ਕੋਟਕਪੁਰਾ,( ਦੀਪਕ ਗਰਗ ) – ਪਿਛਲੇ ਕੁੱਝ ਦਿਨਾਂ ਤੋਂ ਆਪਣੇ ਪ੍ਰਸ਼ੰਸਕਾਂ ਵਲੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਦੇ ਬਾਵਜੂਦ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਇਸ ਦੁਨੀਆਂ ਵਿਚ ਨਹੀਂ ਰਹੇ। ਉਹ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਸਨ ਤੇ ਹਸਪਤਾਲ ਵਿਚ ਜੇਰੇ ਇਲਾਜ ਸਨ। ਅੱਜ 27 ਜੁਲਾਈ ਦੀ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਇਹ ਖਬਰ ਸੁਣਦੇ ਹੀ ਪਾਲੀਵੁੱਡ ਅਤੇ ਸੰਗੀਤ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ।
ਉੱਘੇ ਫਿਲਮ ਖੋਜਕਰਤਾ ਅਤੇ ਇਤਿਹਾਸਕਾਰ ਭੀਮ ਰਾਜ ਗਰਗ ਨੇ ਸੁਰਿੰਦਰ ਸ਼ਿੰਦਾ ਦੇ ਦਿਹਾਂਤ ਨੂੰ ਪੰਜਾਬੀ ਫਿਲਮ ਅਤੇ ਸੰਗੀਤ ਜਗਤ ਨੂੰ ਵੱਡਾ ਘਾਟਾ ਕਰਾਰ ਦਿੱਤਾ ਹੈ। ਭੀਮ ਗਰਗ ਨੇ ਦੱਸਿਆ ਕਿ ਸੁਰਿੰਦਰ ਸ਼ਿੰਦਾ ਨੇ ਕਰੀਬ 24 ਫਿਲਮਾਂ ਲਈ ਅਭਿਨੈ ਕੀਤਾ ਅਤੇ ਕਰੀਬ 31 ਫਿਲਮਾਂ ਵਿੱਚ ਪਲੇਅਬੈਕ ਗੀਤ ਗਾਏ। ਇਸ ਤੋਂ ਬਿਨਾਂ 4 ਫਿਲਮਾਂ ਲਈ ਸੰਗੀਤ ਵੀ ਦਿੱਤਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਫਿਲਮਾਂ ਵਿੱਚੋਂ 2 ਫਿਲਮਾਂ “ਪੁੱਤ ਜੱਟਾਂ ਦੇ” 1983 ਅਤੇ “ਜੱਟ ਜਿਓਣਾ ਮੌੜ” 1992 ਦੀ ਗਿਣਤੀ ਪਾਲੀਵੁੱਡ ਦੀਆਂ ਆਲ ਟਾਈਮ ਬਲਾਕ ਬਸਟਰ ਫਿਲਮਾਂ ਵਿੱਚ ਸ਼ਾਮਿਲ ਹੈ। ਇਨ੍ਹਾਂ ਫਿਲਮਾਂ ਵਿੱਚ ਸੁਰਿੰਦਰ ਸ਼ਿੰਦਾ ਨੇ ਅਦਾਕਾਰ, ਪਿੱਠਵਰਤੀ ਗਾਇਕ ਅਤੇ ਸੰਗੀਤਕਾਰ ਵਜੋਂ ਤਿੰਨ ਤਿੰਨ ਰੋਲ ਨਿਭਾਏ ਸੀ। ਪੁੱਤ ਜੱਟਾਂ ਦੇ ਫਿਲਮ ਦਾ ਗੀਤ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਅੱਜ ਤੱਕ ਪੰਜਾਬੀ ਨੌਜੁਆਨਾਂ ਦਾ ਮਨਪਸੰਦ ਗੀਤ ਬਣਿਆ ਹੋਇਆ ਹੈ। ਇਸ ਤੋਂ ਬਿਨਾਂ “ਜਿੰਦ ਯਾਰ ਦੀ”, “ਤੈਨੂੰ ਹੱਥ ਤੇ” ਅਤੇ “ਭੰਨ ਚੂੜੀਆਂ” ਵੀ ਸਦਾਬਹਾਰ ਗੀਤਾਂ ਵਿੱਚ ਸ਼ਾਮਿਲ ਹਨ। ਜੱਟ ਜਿਓਣਾ ਮੌੜ ਫਿਲਮ ਲਈ “ਜਿਓਣਾ ਮੌੜ ਛੱਤਰ ਚੜ੍ਹਾਉਣ ਚੱਲਿਆ” ਅਤੇ “ਕਰਦੇ ਮੁਰਾਦਾਂ ਪੂਰੀਆਂ ਮਾਂ ਜੋਤਾਂ ਵਾਲੀਏ ਕਦੇ ਨਾ ਭੁੱਲਣ ਵਾਲੇ ਗੀਤ ਹਨ।
ਦੱਸਣਾ ਹੋਵੇਗਾ ਕਿ ਇਨ੍ਹਾਂ ਫਿਲਮਾਂ ਤੋਂ ਬਿਨਾਂ “ਨਾਨਕ ਨਾਮ ਜਹਾਜ ਹੈ” 1969 ਜਾਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਰਿਲੀਜ ਹੋਈ ਫਿਲਮ “ਮੰਗਤੀ” 1942 ਨੂੰ ਹੀ ਆਲ ਟਾਈਮ ਬਲਾਕ ਬਸਟਰ ਫਿਲਮਾਂ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ। ਪਰ “ਮੰਗਤੀ” ਫਿਲਮ ਲਈ ਅਫਸੋਸਜਨਕ ਗੱਲ ਇਹ ਹੈ ਕਿ ਇਸ ਫਿਲਮ ਦਾ ਪ੍ਰਿੰਟ ਦਰਸ਼ਕਾਂ ਲਈ ਉਪਲਬਧ ਨਹੀਂ ਹੈ।
ਭੀਮ ਗਰਗ ਨੇ ਹੋਰ ਦੱਸਿਆ ਸੁਰਿੰਦਰ ਸ਼ਿੰਦਾ ਆਮ ਤੌਰ ਤੇ ਸ਼ਿੰਦਾ ਨਾਂਅ ਨਾਲ ਪ੍ਰਸਿੱਧ ਸਨ, ਇਥੋਂ ਤੱਕ ਕਿ 6 ਫਿਲਮਾਂ ਪੁੱਤ ਜੱਟਾਂ ਦੇ, ਕੀ ਬਣੂ ਦੁਨੀਆ ਦਾ, ਤੁਣਕਾ ਪਿਆਰ ਦਾ, ਅਣਖ ਜੱਟਾਂ ਦੀ , ਬਦਲਾ ਜੱਟੀ ਦਾ ਅਤੇ ਸਿਕੰਦਰਾ ਵਿੱਚ ਉਨ੍ਹਾਂ ਦਾ ਫਿਲਮੀ ਨਾਂਅ ਵੀ ਸ਼ਿੰਦਾ ਹੀ ਸੀ।
ਇਸ ਤੋਂ ਬਿਨਾਂ ਗੱਭਰੂ ਪੰਜਾਬ ਦਾ, ਦਿਲ ਦਾ ਮਾਮਲਾ ਅਤੇ ਅਣਖੀਲਾ ਸੂਰਮਾ ਵਿੱਚ ਇਨ੍ਹਾਂ ਦਾ ਅਖਾੜਾ ਦਿਖਾਇਆ ਗਿਆ ਸੀ। ਉੱਚਾ ਦਰ ਬਾਬੇ ਨਾਨਕ ਦਾ, ਜਗ ਵਾਲਾ ਮੇਲਾ, ਰਹਿਮਤਾਂ ਅਤੇ ਪੰਜਾਬ ਬੋਲਦਾ ਵਿਚ ਇਨ੍ਹਾਂ ਦਾ ਫਕੀਰੀ ਵਾਲਾ ਕੈਮਿਓ ਰੋਲ ਸੀ। ਸ਼ਿੰਦਾ ਨੇ ਪਹਿਲੀ ਬਾਰ ਸੰਗੀਤਕਾਰ ਕਮਲਕਾਂਤ ਦੇ ਸੰਗੀਤ ਹੇਠ ਫਿਲਮ “ਜੱਟ ਦਾ ਗੰਡਾਸਾ” 1982 ਲਈ ਪਿੱਠਵਰਤੀ ਗਾਇਕੀ ਕੀਤੀ ਸੀ। ਗੀਤ ਸੀ ਜੱਦ ਜੁਲਮ ਦਾ ਹੜ ਆਵੇ। ਫਿਲਮ “ਪਟੋਲਾ” 1988 ਵਿੱਚ ਸ਼ਿੰਦਾ ਨੇ ਕਰੀਬ 8 ਮਿੰਟ ਦਾ ਮਿਰਜ਼ਾ ਗੀਤ ਗਇਆ ਸੀ। ਜੋ ਵਰਿੰਦਰ ਅਤੇ ਸ਼ੋਭਿਨੀ ਸਿੰਘ ਉਪਰ ਫਿਲਮਾਇਆ ਗਿਆ ਸੀ। ਇਹ ਗਾਣਾ “ਪ੍ਰਤਿਗਿਆ” 1975 ਚ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਵਲੋਂ ਗਾਏ “ਉਠ ਨੀਂਦ ਸੇ ਜਾਗ ਮਿਰਜ਼ਿਆ” ਤੋਂ ਪ੍ਰੇਰਿਤ ਸੀ, ਜੋ ਧਰਮਿੰਦਰ ਅਤੇ ਹੇਮਾ ਮਾਲਿਨੀ ਤੇ ਫਿਲਮਾਇਆ ਗਿਆ ਸੀ।
80 ਦੇ ਦਸ਼ਕ ਵਿੱਚ ਆਏ ਓਪੇਰਾ ਜਿਉਣਾ ਮੌੜ ਨੇ ਸੁਰਿੰਦਰ ਸ਼ਿੰਦਾ ਨੂੰ ਸਫਲਤਾ ਦੀਆਂ ਬੁਲੰਦੀਆਂ ਤੇ ਪਹੁੰਚਾ ਦਿੱਤਾ। ਇਹ ਓਪੇਰਾ ਹੀ ਜੱਟ ਜਿਓਣਾ ਮੋੜ ਫਿਲਮ ਦੀ ਸੁਪਰ ਸਫਲਤਾ ਦੀ ਪ੍ਰੇਰਣਾ ਬਣਿਆ ਸੀ। ਹਾਲ ਹੀ ਵਿਚ ਇਸ ਫਿਲਮ ਨੂੰ ਆਧੁਨਿਕ ਤਕਨੀਕਾਂ ਨਾਲ ਮੁੜ ਤੋਂ ਰਿਲੀਜ ਕੀਤਾ ਗਿਆ ਸੀ ਤਾਂ ਫਿਲਮ ਦੀ ਪ੍ਰਮੋਸ਼ਨ ਲਈ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸੁਰਿੰਦਰ ਸ਼ਿੰਦਾ ਕਾਫੀ ਉਤਸਾਹ ਵਿਚ ਦਿੱਖ ਰਹੇ ਸਨ। ਇਸ ਓਪੇਰਾ ਦੇ ਕਈ ਗੀਤ ਮਸ਼ਹੂਰ ਹੋਏ, “ਉਡਗੀ ਵਿਚ ਹਵਾ ਦੇ ਯਾਰੋ ਘੋੜੀ ਜਿਓਣੇ ਮੌੜ ਦੀ”, ‘ਬਦਲਾ ਲੈ ਲਈ ਜਿਉਣਿਆ’, ‘ਜੇ ਮਾਂ ਦਾ ਜਾਇਆ’, ‘ਜਿਉਣਾ ਮੌੜ ਛੱਤਰ ਚੜ੍ਹਾਉਣ ਚੱਲਿਆ,’ “ਅਹਿਮਦ ਡੋਗਰ ਪਾਪੀ,” “ਦਾਤਾ ਤੇ ਭਗਤ ਸੂਰਮੇ”, “ਡੋਗਰਾ ਸੁਨ ਲਲਕਾਰਾ ਮੌੜ ਦਾ,” “ਆ ਬਾਹਰ ਡੋਗਰਾ ਵੇ” ਆਦਿ
90 ਦੇ ਦਸ਼ਕ ‘ਚ ਸੁਰਿੰਦਰ ਸ਼ਿੰਦਾ ਦਾ ਗੀਤ ‘ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਬਾਬਿਆਂ ਦੇ ਚੱਲ ਚਲੀਏ’ ਕਾਫੀ ਹਿੱਟ ਹੋਇਆ ਸੀ। ਗਾਇਕ ਸੁਰਿੰਦਰ ਸ਼ਿੰਦਾ ਨੇ ਕਰੀਬ 30 ਸਾਲ ਬਾਅਦ 2021 ਦਰਮਿਆਨ ਆਪਣੇ ਉਸੇ ਗਾਣੇ ਨੂੰ ਨਵੇਂ ਅੰਦਾਜ਼ ‘ਚ ਪੇਸ਼ ਕੀਤਾ ਸੀ ਸੁਰਿੰਦਰ ਸ਼ਿੰਦਾ ਨੇ ਦੁੱਜੀ ਬਾਰ ਇਸ ਗਾਣੇ ਨੂੰ ਸਿੰਗਲ ਦੀ ਬਜਾਇ ਡਿਊਟ ‘ਚ ਗਾਇਆ। ਇਸ ਰੀਮੇਕ ਗਾਣੇ ‘ਚ ਮਹਿਲਾ ਗਾਇਕਾ ਦੀ ਆਵਾਜ਼ ਨੂੰ ਵੀ ਸ਼ਾਮਲ ਕੀਤਾ ਗਿਆ। ਗੀਤ ‘ਚ ਆਧੁਨਿਕ ਤਰੀਕੇ ਦੇ ਟਰੱਕ ਤੇ ਉਸ ਦੇ ਡਰਾਈਵਰ ਦੀ ਜ਼ਿੰਦਗੀ ਨੂੰ ਦਰਸ਼ਾਇਆ ਗਿਆ ਹੈ।
ਬੇਸਕ ਮਰਹੂਮ ਸੁਰਿੰਦਰ ਸ਼ਿੰਦਾ ਨੇ ਕਈ ਗਾਇਕਾਵਾਂ, ਜਿੰਵੇ ਕੁਲਦੀਪ ਕੌਰ, ਸੁਰਿੰਦਰ ਸੋਨੀਆ, ਨਰਿੰਦਰ ਬੀਬਾ, ਸੁਦੇਸ਼ ਕੁਮਾਰੀ, ਹਰਨੀਤ ਕੌਰ, ਊਸ਼ਾ ਕਿਰਨ, ਸੁਖਵੰਤ ਸੁੱਖੀ, ਪਰਮਿੰਦਰ ਸੰਧੂ, ਰੁਪਿੰਦਰ ਰੰਜਨਾ, ਅਨੁਰਾਧਾ ਪੌਡਵਾਲ, ਸਵਿਤਾ ਸਾਥੀ, ਅਲਕਾ ਯਾਗਨਿਕ, ਕਵਿਤਾ ਕ੍ਰਿਸ਼ਨਾਮੂਰਤੀ ਸਮੇਤ ਹੋਰਾਂ ਨਾਲ ਜੋੜੀ ਬਣਾਕੇ ਡਿਊਟ ਗੀਤ ਗਾਏ, ਪਰ ਗੁਲਸ਼ਨ ਕੋਮਲ ਨਾਲ ਮਿਲਕੇ ਗਾਏ ਹੋਏ ਇਨ੍ਹਾਂ ਦੇ ਗੀਤ ਹਮੇਸ਼ਾਂ ਲਈ ਹਿਟ ਬਣੇ ਹੋਏ ਹਨ।