ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਮੈਂ ਪੰਜਵੀਂ ਜਮਾਤ ਵਿਚ ਪੜ੍ਹਦਾ ਹੁੰਦਾ ਸੀ[ਇਸ ਜਮਾਤ ਵਿੱਚ ਚੌਥੀ ਪਾਸ ਕਰਕੇ ਆਏ ਸਾਰੇ ਵਿਦਿਆਰਥੀ ਸਨ[ਸ਼ਹਿਰ ਵਾਲੇ ਆਰੀਆ (ਆਰ ਕੇ) ਸਕੂਲ ਤੋਂ ਚੌਥੀ ਪਾਸ ਕਰਨ ਵਾਲੇ ਵਿਦਿਆਰਥੀ ਵੀ ਇਧਰ ਹੀ ਆ ਗਏ ਸਨ ਅਤੇ ਦੂਜੇ ਸੈਕਸ਼ਨ ਵਿੱਚ ਸਨ[ਸਾਡੇ ਸੈਕਸ਼ਨ ਦੇ ਅਧਿਆਪਕ ਸ਼੍ਰੀ ਗੁਲਸ਼ਨ ਰਾਏ ਜੀ ਚੰਗੇ ਸੁਭਾਅ ਦੇ ਮਾਲਕ ਸਨ[ਹੁਣ ਇਸ ਸੰਸਾਰ ‘ਚੋਂ ਰੁਖਸਤ ਕਰ ਗਏ ਹਨ[ ਮੈਂ ਪੜ੍ਹਾਈ ਵਿੱਚ ਹੁਸ਼ਿਆਰ ਸੀ ਇਸ ਲਈ ਮੇਰੇ ਕਿਸੇ ਵੀ ਅਧਿਆਪਕ ਤੋ ਛਿੱਤਰ ਪੋਲਾ ਘਟ ਹੀ ਹੁੰਦਾ ਸੀ[
ਪਰ ਪੰਜਵੀਂ ਜਮਾਤ ਵਿੱਚ ਆ ਕੇ ਸਾਰੇ ਵਿਦਿਆਰਥੀਆਂ ਨੂੰ ਹੀ ਇੱਕ ਨਵਾਂ ਜਿਹਾ ਡਰ ਸਤਾਉਣ ਲੱਗ ਪਿਆ ਸੀ[ਡਰ ਸੀ ਛੇਵੀਂ ਜਮਾਤ ਵਿੱਚ ਪੜ੍ਹਾਉਣ ਵਾਲੇ ਮਾਸਟਰ ਜੀ ਦਾ[ਉਹਨਾਂ ਸਮਿਆਂ ਵਿੱਚ ਛੇਵੀਂ ਜਮਾਤ ਨੂੰ ਮਾਸਟਰ ਪਵਨ ਕੁਮਾਰ ਜੀ ਪੜ੍ਹਾਇਆ ਕਰਦੇ ਸਨ[ਬੱਚਿਆਂ ਨੇ ਸੱਤ-ਅੱਠ ਮਹੀਨੇ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਦੇਖੀਓ ਛੇਵੀਂ ਚ ਪਟਾਕੇ ਪੈਂਦੇ[ ਮਾਸਟਰ ਜੀ ਦਾ ਡਰ ਵਾਹਵਾ ਹੁੰਦਾ ਸੀ[ ਵੱਡੇ ਵਿਦਿਆਰਥੀ ਦੱਸਦੇ ਹੁੰਦੇ ਸਨ ਕਿ ਮਾਸਟਰ ਜੀ ਉਂਗਲਾਂ ਵਿਚ ਪੈਨਸਿਲ ਫਸਾ ਕੇ ਡੰਡੇ ਮਾਰਦੇ ਹੁੰਦੇ ਸਨ[ ਮਾਸਟਰ ਜੀ ਦੀਆਂ ਨਿੱਤ ਨਵੀਆਂ ਗੱਲਾਂ ਸੁਣਦੇ ਅਤੇ ਡਰਦੇ-ਡਰਾਂਦੇ ਆਖਿਰ ਅਸੀਂ ਪੰਜਵੀ ਜਮਾਤ ਪਾਸ ਕਰਕੇ ਛੇਵੀ ਵਿੱਚ ਹੋ ਗਏ[ ਮਾਸਟਰ ਜੀ ਅਕਸਰ ਛੇਵੀਂ ਜਮਾਤ ਦੇ ਹੀ ਇੰਚਾਰਜ ਹੁੰਦੇ ਸਨ ਤੇ ਰੱਬ ਸਬੱਬੀ ਮੈਨੂੰ ਵੀ ਉਹਨਾਂ ਵਾਲੇ ਸੈਕਸ਼ਨ ਵਿੱਚ ਹੀ ਕਰ ਦਿੱਤਾ ਗਿਆ। ਹੁਣ ਜਦੋਂ ਇੱਕ ਨਵਾਂ ਸੈਕਸ਼ਨ ਬਣਾਉਣਾ ਸੀ ਤਾਂ ਮੈਂ ਮਾਸਟਰ ਜੀ ਦੇ ਨਾਂਅ ਤੋਂ ਡਰਦਾ ਹੋਇਆ ਸੀ ਸੈਕਸ਼ਨ ਵਿਚ ਸ਼ਿਫਟ ਹੋ ਗਿਆ[ਓਥੇ ਵੀ ਮਾਸਟਰ ਜੀ ਹਿੰਦੀ ਪੜ੍ਹਾਉਣ ਲੱਗ ਗਏ[ ਮਾਸਟਰ ਜੀ ਦਾ ਡਰ ਜਿਉਂ ਦਾ ਤਿਉਂ ਬਣਿਆ ਰਿਹਾ[ ਉਹ ਲਿਖਣ ਲਈ ਰੋਜ਼ ਕੰਮ ਦਿਆ ਕਰਦੇ ਸਨ[ਕੰਮ ਤਾਂ ਮੈਂ ਅਮੂਮਨ ਕਰ ਹੀ ਲੈਂਦਾ ਸੀ ਪਰ ਇੱਕ ਦਿਨ ਕਿਸੇ ਕਾਰਨ ਮੇਰੇ ਤੋਂ ਕੰਮ ਨਾ ਕਰ ਹੋਇਆ[ ਉਹਨਾਂ ਨੇ ਮੈਨੂੰ ਕੁੱਟਿਆ ਤਾਂ ਨਹੀਂ ਪਰ ਮੈਨੂੰ ਲਿਖਣ ਲਈ ਫੱਟੀ ਲਗਾ ਦਿੱਤੀ ਤੇ ਹਿਦਾਇਤ ਕਰ ਦਿੱਤੀ ਕਿ ਮੈਂ ਰੋਜ਼ ਘਰੋਂ ਫੱਟੀ ਲਿਖ ਕੇ ਲਿਆਉਣੀ ਹੈ ਅਤੇ ਚੈੱਕ ਕਰਵਾਉਣੀ ਹੈ। ਉਹਨਾਂ ਸਮਿਆਂ ਵਿੱਚ ਫੱਟੀ ਪੰਜਵੀਂ ਜਮਾਤ ਤੱਕ ਹੀ ਲੱਗਦੀ ਸੀ[ ਜੇ ਕਿਸੇ ਨੂੰ ਛੇਵੀਂ ਜਮਾਤ ਵਿੱਚ ਫੱਟੀ ਲਗਾ ਦਿੱਤੀ ਜਾਂਦੀ ਤਾਂ ਇਹ ਬੇਇੱਜ਼ਤੀ ਵਾਲੀ ਗੱਲ ਸਮਝੀ ਜਾਂਦੀ ਸੀ[ ਖੈਰ ਕਰ ਕੀ ਸਕਦੇ ਸੀ [ਫੱਟੀ ਲਿਖ ਕੇ ਲਿਆਉਣ ਲੱਗੇ ਲਿਖਾਰੀ ਤਾਂ ਪਹਿਲਾਂ ਹੀ ਚੰਗੀ ਸੀ ਹੁਣ ਹੋਰ ਵੀ ਸੋਹਣੀ ਹੋਣ ਲੱਗ ਗਈ[
