ਅੰਮ੍ਰਿਤਸਰ – ਪੰਥਕ ਰਾਜਨੀਤੀ ਵਿੱਚ ਨਵੀਂ ਸਫ਼ਬੰਦੀ ਹੁੰਦੀ ਨਜ਼ਰ ਆ ਰਹੀ ਹੈ। ਅੱਜ ਪੰਥਕ ਸਫ਼ਾਂ ਵਿੱਚ ਅਹਿਮ ਪਛਾਣ ਰੱਖਣ ਵਾਲੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਬਿੱਟੂ ਜੋ ਕਿ ਅਕਾਲੀ ਦਲ (ਮਾਨ) ਦੇ ਵੀ ਸੀਨੀਅਰ ਮੀਤ ਪ੍ਰਧਾਨ ਰਹਿ ਚੁੱਕੇ ਹਨ, ਵੱਲੋਂ ਸਾਥੀਆਂ ਨਾਲ ਪਿੰਡ ਜਲੂ ਪੁਰ ਖੇੜਾ ਪਹੁੰਚ ਕੇ ਅਸਾਮ ਦੇ ਦਿਬਰੂਗੜ ਜੇਲ੍ਹ ’ਚ ਬੰਦ ’ਵਾਰਿਸ ਪੰਜਾਬ ਦੇ’ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਪੰਥਕ ਵਿਚਾਰਾਂ ਕੀਤੀਆਂ। ਭਾਵੇਂ ਕਿ ਇਹ ਮਿਲਣੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ. ਬਿੱਟੂ ਅਤੇ ਉਨ੍ਹਾਂ ਦੀ ਪਤਨੀ ਬੀਬੀ ਅੰਮ੍ਰਿਤ ਕੌਰ ਵੱਲੋਂ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਖ਼ਬਰ ਸਾਰ ਲੈਣ ਲਈ ਸੀ। ਪਰ ਇਸ ਦੋ ਅਹਿਮ ਪੰਥਕ ਅਤੇ ਖਾੜਕੂ ਪਰਿਵਾਰਾਂ ਦੀ ਆਪਸੀ ਮੁਲਾਕਾਤ ਦੇ ਸਿਆਸੀ ਅਰਥ ਵੀ ਲਏ ਜਾ ਰਹੇ ਹਨ।
ਅੰਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਤੇ ਪਿਤਾ ਸ. ਤਰਸੇਮ ਸਿੰਘ ਨਾਲ ਮੁਲਾਕਾਤ ਕਰਨ ਵਾਲਿਆਂ ਵਿਚ ਦਲਜੀਤ ਸਿੰਘ ਬਿੱਟੂ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਚ ਪਿਆਰੇ ਸਿੰਘ ਭਾਈ ਸਤਨਾਮ ਸਿੰਘ ਖੰਡਾ ਅਤੇ ਫੈਡਰੇਸ਼ਨ ਪ੍ਰਧਾਨ ਪਰਮਜੀਤ ਸਿੰਘ ਗਾਜੀ ਵੀ ਮੌਜੂਦ ਸਨ। ਇਸ ਮੌਕੇ ਬੀਬੀ ਬਲਵਿੰਦਰ ਕੌਰ ਨੇ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨਾਲ ਮੁਲਾਕਾਤ ਲਈ ਉਨ੍ਹਾਂ ਨੂੰ ਬਹੁਤ ਜਦੋ ਜਹਿਦ ਕਰਨੀ ਪੈਂਦੀ ਹੈ। ਉਹ ਹਫ਼ਤੇ ਵਿਚ ਇਕ ਦਿਨ, ਉਹ ਵੀ 15 ਮਿੰਟ ਦੀ ਮੁਲਾਕਾਤ ਲਈ ਤਿੰਨ ਦਿਨ ਸਫ਼ਰ ਕਰਦਿਆਂ ਅਸਾਮ ਦੇ ਦਿਬਰੂਗੜ ਪਹੁੰਚ ਦੇ ਹਨ। ਉਨ੍ਹਾਂ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਚੜ੍ਹਦੀ ਕਲਾ ਵਿਚ ਹਨ ਅਤੇ ਪੰਥ ਤੇ ਪੰਜਾਬ ਦੇ ਚੰਗੇਰੇ ਭਵਿੱਖ ਲਈ ਆਸਵੰਦ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਗੁਰਮਤਿ ਸਿਧਾਂਤ ’ਤੇ ਪਹਿਰਾ ਦੇਣ ਦੀ ਅਪੀਲ ਕੀਤੀ ਹੈ। ਇਸ ਮੌਕੇ ਭਾਈ ਦਲਜੀਤ ਸਿੰਘ ਬਿੱਟੂ ਜੋ ਕਿ ਪੰਥਕ ਅੱਵਲ ਗਰੁੱਪ ਦੇ ਆਗੂ ਵੀ ਹਨ, ਨੇ ਕਿਹਾ ਕਿ 1984 ਤੋਂ ਬਾਅਦ ਖਾੜਕੂ ਸੰਘਰਸ਼ ਦੇ ਅਹਿਮ ਕਿਰਦਾਰਾਂ ਨੂੰ ਮਾਨਸਿਕ ਤੌਰ ’ਤੇ ਦਬਾਉਣ ਲਈ ਹਮੇਸ਼ਾਂ ਪੰਜਾਬ ਤੋਂ ਬਾਹਰ ਦੀਆਂ ਜੇਲ੍ਹਾਂ ਵਿਚ ਭੇਜਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਮਨ ਚੱਕਰ ਦੌਰਾਨ ਬਾਣੀ ਪੜ੍ਹਨ ਨਾਲ ਹੋਰ ਮਜ਼ਬੂਤ ਹੋ ਕੇ ਬੰਦਾ ਬਾਹਰ ਆਉਂਦਾ ਹੈ। ਉਨ੍ਹਾਂ ਪੰਥਕ ਸੰਘਰਸ਼ ਅਤੇ ਪੰਜਾਬ ਤੇ ਪੰਥ ਦੇ ਸਰੋਕਾਰਾਂ ਲਈ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਇਕੱਠੇ ਹੋਣ ਦਾ ਹੋਕਾ ਦਿੱਤਾ, ਅਤੇ ਪੰਚ ਪ੍ਰਧਾਨੀ ਸਿਸਟਮ ਲਾਗੂ ਕਰਨ ਬਾਰੇ ਕਿਹਾ ਤਾਂ ਕਿ ਸਰਕਾਰਾਂ ਇਕੱਲੇ ਇਕੱਲੇ ’ਤੇ ਦਮਨ ਚੱਕਰ ਨਾ ਚਲਾ ਸਕਣ । ਸ. ਬਿੱਟੂ ਨੇ ਕੌਮੀ ਸੰਘਰਸ਼ ਦੀ ਬੇਹਤਰ ਅਗਵਾਈ ਲਈ ਪੰਚ ਪ੍ਰਧਾਨੀ ਪ੍ਰਣਾਈ ਨੂੰ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਇਸ ਦੀ ਸਾਰਥਿਕਤਾ ’ਤੇ ਰੌਸ਼ਨੀ ਪਾਈ। ਉਨ੍ਹਾਂ ਆਪਣੇ ਸਿਆਸੀ ਤਜਰਬੇ ਦੀ ਸਾਂਝ ਪਾਉਂਦਿਆਂ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੂੰ ਅਜਨਾਲਾ ਅਤੇ ਅੰਮ੍ਰਿਤਸਰ ਬੀ ਡਿਵੀਜ਼ਨ ਥਾਣਾ ਸਮੇਤ ਬਾਘਾ ਪੁਰਾਣਾ ਥਾਣੇ ’ਚ ਦਰਜ ਕੇਸਾਂ ਵਿਚ ਵੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਪਵਾਉਣ ਦੀ ਸਲਾਹ ਦਿੱਤੀ, ਤਾਂ ਕਿ ਮੌਜੂਦਾ ਕੇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਸ਼੍ਰੋਮਣੀ ਕਮੇਟੀ ਚੋਣਾਂ, ਮੌਜੂਦਾ ਹਾਲਾਤ, ਪੰਜਾਬ ਅਤੇ ਸਿੱਖ ਸਿਆਸਤ ’ਤੇ ਵੀ ਵਿਚਾਰਾਂ ਕੀਤੀਆਂ ਗਈਆਂ।
ਤਸਵੀਰਾਂ ਨਾਲ ਹਨ।