ਅੰਮ੍ਰਿਤਸਰ – ਬੱਚਿਆਂ ਅਤੇ ਨੌਜੁਆਨਾਂ ਅੰਦਰ ਸਿੱਖ ਧਰਮ ਇਤਿਹਾਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਗੁਰੂ ਨਾਨਕ ਸੇਵਾ ਚੈਰੀਟੇਬਲ ਟਰੱਸਟ ਅਤੇ ਗੁਰੂ ਨਾਨਕ ਇੰਟਰਨੈਸ਼ਨਲ ਕੀਰਤਨ ਕਾਊਂਸਲ ਜੰਮੂ ਕਸ਼ਮੀਰ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਜੰਮੂ ਕਸ਼ਮੀਰ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਬੀਤੇ ਸਮੇਂ ਕਰਵਾਏ ਗਏ ਧਾਰਮਿਕ ਮੁਕਾਬਲੇ ‘ਕੌਣ ਬਣੇਗਾ ਗੁਰਸਿੱਖ ਪਿਆਰਾ’ ਵਿਚ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਨਮਾਨਿਤ ਕੀਤਾ। ਇਹ ਮੁਕਾਬਲੇ ਭਾਰਤ ਦੇ 8 ਸੂਬਿਆਂ ਸਮੇਤ ਯੂਕੇ ਵਿਚ ਕਰਵਾਏ ਗਏ ਸਨ, ਜਿਸ ਵਿਚ ਲਗਭਗ 70 ਹਜ਼ਾਰ ਬੱਚਿਆਂ ਨੇ ਭਾਗ ਲਿਆ ਸੀ। ਮੁਕਾਬਲਿਆਂ ਦੌਰਾਨ ਬਿਹਤਰ ਕਾਰਗੁਜ਼ਾਰੀ ਵਾਲੇ 50 ਬੱਚੇ ਚੁਣੇ ਗਏ ਸਨ, ਜਿਨ੍ਹਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਦੌਰਾਨ ਯੂਕੇ ਵਿਚ ਹੋਏ ਮੁਕਾਬਲੇ ਦੀਆਂ 2 ਜੇਤੂ ਲੜਕੀਆਂ ਗੁਰਸਿਮਰ ਕੌਰ ਅਤੇ ਮਹਿਕਪ੍ਰੀਤ ਕੌਰ ਵੀ ਸ਼ਾਮਲ ਹੋਈਆਂ, ਜਿਨ੍ਹਾਂ ਦੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਹੌਂਸਲਾ ਅਫਜਾਈ ਕੀਤੀ। ਇਸੇ ਦੌਰਾਨ ਭਾਰਤ ਦੇ 8 ਰਾਜਾਂ ਦੇ ਅੱਵਲ ਆਏ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸਨਮਾਨ ਦਿੱਤੇ ਗਏ। ਸਨਮਾਨਿਤ ਰਾਸ਼ੀ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਅੱਵਲ ਬੱਚਿਆਂ ਦੀਆਂ ਫੀਸਾਂ ਲਈ 10 ਲੱਖ ਰੁਪਏ ਦਾ ਸਹਿਯੋਗ ਕੀਤਾ ਗਿਆ ਹੈ।
ਸਨਮਾਨ ਮੌਕੇ ਗੱਲ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਧਰਮ ਦੇ ਇਤਿਹਾਸ ਨਾਲ ਜੋੜਨ ਲਈ ਅਜਿਹੇ ਉਪਰਾਲੇ ਸ਼ਾਲਘਾਯੋਗ ਹਨ। ਉਨ੍ਹਾਂ ਆਖਿਆ ਕਿ ਬੱਚੇ ਕੌਮ ਦਾ ਭਵਿੱਖ ਹੁੰਦੇ ਹਨ, ਜਿਨ੍ਹਾਂ ਦੇ ਅਗਲੇਰੇ ਸਮਿਆਂ ਅੰਦਰ ਕੌਮ ਅਗਵਾਈ ਕਰਨੀ ਹੁੰਦੀ ਹੈ। ਇਸ ਲਈ ਕੌਮ ਦੇ ਬਿਹਤਰ ਭਵਿੱਖ ਵਾਸਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਬੇਹੱਦ ਲਾਜ਼ਮੀ ਹੈ। ਉਨ੍ਹਾਂ ‘ਕੌਣ ਬਣੇਗਾ ਗੁਰਸਿੱਖ ਪਿਆਰਾ’ ਦੇ ਪ੍ਰਬੰਧਕਾਂ ਨੂੰ ਕੌਮੀ ਕਾਰਜ ਕਰਨ ਵਾਸਤੇ ਵਧਾਈ ਦਿੱਤੀ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨੂੰ ਵੀ ਸਲਾਹਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਤੇ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਕਿਹਾ ਕਿ ਸਿੱਖੀ ਪ੍ਰਚਾਰ ਲਈ ਯਤਨ ਕਰਨ ਵਾਲੀ ਹਰ ਸਿੱਖ ਸੰਸਥਾ ਅਤੇ ਗੁਰਦੁਆਰਾ ਕਮੇਟੀ ਦਾ ਸ਼੍ਰੋਮਣੀ ਕਮੇਟੀ ਸਹਿਯੋਗ ਕਰਦੀ ਹੈ ਅਤੇ ਇਸ ਦਿਸ਼ਾ ਵਿਚ ‘ਕੌਣ ਬਣੇਗਾ ਗੁਰਸਿੱਖ ਪਿਆਰਾ’ ਪ੍ਰੋਗਰਾਮ ਇਕ ਚੰਗੀ ਪਹਿਲ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰੋਗਰਾਮ ਦੇ ਪ੍ਰਬੰਧਕਾਂ ਦੇ ਕਾਰਜ ਦੀ ਸ਼ਲਾਘਾ ਕੀਤੀ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਸੁਖਵਰਸ਼ ਸਿੰਘ ਪੰਨੂ, ਸਿੱਖ ਆਗੂ ਸ. ਨਰਿੰਦਰ ਸਿੰਘ ਬਾੜਾ, ਮਹੰਤ ਮਨਜੀਤ ਸਿੰਘ ਜੰਮੂ ਕਸ਼ਮੀਰ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਇੰਚਾਰਜ ਸ. ਅਜੀਤ ਸਿੰਘ, ਮੁਕਾਬਲੇ ਦੇ ਪ੍ਰਬੰਧਕ ਰਾਗੀ ਭਾਈ ਜਗਤਾਰ ਸਿੰਘ ਜੰਮੂ, ਸ. ਨਰਿੰਦਰ ਸਿੰਘ ਖਾਲਸਾ ਜੰਮੂ ਕਸ਼ਮੀਰ, ਸ. ਰਣਜੀਤ ਸਿੰਘ ਜੰਮੂ, ਸ. ਰਵਿੰਦਰ ਸਿੰਘ, ਸ. ਅਮਰੀਕ ਸਿੰਘ, ਸ. ਰੰਗੀਲ ਸਿੰਘ, ਸ. ਚਰਨਜੀਤ ਸਿੰਘ ਸੋਢੀ, ਸਿੱਖ ਮਿਸ਼ਨ ਜੰਮੂ ਕਸ਼ਮੀਰ ਦੇ ਇੰਚਾਰਜ ਭਾਈ ਹਰਭਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।