ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਵਿਸ਼ਵ ਭਰ ਦੀਆਂ ਸੰਗਤਾਂ ਤੱਕ ਪਹੁੰਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਯੂਟਿਊਬ/ਵੈੱਬ ਚੈਨਲ ਅੱਜ ਜਾਰੀ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਭੋਗ ਮਗਰੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਹੋਇਆ, ਜਿਥੇ ਵੈੱਬ ਚੈਨਲ ਦੀ ਰਸਮੀ ਆਰੰਭਤਾ ਕੀਤੀ ਗਈ। ਸ਼੍ਰੋਮਣੀ ਕਮੇਟੀ ਵੱਲੋਂ ਗੁਰਬਾਣੀ ਪ੍ਰਸਾਰਣ ਲਈ ਬਣਾਏ ਗਏ ਇਸ ਚੈਨਲ ਦਾ ਨਾਂ ‘ਐਸਜੀਪੀਸੀ ਸ੍ਰੀ ਅੰਮ੍ਰਿਤਸਰ’ ਰੱਖਿਆ ਗਿਆ ਹੈ, ਜੋ ਯੂਟਿਊਬ ਅਤੇ ਫੇਸਬੁੱਕ ’ਤੇ ਉਪਲੱਬਧ ਹੋਵੇਗਾ।
ਚੈਨਲ ਦੀ ਆਰੰਭਤਾ ਲਈ ਕੀਤੇ ਗਏ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ, ਜਦੋਂ ਸ਼੍ਰੋਮਣੀ ਕਮੇਟੀ ਆਪਣੇ ਤੌਰ ’ਤੇ ਗੁਰਬਾਣੀ ਪ੍ਰਸਾਰਣ ਦੀ ਆਰੰਭਤਾ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਇਸ ਨਾਲ ਸੰਗਤ ਦੀ ਚਿਰੌਕਣੀ ਮੰਗ ਪੂਰੀ ਹੋਈ ਹੈ। ਐਡਵੋਕੇਟ ਧਾਮੀ ਨੇ ਆਪਣੇ ਸੰਬੋਧਨ ਦੌਰਾਨ ਸਪੱਸ਼ਟ ਕੀਤਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਸਾਰੇ ਅਧਿਕਾਰ ਸ਼੍ਰੋਮਣੀ ਕਮੇਟੀ ਪਾਸ ਮੌਜੂਦ ਰਹਿਣਗੇ ਅਤੇ ਹੋਰ ਕੋਈ ਚੈਨਲ ਨਹੀਂ ਚਲਾ ਸਕੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣਾ ਸੈਟੇਲਾਈਟ ਚੈਨਲ ਵੀ ਜਲਦ ਸਥਾਪਤ ਕਰ ਲਵੇਗੀ, ਜਿਸ ਨੂੰ ਲੈ ਕੇ ਸਰਗਰਮੀ ਨਾਲ ਪ੍ਰਕਿਰਿਆ ਜਾਰੀ ਹੈ। ਫਿਲਹਾਲ ਸੈਟੇਲਾਈਟ ਲਈ ਸੰਗਤ ਦੀ ਮੰਗ ਅਨੁਸਾਰ ਪੀਟੀਸੀ ਚੈਨਲ ਨੂੰ ਗੁਰਬਾਣੀ ਪ੍ਰਸਾਰਣ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੀਟੀਸੀ ਦੇ ਪ੍ਰਬੰਧਕਾਂ ਨੂੰ ਸ਼੍ਰੋਮਣੀ ਕਮੇਟੀ ਨੇ ਅਪੀਲ ਕੀਤੀ ਸੀ, ਜਿਨ੍ਹਾਂ ਨੇ ਸਹਿਮਤੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਅਧਿਕਾਰਤ ਯੂਟਿਊਬ ਅਤੇ ਸ਼ੋਸਲ ਮੀਡੀਆ ਪਲੇਟਫਾਰਮਾਂ ’ਤੇ ਗੁਰਬਾਣੀ ਪ੍ਰਸਾਰਣ ਲਈ ਚੁਣੀ ਕੰਪਨੀ ਨੂੰ ਅਦਾ ਕੀਤੇ ਜਾਣ ਵਾਲੇ 12 ਲੱਖ ਰੁਪਏ ਦੇ ਮਹੀਨਾਵਾਰ ਖਰਚੇ ਵੀ ਪੀਟੀਸੀ ਵੱਲੋਂ ਕੀਤੇ ਜਾਣਗੇ।
ਐਡਵੋਕੇਟ ਧਾਮੀ ਨੇ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਨਿਰਵਿਘਨ ਸਰਵਣ ਕਰਨ ਲਈ ਸੰਗਤਾਂ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੇ ਗਏ ‘ਐਸਜੀਪੀਸੀ ਸ੍ਰੀ ਅੰਮ੍ਰਿਤਸਰ’ ਯੂਟਿਊਬ ਅਤੇ ਫੇਸਬੁੱਕ ਚੈਨਲ ਨਾਲ ਜੁੜਨ। ਵੈੱਬ ਚੈਨਲ ਦਾ ਨਾਂ ਬਦਲਣ ਬਾਰੇ ਉਨ੍ਹਾਂ ਕਿਹਾ ਕਿ ਇਹ ਵਿਦਵਾਨਾਂ ਦੇ ਸੁਝਾਅ ਅਤੇ ਸਿੰਘ ਸਾਹਿਬਾਨ ਨਾਲ ਵਿਚਾਰ-ਵਟਾਂਦਰੇ ਮਗਰੋਂ ਕੀਤਾ ਗਿਆ ਹੈ, ਕਿਉਂਕਿ ਭਵਿੱਖ ਵਿਚ ਜੇਕਰ ਚੈਨਲ ਨਾਲ ਸਬੰਧਤ ਕੋਈ ਕਾਨੂੰਨੀ ਪੇਚੀਦਗੀ ਬਣਦੀ ਹੈ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਨਾਂ ਇਸ ਵਿੱਚੋਂ ਬਾਹਰ ਰਹੇਗਾ।