ਬਲਾਚੌਰ, (ਉਮੇਸ਼ ਜੋਸ਼ੀ) : ਰਿਆਤ ਕਾਲਜ ਆਫ਼ ਲਾਅ, ਰੈਲ ਮਾਜਰਾ ਵਲੋਂ ਸਲਾਨਾ ਪੁਰਸਕਾਰ ਸਮਾਰੋਹ, ‘ਅਭਿਨੰਦਨ’ ਆਯੋਜਤ ਕੀਤਾ ਗਿਆ। ਇਹ ਸਮਾਰੋਹ ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਵਧੀਆ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ, ਕੰਵਲਜੀਤ ਸਿੰਘ ਬਾਜਵਾ, ਸ਼ਹੀਦ ਭਗਤ ਸਿੰਘ ਨਗਰ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਆਗਾਜ਼ ਕੰਵਲਜੀਤ ਸਿੰਘ ਬਾਜਵਾ ਵਲੋਂ ਸ਼ਮਾ ਰੌਸ਼ਨ ਕਰਕੇ ਕੀਤੀ। ਰਿਆਤ ਕਾਲਜ ਆਫ਼ ਲਾਅ ਦੀ ਪ੍ਰਿੰਸੀਪਲ ਡਾ: ਮੋਨਿਕਾ ਸ਼ਰਮਾ ਨੇ ਸਾਰਿਆਂ ਦਾ ਸਵਾਗਤ ਕੀਤਾ।
ਇਸ ਤੋਂ ਬਾਅਦ ਜ਼ਿਲ੍ਹਾ ਅਤੇ ਸੈਸ਼ਨ ਜੱਜ, ਕੰਵਲਜੀਤ ਸਿੰਘ ਬਾਜਵਾ ਨੇ ਵਿਦਿਆਰਥੀਆਂ ਨੂੰ ਪੁਰਸਕਾਰ ਦਿੱਤੇ, ਜਿਸ ਵਿੱਚ ਬੀ.ਏ.ਐੱਲ.ਬੀ (ਆਨਰਸ) ਤੀਸਰੇ ਸਮੈਸਟਰ ਦੀ ਵਿਦਿਆਰਥਣ ਖੁਸ਼ੀ ਜੈਨ, ਬੀ.ਕਾਮ ਐਲ.ਐਲ.ਬੀ (ਆਨਰਜ਼) ਤੀਸਰੇ ਸਮੈਸਟਰ ਦੀ ਵਿਦਿਆਰਥਣ ਰਾਜਦੀਪ ਕੌਰ, ਬੀ.ਕਾਮ ਐਲ.ਐਲ.ਬੀ (ਆਨਰਜ਼) 7ਵੇਂ ਸਮੈਸਟਰ ਦੀ ਸ਼ਵੇਤਾ ਅਗਰਵਾਲ, ਬੀ.ਕਾਮ ਐਲ.ਐਲ.ਬੀ (ਆਨਰਜ਼) 7ਵੇਂ ਸਮੈਸਟਰ ਦੇ ਹਿਮਾਂਸ਼ੂ ਬਾਂਸਲ ਕੋਮਲ, ਬੀ.ਏ. ਐਲ.ਐਲ.ਬੀ.(ਆਨਰਜ਼) 7ਵਾਂ ਸਮੈਸਟਰ, ਬੀ.ਏ.ਐਲ.ਐਲ.ਬੀ. ਦੀ ਹਿਆ ਪਾਰੁਲ ਸ਼ਰਮਾ ਅਤੇ ਬੀ.ਕਾਮ ਐਲਐਲਬੀ ਦੇ ਆਰੀਅਨ ਧਵਨ ਸ਼ਾਮਿਲ ਸਨ।
ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਜੀਵਨ ਵਿੱਚ ਹੋਰ ਸਖ਼ਤ ਮਿਹਨਤ ਕਰਨ ਅਤੇ ਕਾਨੂੰਨ ਦੇ ਖੇਤਰ ਵਿੱਚ ਉਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕਾਨੂੰਨ ਇੱਕ ਨੋਬਲ ਪੇਸ਼ਾ ਹੈ ਅਤੇ ਇੱਕ ਕਾਨੂੰਨ ਦੇ ਵਿਦਿਆਰਥੀ ਨੂੰ ਇਮਾਨਦਾਰੀ, ਅਤੇ ਇਕਸਾਰਤਾ ਨਾਲ ਦੇਸ਼ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਇਸ ਸਮਾਗਮ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ: ਮਹਿੰਦਰ ਸਿੰਘ, ਫੈਕਲਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ। ਅਖੀਰ ਵਿੱਚ ਡਾ: ਮਨੀਸ਼ ਕੁਮਾਰ, ਡੀਨ ਅਕਾਦਮਿਕ ਨੇ ਸਾਰਿਆਂ ਦਾ ਧੰਨਵਾਦ ਕੀਤਾ।