ ਨਾਲ ਨਾਲ ਦਵਾਈਆਂ ਤੇਹੋਰ ਸਮਾਨ ਵੀ ਪਿਛਲੇ ਦੋ ਦਿਨਾਂ ਤੋਂ ਉਪਲਬਧ ਕਰਵਾਇਆ ਜਾ ਰਿਹਾ ਹੈ।
ਪੰਜਾਬ ਦੀ ਗੱਲ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਪੰਜਾਬ ਵਿਚ ਸਮਾਣਾ ਹਲਕੇ ਦੇ ਨਾਲ-ਨਾਲ ਅਨੇਕਾਂ ਹੋਰ ਥਾਵਾਂ ਤੋਂ ਇਹ ਬੇਨਤੀਆਂ ਮਿਲੀਆਂ ਹਨ ਕਿ 8-8 ਫੁੱਟ ਪਾਣੀ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ। ਉਹਨਾਂ ਦੱਸਿਆਕਿ ਅਸੀਂ ਅੱਜ ਰਾਤ ਆਪਣੀਆਂ ਟੀਮਾਂ ਰਵਾਨਾ ਕਰ ਰਹੇਹਾਂ ਤੇ ਸਵੇਰ ਚੜ੍ਹਦੀ ਨੂੰ ਲੋਕਾਂ ਨੂੰ ਰਾਹਤ ਸਮੱਗਰੀ ਮਿਲਣੀ ਸ਼ੁਰੂ ਹੋ ਜਾਵੇਗੀ।
ਉਹਨਾਂ ਕਿਹਾ ਕਿ ਲੰਗਰ, ਪੀਣ ਵਾਲੇ ਪਾਣੀ ਤੇ ਦਵਾਈਆਂ ਤੋਂ ਇਲਾਵਾ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਲੋਕਾਂ ਦੇ ਰਹਿਣ ਸਹਿਣ ਵਾਸਤੇ ਵੀ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਜਿਸ ਤਰੀਕੇ ਦੀਮੰਗ ਸੰਗਤਾਂ ਦੀ ਸਾਹਮਣੇ ਆ ਰਹੀ ਹੈ, ਉਸ ਮੁਤਾਬਕ ਹੀ ਕਾਰਵਾਈ ਕੀਤੀ ਜਾ ਰਹੀ ਹੈ।
ਉਹਨਾਂ ਨੇ ਸੰਗਤਾ ਨੂੰ ਇਸ ਗੰਭੀਰ ਕੁਦਰਤੀ ਸੰਕਟ ਵੇਲੇ ਹੌਂਸਲਾ ਰੱਖਣ ਤੇ ਇਕ ਦੂਜੇ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ।