ਦਿਲਪ੍ਰੀਤ ਦੇ ਨਾਲ ਮਿਲਾਪ ਹੋਣ ਦੀ ਇਕ ਵੱਡੀ ਚਿਣਗ ਦੀਪੀ ਦੇ ਮਨ ਵਿਚ ਜਾਗ ਪਈ। ਉਸ ਨੇ ਕਾਲਜ ਵਾਲੇ ਦਿਨਾਂ ਵਾਂਗ ਹੀ ਚੁਸਤ ਹੋ ਕੇ ਦਿਲ ਲਗਾ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਦਿਲਪ੍ਰੀਤ ਦੀ ਚਿੱਠੀ ਦਾ ਜ਼ਵਾਬ ਮਾਤਾ ਜੀ ਦੇ ਪੁੱਤਰ ਹੱਥ ਹੀ ਭੇਜ ਦਿੱਤਾ ਸੀ। ਪੁਲੀਸ ਨੇ ਤਾਂ ਆਪਣੇ ਵਲੋ ਦਿਲਪ੍ਰੀਤ ਨੂੰ ਖਤਮ ਕਰ ਦਿੱਤਾ ਸੀ। ਦਿਲਪ੍ਰੀਤ ਅਤੇ ਦੀਪੀ ਦੇ ਪਿੰਡ ਦੇ ਲੋਕੀ ਸ਼ੰਕਾ ਵਿਚ ਸਨ। ਅਸਲੀਅਤ ਸਿਰਫ ਘਰਦਿਆਂ ਨੂੰ ਹੀ ਪਤਾ ਸੀ। ਦੋਨਾਂ ਪ੍ਰੀਵਾਰਾਂ ਨੇ ਇਸ ਭੇਦ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਆ, ਕੰਧਾਂ ਨੂੰ ਕੱਨ ਤੱਕ ਨਾ ਹੋਣ ਦਿੱਤੇ। ਉਹਨਾਂ ਨੂੰ ਡਰ ਸੀ ਕਿ ਜੇ ਸਰਕਾਰ ਨੂੰ ਦਿਲਪ੍ਰੀਤ ਦੇ ਜਿਊਂਦੇ ਹੋਣ ਦਾ ਪਤਾ ਲੱਗ ਗਿਆ, ਉਹ ਮੁੜ ਪ੍ਰੀਵਾਰਾਂ ਤੇ’ ਜ਼ੁਲਮ ਕਰਨ ਲਈ ਸਰਗਰਮ ਹੋ ਜਾਵੇਗੀ।
ਸਵੇਰ ਦੇ ਦਸ ਵਜੇ ਕੁ ਦਾ ਹੀ ਸਮਾਂ ਹੋਵੇਗਾ। ਮਿੰਦੀ ਚੁਬਾਰੇ ਦੇ ਮੂਹਰਲੇ ਵਿਹੜੇ ਵਿਚ ਲੱਗੀ ਰੱਸੀ ਉੁੱਤੇ ਕੱਪੜੇ ਸੁੱਕਣੇ ਪਾ ਰਹੀ ਸੀ। ਉਸ ਨੇ ਦੇਖਿਆ ਇਕ ਸਿਪਾਹੀ ਜੋ ਸਾਈਕਲ ਉੱਪਰ ਸੀ ਉਹਨਾਂ ਦੇ ਘਰ ਵੱਲ ਨੂੰ ਹੀ ਆ ਰਿਹਾ ਸੀ। ਉਸ ਨੇ ਉੱਪਰੋਂ ਹੀ ਹਰਜਿੰਦਰ ਸਿੰਘ ਨੂੰ ਅਵਾਜ਼ ਲਗਾਈ, “ਭਾਅ ਜੀ, ਪੁਲੀਸ ਦਾ ਸਿਪਾਹੀ ਆਪਣੇ ਘਰ ਵੱਲ ਨੂੰ ਆ ਰਿਹਾ ਹੈ।”
“ਕੋਈ ਨਹੀ ਆ ਲੈਣ ਦੇ।” ਹਰਜਿੰਦਰ ਸਿੰਘ ਨੇ ਮੰਜੇ ਤੋਂ ਉੱਠ ਕੇ ਆਪਣੇ ਸਿਰ ਤੇ ਪਰਨਾ ਲਪੇਟਦੇ ਕਿਹਾ, “ਅੱਗੇ ਏਨੀ ਪੁਲੀਸ ਨਾਲ ਨਿਪਟਦੇ ਸੀ, ਹੁਣ ਤਾਂ ਇਕ ਹੀ ਹੈ।”
ਇਹ ਕਹਿੰਦਾ ਹੋਇਆ ਹਰਜਿੰਦਰ ਸਿੰਘ ਦਰਵਾਜ਼ੇ ਵੱਲ ਨੂੰ ਚਲਾ ਗਿਆ। ਸਿਪਾਹੀ ਦੇ ਪਹੁੰਚਣ ਤੋਂ ਪਹਿਲਾਂ ਹੀ ਦਰਵਾਜ਼ਾ ਖੋਹਲ ਕੇ ਖੜ੍ਹ ਗਿਆ।”
“ਸਤਿ ਸ੍ਰੀ ਅਕਾਲ। ਸਰਦਾਰ ਜੀ।” ਸਿਪਾਹੀ ਨੇ ਆਉਂਦੇ ਹੀ ਆਖਿਆ, “ਦੀਪੀ ਦੇ ਪਾਸਪੋਰਟ ਦੀ ਤਫਤੀਸ਼ ਕਰਨ ਆਇਆ ਹਾਂ, ਲੰਬੜਦਾਰ ਜਾਂ ਸਰਪੰਚ ਤੋਂ ਤਸਦੀਕ ਕਰਾਉਣਾ ਹੈ।”
“ਆ ਜਾਉ, ਲੰਘ ਆਉ ਅੰਦਰ।” ਹਰਜਿੰਦਰ ਸਿੰਘ ਨੇ ਕਿਹਾ, “ਲਿਆਉ ਪੇਪਰ ਮੈਨੂੰ ਫੜਾਉ, ਮਂੈ ਸਰਪੰਚ ਦੇ ਦੱਸਤਖੱਤ ਕਰਾ ਲਿਆਉਂਦਾ ਹਾਂ।”
ਹਰਜਿੰਦਰ ਸਿੰਘ ਨੇ ਸਿਪਾਹੀ ਤੋਂ ਪੇਪਰ ਫੜ੍ਹਦਿਆਂ ਅਤੇ ਨਸੀਬ ਕੌਰ ਨੂੰ ਸੰਬੋਧਨ ਕਰਦਿਆਂ ਕਿਹਾ, “ਨਸੀਬ ਕੌਰ, ਇਹਨਾਂ ਨੂੰ ਚਾਹ-ਪਾਣੀ ਛਕਾਉ।”
ਦੀਪੀ ਦੇ ਪਾਸਪਰੋਟ ਦੇ ਪੇਪਰਾਂ ਉੱਤੇ ਦੱਸਤੱਖਤ ਕਰਨ ਵੇਲੇ ਸਰਪੰਚ ਨੇ ਹਰਜਿੰਦਰ ਸਿੰਘ ਨੂੰ ਪੁੱਛਿਆ, “ਬਹੂ, ਬਾਹਰ ਕਿਹਦੇ ਕੋਲ ਜਾ ਰਹੀ ਏ?”
“ਕੋਈ ਰਿਸ਼ਤੇਦਾਰ ਹੈ।”
“ਕੀ ਕਰੇਗੀ ਇਹ ਉੱਥੇ ਜਾ ਕੇ?”
“ਪੜ੍ਹਾਈ ਕਰੇਗੀ।”
“ਇਧਰ ਨਾਲੋਂ ਬਾਹਰਲੀ ਸੰਗਤ ਪੀੜਤ ਲੋਕਾਂ ਦੀ ਬਹੁਤ ਸਹਾਇਤਾ ਕਰ ਰਹੀ ਏ।” ਸਰਪੰਚ ਨੇ ਇਨਕੂਆਰੀ ਦੇ ਪੇਪਰ ਤੇ ਦੱਸਤੱਖਤ ਕਰਦੇ ਕਿਹਾ, “ਇਧਰ ਤਾਂ ਲੋਕੀ ਖਾੜਕੂਆਂ ਦੇ ਪ੍ਰੀਵਾਰਾਂ ਨਾਲ ਮਿਲਵਰਤਨ ਤੋਂ ਵੀ ਕੰਨੀ ਕਤਰਾਉਣ ਲੱਗੇ ਹਨ।”
“ਹੁਣ ਤਾਂ ਜੀ ਸਰਕਾਰ ਦੀ ਮਾਰ ਤੋਂ ਡਰਦੇ ਬਹੁਤ ਝੱੂਠ ਨੂੰ ਹੀ ਸੱਚ ਕਹਿਣ ਲੱਗ ਪਏ ਨੇਂ।” ਹਰਜਿੰਦਰ ਸਿੰਘ ਨੇ ਕਿਹਾ, “ਸਰਕਾਰੀ ਰਾਜਨੀਤਕ ਪਾਰਟੀਆਂ ਦੀ ਮਿਲੀ ਭੁਗਤ ਨੇ ਲਹਿਰ ਵਿਚ ਬਦਨਾਮ ਬੰਦੇ ਘਸੋੜ ਦਿੱਤੇ ਨੇਂ, ਜਿਸ ਕਾਰਨ ਲਹਿਰ ਦੀ ਬਦਨਾਮੀ ਵੀ ਕਰਵਾ ਦਿੱਤੀ।”
“ਚੌਧਰ ਅਤੇ ਪੈਸੇ ਦੀ ਭੁੱਖ ਵੀ ਖਾੜਕੂਆਂ ਵਿਚ ਵੱਧ ਗਈ ਸੀ।” ਸਰਪੰਚ ਨੇ ਸਿੱਧਾ ਹੀ ਕਹਿ ਦਿੱਤਾ, “ਜਿਸ ਕਾਰਨ ਜੱਥੇਬੰਦੀਆਂ ਵਿਚ ਫੁੱਟ ਪਈ।”
“ਜੋ ਲੋਕ ਚੌਧਰ ਪੈਸੇ ਜਾਂ ਕੱਟੜਪੁੱਣੇ ਕਰਕੇ ਲੜਦੇ ਆ।” ਮਂੈ ਤਾਂ ਉਹਨਾਂ ਨੂੰ ਬੰਦੇ ਹੀ ਨਹੀ ਸਮਝਦਾ, ਉਹ ਸੱਚ ਹੱਕ ਲਈ ਲੜ ਹੀ ਨਹੀਂ ਸਕਦੇ।” “ਸਿਰਫ ਸੂਰਮੇ ਅਤੇ ਅਣਖੀਲੇ ਯੋਧੇ ਹੀ ਹੱਕ ਲਈ ਲੜਨ ਵਾਸਤੇ ਸੱਚ ਨੂੰ ਨਾਲ ਲੈ ਕੇ ਚਲਦੇ ਨੇ।” ਸਰਪੰਚ ਨੇ ਕਿਹਾ, “ਬਾਕੀਆਂ ਨੂੰ ਸੱਚ ਦੀ ਸਮਝ ਹੀ ਨਹੀ ਆਉਂਦੀ।”
“ਸਰਪੰਚ ਸਾਹਿਬ ਜਿਹਨਾਂ ਨੂੰ ਸਮਝ ਆਉਂਦੀ ਵੀ ਹੈ, ਉਹ ਵੀ ਕਈ ਸੱਚ ਦਾ ਸਾਥ ਦੇਣ ਤੋਂ ਡਰਦੇ ਨੇ। ਬੁੱਲ੍ਹਾ ਸ਼ਾਹ ਤਾਈਉਂ ਤਾਂ ਕਹਿੰਦਾ ਹੈ,
ਸੱਚ ਸੁਣਕੇ ਲੋਕ ਨਾ ਸਹਿੰਦੇ ਨੀ,
ਸੱਚ ਆਖੀਏ ਤਾਂ ਗਲ ਪੈਂਦੇ ਨੀ,
ਫਿਰ ਸੱਚੇ ਪਾਸ ਨਾ ਬਹਿੰਦੇ ਨੀ,
ਸੱਚ ਮਿੱਠਾ ਆਸ਼ਕ ਪਿਆਰੇ ਨੂੰ।
