ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਵਿੱਚ ਜੀ-20 ਸੰਮੇਲਨ ਤੋਂ ਪਹਿਲਾਂ 5 ਤੋਂ ਵੱਧ ਮੈਟਰੋ ਸਟੇਸ਼ਨਾਂ ‘ਤੇ ‘ਦਿੱਲੀ ਬਣੇਗਾ ਖਾਲਿਸਤਾਨ’ ਅਤੇ ‘ਖਾਲਿਸਤਾਨ ਜ਼ਿੰਦਾਬਾਦ’ ਲਿਖਿਆ ਗਿਆ ਹੈ। ਦਿੱਲੀ ਪੁਲਿਸ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਜੀ-20 ਸੰਮੇਲਨ ਤੋਂ ਪਹਿਲਾਂ ਸਿੱਖਸ ਫਾਰ ਜਸਟਿਸ (ਐਸਐਫਜੇ) ਨੇ ਦਿੱਲੀ ਮੈਟਰੋ ਸਟੇਸ਼ਨਾਂ ਦੀ ਫੁਟੇਜ ਜਾਰੀ ਕੀਤੀ ਹੈ। ਇਨ੍ਹਾਂ ਵਿੱਚ ਖਾਲਿਸਤਾਨ ਪੱਖੀ ਨਾਅਰੇ ਲਿਖੇ ਹੋਏ ਹਨ। ਐਸਐਫਜੇ ਕਾਰਕੁਨਾਂ ਨੂੰ ਦਿੱਲੀ ਦੇ ