ਅੰਜਨਾ ਨੂੰ ਗੁੰਮ ਸੁੰਮ ਬੈਠੀ ਦੇਖਕੇ ਸਰੁਤੀ ਨੇ ਉਸਦੀ ਗੱਲ ਤੇ ਇੱਕ ਚੂੰਢੀ ਵੱਢੀ ਤਾਂ ਉਹ ਕੰਬ ਜਿਹੀ ਗਈ।
‘ਓਏ ਤੂੰ ਤਾਂ ਡਰ ਈ ਗਈ।
”ਨਹੀਂ ਨਹੀਂ ਡਰਨਾ ਤਾਂ ਕੀ ਆ।
‘ਫਿਰ ਐਦਾਂ ਮੂੰਹ ਕਿਉਂ ਲਟਕਾਇਆ ਆ?
”ਬਸ ਠੀਕ ਨੀ ਲੱਗਦਾ ਅੱਜ ਕੁਛ?
‘ਕੁੱਛ ਜਾਂ ਸਭ ਕੁਛ?
”ਹਾਂ ਬਾਬਾ ਸਭ ਕੁਛ ਈ ਨੀ ਠੀਕ ਲੱਗਦਾ।
‘ਫਿਰ ਕੋਈ ਦਵਾਈ ਦਾਰੂ ਲੈ ਲੈਣਾ ਸੀ।
”ਨਾਂਹ ਦਵਾਈਆਂ ਨੇ ਕੀ ਅਸਰ ਕਰਨਾ?
”ਲੱਗਦਾ ਕੋਈ ਅਸਾਧ ਰੋਗ ਹੋ ਗਿਆ ਮੈਡਮ ਨੂੰ….
”ਹਾ-ਹਾ-ਹਾ ਬਸ ਅਸਾਧ ਈ ਸਮਝ ਲਾ।
‘ਫਿਰ ਵੀ ਮਸਲਾ ਤਾਂ ਦੱਸ ਕੀ ਹੋਇਆ?
”ਲੈ ਸੁਣ ਫਿਰ ਉਹ ਜਿਹੜਾ ਗੌਤਮ ਨੀ ਸੀ?
‘ਕਿਹੜਾ ਗੌਤਮ ਉਹ ਜਿਹੜਾ ਸਿਰਫ ਤੇਰੇ ਕੋਲ ਆਉਂਦਾ ਸੀ?
”ਆਹੋ ਯਾਰ ਉਹੀ ਜਿਸਦੀ ਮਿੱਲ ਦੇ ਕੋਲ ਦੀ ਲੰਘਦੀ ਗਲ਼ੀ ਵਿੱਚ ਕੋਠੀ ਸੀ ਜਿਹੜਾ ਕਦੇ-ਕਦੇ ਕਾਰ ਵਿੱਚ ਵੀ ਆਉਂਦਾ ਸੀ।
‘ਆਹੋ-ਆਹੋ ਪਹਿਚਾਣ ਗਈ ਕੀ ਹੋਇਆ ਉਹਨੂੰ?
”ਹੋਇਆ ਤਾਂ ਕੁਛ ਨੀ ਯਾਰ ਮੈਨੂੰ ਪਤਾ ਲੱਗਾ ਉਸਦਾ ਵਿਆਹ ਹੋ ਗਿਆ
‘ਤੇ ਫਿਰ ਤੈਨੂੰ ਉਹਦੇ ਨਾਲ ਕੀ ਲੈਣ ਦੇਣ ਯਾਰ?
”ਉਹ ਨਹੀਂ ਯਾਰ ਉਹ ਮੈਨੂੰ ਵਿਆਹ ਦੇ ਲਾਰੇ ਲਾਉਂਦਾ ਹੁੰਦਾ ਸੀ ਤਾਂ
‘ਐਦਾ ਦੇ ਕਈ ਆਉਂਦੇ ਆ ਐਥੇ ਤੂੰ ਐਵੇਂ ਨਾ ਕਿਸੇ ਦੀਆਂ ਗੱਲਾਂ ਵਿੱਚ ਆਇਆ ਕਰ ਇਹ ਮਰਦ ਤਾਂ ਹੁੰਦੇ ਈ ਧੋਖੇਬਾਜ਼ ਆ।
”ਚੱਲ ਛੱਡ ਯਾਰ ਤੂੰ ਮੈਂ ਹੁਣ ਉਹਦੇ ਬਾਰੇ ਸੋਚਣਾ ਈ ਨੀ।
ਮਮਤਾ
ਕੋਠੇ ਤੋਂ ਜਾਣ ਵੇਲੇ ਗਾਹਕ ਜਦੋਂ ਜੇਬਾਂ ਵਿੱਚ ਹੱਥ ਪਾ ਕੇ ਪੈਸੇ ਕੱਢਣ ਲੱਗਾ ਤਾਂ ਦੋਵੇਂ ਜੇਬਾਂ ਫਰੋਲ ਕੇ ਵੀ ਸ਼ਾਇਦ ਉਸਦੇ ਕੋਲ ਦੇਣ ਲਈ ਪੂਰੇ ਪੈਸੇ ਨਹੀਂ ਸਨ ਫਿਰ ਉਸਨੇ ਆਪਣੀ ਕਮੀਜ਼ ਦੀ ਜੇਬ ਵਿੱਚ ਹੱਥ ਪਾਇਆ ਉਸ ਵਿੱਚ ਕੁਝ ਪੈਸੇ ਸਨ ਪਰ ਕੁਛ ਪੈਸੇ ਘਟਦੇ ਸਨ ਪਰ ਕੁਝ ਸੋਚਣ ਤੋਂ ਬਾਅਦ ਉਸਨੇ ਉਹ ਪੈਸੇ ਦੁਆਰਾ ਆਪਣੀ ਜੇਬ ਵਿੱਚ ਹੀ ਪਾ ਲਏ। ਉਸਨੂੰ ਇਸ ਹੜਬੜਾਹਟ ਜਿਹੀ ਵਿੱਚ ਦੇਖ ਕੇ ਪਹਿਲਾਂ ਤਾਂ ਸਰੋਜ ਦਾ ਹਾਸਾ ਨਿਕਲਣ ਲੱਗਾ ਸੀ ਪਰ ਫਿਰ ਉਸਨੇ ਆਪਣੇ ਆਪ ਨੂੰ ਰੋਕ ਕੇ ਉਸਨੂੰ ਕਹਿਣਾ ਸ਼ੁਰੂ ਕੀਤਾ।
‘ਕੀ ਗੱਲ ਹੋ ਗਈ ਪੈਸੇ ਹੈ ਨਹੀਂ ਪੂਰੇ?