“ਵਾਹ ਪਈ ਵਾਹ, ਇਹ ਹੀ ਤਾਂ ਮੈਂ ਕਹਿੰਦਾ ਹਾਂ।” ਸਰਪੰਚ ਨੇ ਕਿਹਾ, “ਜਿਹੜੇ ਕੌਮ ਦੇ ਆਸ਼ਕ ਨੇ ਉਹਨਾਂ ਲਈ ਸੱਚ ਹਮੇਸ਼ਾ ਹੀ ਮਿੱਠਾ ਰਹਿਣਾ ਹੈ। ਦਿਲਪ੍ਰੀਤ ਵੀ ਉਹਨਾਂ ਵਿਚੋਂ ਇਕ ਸੀ।”
‘ਇਕ ਸੀ’ ਨੇ ਹਰਜਿੰਦਰ ਸਿੰਘ ਦੇ ਦਿਲ ਨੂੰ ਧੁੂਹ ਜਿਹੀ ਪਾਈ। ਉਸ ਨੇ ਇਕ ਦਮ ਕਿਹਾ, “ਉਹ ਹੁਣ ਵੀ ਹੈ, ਕਿਉਂਕਿ ਆਸ਼ਕ ਅਮਰ ਜਿੳਂਦੇੁਂ ਹੁੰਦੇ ਨੇ।”
ਹਰਜਿੰਦਰ ਸਿੰਘ ਨੇ ਇਹ ਗੱਲ ਅਨੌਖੇ ਢੰਗ ਨਾਲ ਕਹੀ ਸੀ। ਸਰਪੰਚ ਨੇ ਧਿਆਨ ਨਾਲ ਹਰਜਿੰਦਰ ਸਿੰਘ ਦੇ ਮੂੰਹ ਵੱਲ ਦੇਖਿਆ। ਥੋੜ੍ਹੀ ਦੇਰ ਲਈ ਇਕ ਮਿੰਟ ਦੀ ਚੁੱਪ ਦੋਹਾਂ ਵਿਚ ਪਸਰ ਗਈ। ਹਰਜਿੰਦਰ ਸਿੰਘ ਨੇ ਚੁੱਪ ਤੌੜਦਿਆਂ ਕਿਹਾ, “ਦੀਪੀ ਦੇ ਪਾਸਪੋਰਟ ਦੇ ਪੇਪਰਾਂ ਦੀ ਗੱਲ ਕਿਸੇ ਕੋਲ ਨਾ ਕਰਿਉ।”
“ਇਸ ਗੱਲ ਦੀ ਚਿੰਤਾ ਨਾ ਕਰਿਉ।” ਸਰਪੰਚ ਨੇ ਭਰੋਸਾ ਦਿੰਦੇ ਕਿਹਾ, “ਤੁਸੀ ਪਿੰਡ ਲਈ ਬਹੁਤ ਕੁਝ ਕੀਤਾ, ਪਿੰਡ ਕਦੇ ਵੀ ਤੁਹਾਡੇ ਬਣਦੇ ਕੰੰਮਾਂ ਵਿਚ ਬਿਘਨ ਨਹੀ ਪਾਵੇਗਾ।”
“ਉਹ ਤਾਂ ਗੱਲ ਠੀਕ ਹੈ।” ਹਰਜਿੰਦਰ ਸਿੰਘ ਨੇ ਮਸਕ੍ਰਾਉਂਦੇ ਹੋਏ ਪਿੰਡ ਦੇ ਟਾਊਟ ਲੰਬੜਦਾਰ ਵੱਲ ਇਸ਼ਾਰਾ ਕਰਦੇ ਕਿਹਾ, “ਕਣਕ ਦੇ ਵਿਚ ਹੀ ਕਾਂਗਹਾਰੀਆਂ ਹੁੰਦੀਆਂ ਨੇ।”
“ਕਾਂਗਹਾਰੀਆਂ ਤਾਂ ਸਪਰੇ ਦੇ ਇਕ ਛੜਕਾ ਨਾਲ ਮਰ ਜਾਂਦੀਆਂ ਨੇ।” ਸਰਪੰਚ ਨੇ ਹੱਸਦਿਆਂ ਕਿਹਾ, “ਅਖੀਰ ਪੁੱਛ ਕਣਕ ਦੀ ਹੀ ਹੁੰਦੀ ਹੈ।”
ਹਰਜਿੰਦਰ ਸਿੰਘ ਨੇ ਹੱਸਦੇ ਹੋਇਆਂ ਪਾਸਪਰੋਟ ਦੇ ਪੇਪਰ ਸਰਪੰਚ ਕੋਲੋ ਫੜ੍ਹ ਲਏ ਅਤੇ ਉਸ ਦਾ ਧੰਨਵਾਦ ਕਰਦਾ ਹੋਇਆਂ ਘਰ ਨੂੰ ਮੁੜ ਪਿਆ।
ਹੱਕ ਲਈ ਲੜਿਆ ਸੱਚ – (ਭਾਗ-82)
This entry was posted in ਹੱਕ ਲਈ ਲੜਿਆ ਸੱਚ.