ਤੁਰ ਗਿਆ ਛਿੰਦਾ, ਕਲਾਕਾਰ ਛਿੰਦਾ ,
ਨਾਮ ਸੀ ਸੁਰਿੰਦਰ,ਨਾਲ ਪਿਆਰ ਛਿੰਦਾ।
ਉੱਚੀ ਸੁਰ ਤਾਣ ਵਾਲਾ,ਗੀਤਕਾਰ ਛਿੰਦਾ,
ਹਸਮੁਖਾ,ਤੇ ਬਹੁਤ,ਮਿਲਣਸਾਰ ਛਿੰਦਾ।
ਰਹੇ ਗਾ ਜਿੰਦਾ , ਸਦ ਬਹਾਰ ਛਿੰਦਾ,
ਗੀਤਾਂ ਵਿੱਚ ਜਿੰਦਾ, ਰੂਹ ਠਾਰ ਛਿੰਦਾ ।
ਰੁਕਿਆ ਨਾ ਕਦੀ ਤੇਜ਼ ਰਫਤਾਰ ਛਿੰਦਾ.
ਫੁੱਲਾਂ ਵਾਂਗ ਹੌਲਾ, ਹੌਲੇ ਭਾਰ ਛਿੰਦਾ ।
ਦੋਸਤਾਂ ਤੇ ਮਿੱਤਰਾਂ ਦੀ ਲਏ ਸਾਰ ਛਿੰਦਾ,
ਮੁਸ਼ਕਲਾਂ,ਔਕੜਾਂ ਚ,ਮਦਦਗਾਰ ਛਿੰਦਾ।
ਕਈਆਂ ਲਈ ਕੀਮਤੀ,ਖਾਕਸਾਰ ,ਛਿੰਦਾ,
ਜਿੰਦਗੀ ਬਣਾ ਗਿਆ ਸ਼ਾਹਸਵਾਰ ਛਿੰਦਾ।
ਟੀਸੀਆਂ ਨੂੰ ਛੋਹ ਗਿਆ,ਫਨਕਾਰ ਛਿੰਦਾ,
ਸ਼ਾਨ ਸੀ ਸਟੇਜਾਂ ਦਾ , ਰੰਗਦਾਰ ਛਿੰਦਾ।
ਮਾਂ ਬੋਲੀ ਆਪਣੀ ਦਾ ਸੇਵਾਦਾਰ ਛਿੰਦਾ,
ਉਮਰਾਂ ਲਗਾ ਗਿਆ, ਵਫਾਦਾਰ ਛਿੰਦਾ।
ਸ਼ੋਖੀਆਂ ਖਿਲਾਰ ਗਿਆ,ਬੇਸ਼ੁਮਾਰ ਛਿੰਦਾ,
ਮਹਿਫ਼ਲਾਂ ਸ਼ਿੰਗਾਰਦਾ,ਦੰਮਦਾਰ ਛਿੰਦਾ।
ਪੁੱਤ ਸੀ ਪੰਜਾਬ ਦਾ, ਵਫਾਦਾਰ ਛਿੰਦਾ,
ਛੱਡ ਗਿਆ,ਆਪਣੀ,ਯਾਦਗਾਰ ਛਿੰਦਾ।