”ਨਹੀਂ ਪੈਸੇ ਤਾਂ ਹੈਗੇ ਆ ਤਾਂਹੀ ਆਇਆਂ ਐਥੇ ਖਾਲੀ ਹੱਥ ਤਾਂ ਖਾਲਾ ਨੇ ਬੂਹੇ ਤੋਂ ਮੋੜ ਦੇਣਾ ਸੀ।
‘ਫਿਰ ਚਿਹਰੇ ਤੇ ਪਰੇਸ਼ਾਨੀ ਕਿਦਾਂ ਦੀ ਆ?
”ਦਰਾਸਲ ਮੈਨੂੰ ਹੁਣੇ-ਹੁਣੇ ਯਾਦ ਆ ਗਿਆ ਕੀ ਮੇਰੀਆਂ ਦੋਵੇਂ ਕੁੜੀਆਂ ਨੇ ਆਪਣੇ ਖਾਤਿਰ ਕੁਛ ਕਾਪੀਆਂ ਕਿਤਾਬਾਂ ਮੰਗਵਾਈਆਂ ਸੀ ਤੇ ਹੁਣ ਮੈਨੂੰ ਲੱਗਦਾ ਪੈਸੇ ਘਟ ਜਾਣੇ ਆ।
‘ਅੱਛਾ ਕਿੰਨੀਆਂ ਕੁੜੀਆਂ ਤੁਹਾਡੀਆਂ?
”ਦੋ ਆ ਕਾਫੀ ਛੋਟੀਆਂ ਆ ਮਾਂ ਉਹਨਾਂ ਦੀ ਮਰ ਗਈ ਸੀ ਉਹ ਕਿਤੇ ਬੇਗਾਨੀ ਮਾਂ ਹੱਥੀਂ ਰੁਲ-ਖੁਲ ਨਾ ਜਾਣ ਇਸ ਲਈ ਮੈਂ ਦੂਜਾ ਵਿਆਹ ਕਰਵਾਉਣ ਬਾਰੇ ਨੀ ਸੋਚਿਆ।
‘ਉਹ ਅੱਛਾ ਚੱਲੋ ਫਿਰ ਐਥੇ ਆਉਣ ਦਾ ਕਿੱਦਾਂ ਸੋਚਿਆ?
”ਸੋਚਣਾ ਕੀ ਸੀ ਬੱਸ ਕਈ ਵਾਰੀ ਸਰੀਰਕ ਭੁੱਖ ਤੰਗ ਕਰਦੀ ਆ ਤਾਂ ਕਦੇ-ਕਦਾਈਂ ਆ ਜਾਂਦਾ ਹੁਣ ਉਹ ਵੀ ਨੀ ਆਉਣਾ ਧੀਆਂ ਵੱਲ ਦੇਖ ਦੁੱਖ ਲੱਗਦਾ।
‘ਇੱਕ ਗੱਲ ਮੰਨੇਗਾ?
‘ਦੱਸੋਂ-ਦੱਸੋਂ।
ਤੂੰ ਪੈਸੇ ਨਾ ਦੇਹ ਸਗੋਂ ਆਹ ਕੁਛ ਪੈਸੇ ਲੈ ਮੇਰੇ ਵੱਲੋਂ ਆਪਣੀਆਂ ਬੱਚੀਆਂ ਤੇ ਖਰਚ ਦੇਵੀਂ।
”ਨਹੀਂ ਨਹੀਂ ਮੈਂ ਅਹਿਸਾਨ ਨੀ ਲੈਣਾ ਚਾਹੁੰਦਾ।
”ਉਹੋ ਇਹ ਅਹਿਸਾਨ ਨੀ ਇਹ ਤਾਂ ਮੇਰੇ ਵੱਲੋਂ ਉਹਨਾਂ ਲਈ ‘ਮਮਤਾ’ ਆ