ਜਿਥੇ ਮਾਸਟਰ ਜੀ ਦਾ ਡਰ ਸੀ ਉਥੇ ਮਾਸਟਰ ਜੀ ਵਿੱਚ ਗੁਣ ਵੀ ਸਨ[ਜਿਹੜੇ ਉਹਨਾਂ ਨੂੰ ਬਾਕੀਆਂ ਨਾਲੋਂ ਵੱਖਰਾ ਬਣਾਉਂਦੇ ਸਨ[ ਉਹ ਦਿਨ ਢਲੇ ਰਾਤ ਦੀ ਸ਼ੁਰੂਆਤ ਵਿੱਚ ਬੱਚਿਆਂ ਦੇ ਘਰਾਂ ਵਿੱਚ ਸਾਇਕਲ ਤੇ ਆ ਕੇ ਛਾਪਾ ਮਾਰਦੇ ਸਨ ਅਤੇ ਚੈੱਕ ਕਰਦੇ ਸਨ ਕਿ ਬੱਚਾ ਪੜ੍ਹ ਰਿਹਾ ਹੈ ਨਹੀਂ? ਜੇ ਬੱਚਾ ਪੜ੍ਹ ਰਿਹਾ ਹੁੰਦਾ ਤਾਂ ਅਗਲੇ ਦਿਨ ਜਮਾਤ ਵਿੱਚ ਸਾਰੇ ਸ਼ਾਗਿਰਦਾਂ ਦੇ ਸਾਹਮਣੇ ਉਸ ਦੀ ਹੌਸਲਾ-ਅਫਜ਼ਾਈ ਵੀ ਕਰਦੇ ਸਨ[ ਉਸ ਨੂੰ ਇਨਾਮ ਵੀ ਦਿੰਦੇ ਸਨ[ ਪਰ ਜੇ ਬੱਚਾ ਖੇਡਦਾ ਜਾਂ ਟੀ ਵੀ ਦੇਖਦਾ ਮਿਲ ਜਾਂਦਾ ਤਾਂ ਉਸ ਦੀ ਉਸ ਦੇ ਮਾਪਿਆਂ ਸਾਹਮਣੇ ਹੀ ਭੁਗਤ ਸਵਾਰੀ ਕਰ ਦਿੰਦੇ ਸਨ। ਮਾਪੇ ਵੀ ਅਜਿਹੀ ਸਥਿਤੀ ਨੂੰ ਖਿੜੇ ਮੱਥੇ ਸਵੀਕਾਰ ਕਰ ਲੈਂਦੇ ਹਨ[ ਸਿਰਫ ਸਵੀਕਾਰ ਹੀ ਨਹੀਂ ਕਰਦੇ ਹਨ ਸਗੋਂ ਇੱਕ ਦੋ ਆਪ ਵੀ ਟਿਕਾ ਦਿੰਦੇ ਸਨ[
ਪਰ ਅੱਜ ਹਾਲਾਤ ਬਦਲ ਗਏ ਹਨ[ ਆਰ ਟੀ ਈ ਦੇ ਨਾਮ ਤੇ ਵੱਡਾ ਦੈਤ ਲਿਆ ਖੜਾ ਕੀਤਾ ਗਿਆ ਹੈ[ਬੱਚਿਆਂ ਨੂੰ ਮਾਨਸਿਕ ਤੇ ਸ਼ਰੀਰਕ ਸਜ਼ਾ ਸਜ਼ਾਯੋਗ ਹੋ ਗਈ ਹੈ[ ਜਿਸ ਨੇ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਅਤੇ ਅਧਿਆਪਕਾਂ ਨੂੰ ਪੜ੍ਹਾਉਣ ਪ੍ਰਤੀ ਅਵੇਸਲਾ ਕਰ ਦਿੱਤਾ ਹੈ[ਨਾ ਫੇਲ ਕਰਨ ਦੀ ਨੀਤੀ ਨੇ ਇਸ ਨੂੰ ਹੋਰ ਹੱਲਾਸ਼ੇਰੀ ਦਿੱਤੀ ਹੈ। ਬੱਚਿਆਂ ਵਿੱਚ ਇਸ ਨੇ ਡਰ ਭੋਂ ਹੀ ਖਤਮ ਕਰ ਦਿੱਤਾ ਹੈ[ ਇਹ ਇੱਕ ਅਜਿਹਾ ਡਰ ਸੀ ਜਿਹੜਾ ਬੱਚਿਆਂ ਨੂੰ ਪੜ੍ਹਨ ਲਈ ਮਜ਼ਬੂਰ ਕਰਦਾ ਸੀ[ ਅਧਿਆਪਕਾਂ ਵੱਲੋਂ ਦਿੱਤੀ ਜਾਂਦੀ ਪਿਆਰ ਭਰੀ ਸਜ਼ਾ ਅਤੇ ਝਿੜਕ ਵੱਧ ਨੰਬਰ ਲੈਣ ਵਿੱਚ ਸਹਾਈ ਹੁੰਦੀ ਸੀ[ ਪਰ ਪੱਛਮ ਦੀ ਤਰਜ਼ ਤੇ ਬੱਚਿਆਂ ਨੂੰ ਕੁਝ ਨਾ ਕਹਿਣ ਦੀ ਜੋ ਪੰਜਾਲੀ ਪਈ ਹੈ ਉਹ ਵਿਦਿਆਰਥੀ ਜੀਵਨ ਲਈ ਬਿਲਕੁਲ ਵੀ ਲਾਹੇਵੰਦ ਨਹੀਂ ਜਾਪਦੀ ਹੈ।
ਕਿਹਾ ਜਾਂਦਾ ਹੈ ਕਿ ਬੱਚੇ ਨੂੰ ਆਪਣੇ ਹਿਸਾਬ ਨਾਲ ਪੜ੍ਹਨ ਦਿੱਤਾ ਜਾਣਾ ਚਾਹੀਦਾ ਹੈ[ ਇਹ ਚੰਗੀ ਗੱਲ ਤਾਂ ਹੈ ਪਰ ਸਾਰੇ ਬੱਚਿਆਂ ਲਈ ਇਹ ਨਾ ਤਾਂ ਚੰਗੀ ਹੋ ਸਕਦੀ ਹੈ ਤੇ ਨਾ ਹੀ ਉਨ੍ਹਾਂ ਤੇ ਲਾਗੂ ਹੋ ਸਕਦੀ ਹੈ[ ਬੱਚਿਆਂ ਦਾ ਮਨ ਚੰਚਲ ਤੇ ਸ਼ਰਾਰਤੀ ਹੁੰਦਾ ਹੈ। ਉਨ੍ਹਾਂ ਵਿੱਚ ਆਪਣੇ ਆਪ ਕੁਝ ਕਰਨ ਅਤੇ ਬਨਣ ਦੀ ਸੋਝੀ ਘੱਟ ਹੁੰਦੀ ਹੈ[ਇਸ ਵਿੱਚ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ[ ਅਧਿਆਪਕਾਂ ਦਾ ਪਿਆਰ ਉਹਨਾਂ ਦਾ ਡਰ ਹੀ ਵਿਦਿਆਰਥੀ ਨੂੰ ਅਜਿਹਾ ਕੁਝ ਕਰਨ ਲਈ ਪ੍ਰੇਰਿਤ ਅਤੇ ਮਜਬੂਰ ਕਰਦਾ ਹੈ[ ਚਾਹੇ ਅੱਜ ਅਜਿਹੇ ਕਾਨੂੰਨ ਬਣ ਗਏ ਹਨ ਜਿਹੜੇ ਬੱਚੇ ਨੂੰ ਸਜ਼ਾ ਦੇਣ ਤੋਂ ਰੋਕਦੇ ਹਨ ਪਰ ਫਿਰ ਵੀ ਅਧਿਆਪਕਾਂ ਨੂੰ ਪਵਨ ਕੁਮਾਰ ਜੀ ਵਰਗਾ ਹੋਣਾ ਚਾਹੀਦਾ ਹੈ[ ਉਨ੍ਹਾਂ ਵਰਗਾ ਪੂਰਾ ਨਾ ਸਹੀ ਕੁਝ ਨਾ ਕੁਝ ਉਨ੍ਹਾਂ ਵਾਂਗ ਕਰਕੇ ਬੱਚੇ ਨੂੰ ਸੁਧਾਰਨਾ ਅਤੇ ਉਸ ਨੂੰ ਸੇਧ ਦੇਣੀ ਚਾਹੀਦੀ ਹੈ[ਕਰਮ ਕਰਦੇ ਰਹਿਣਾ ਚਾਹੀਦਾ ਹੈ[
ਵਿਦਿਆਰਥੀ ਤਾਂ ਗਲਤੀਆਂ ਦਾ ਪੁਤਲਾ ਹੈ। ਗਲਤੀਆਂ ਤੇ ਗਲਤੀਆਂ ਕਰਦਾ ਰਹਿੰਦਾ ਹੈ। ਅਧਿਆਪਕ ਦਾ ਕੰਮ ਪੜ੍ਹਾਉਣਾ ਹੈ। ਉਸ ਦਾ ਕਾਰਜ ਜਮਾਤ ‘ਚ ਸਿਲੇਬਸ ਕਰਵਾਉਣਾ ਹੈ ਪਰ ਜੇ ਅਧਿਆਪਕ ਸਿਲੇਬਸ ਤੋਂ ਬਾਹਰ ਅਤੇ ਜਮਾਤੀ ਕ੍ਰਿਆਵਾਂ ਤੋਂ ਬਾਅਦ ਵੀ ਆਪਣੇ ਵਿਦਿਆਰਥੀਆਂ ਨੂੰ ਸਹੀ ਮਾਰਗਦਰਸ਼ਨ ਦਿੰਦਾ ਰਹਿੰਦਾ ਹੈ ਅਤੇ ਉਸ ਵੱਲੋਂ ਕੀਤੀਆਂ ਜਾਂਦੀਆਂ ਗਲਤੀਆਂ ਨੂੰ ਸੁਧਾਰਦਾ ਰਹਿੰਦਾ ਹੈ ਤਾਂ ਉਹ ਆਪਣੇ ਅਧਿਆਪਕ ਹੋਣ ਦਾ ਅਸਲ ਫਰਜ਼ ਪੂਰਾ ਕਰਦਾ ਹੈ। ਉਹ ਅਸਲ ‘ਚ ਆਪਣੇ ਸੇਵਾਕਾਲ ‘ਚ ਅਤੇ ਸੇਵਾਕਾਲ ਤੋਂ ਬਾਅਦ ਵੀ ਕਾਰਜਸ਼ੀਲ ਰਹਿੰਦਾ ਹੈ। ਸ਼੍ਰੀ ਪਵਨ ਕੁਮਾਰ ਜੀ ਵਾਂਗ ਬਹੁਤ ਸਾਰੇ ਅਜਿਹੇ ਅਧਿਆਪਕ ਹੋਣਗੇ ਜੋ ਅਧਿਆਪਕ ਦੀ ਅਸਲ ਪ੍ਰੀਭਾਸ਼ਾ ‘ਚ ਸਹੀ ਬੈਠਦੇ ਹਨ। ਮੈਂ ਉਨ੍ਹਾਂ ਸਾਰੇ ਅਧਿਆਪਕਾਂ ਨੂੰ ਸਲਾਮ ਕਰਦਾ ਹੈ ਅਤੇ ਬਾਕੀ ਅਧਿਆਪਕਾਂ ਵੱਲੋਂ ਵੀ ਅਜਿਹੀ ਫਰਜ਼ ਪੂਰਤੀ ਦੀ ਕਾਮਨਾ ਕਰਦਾ ਹਾਂ।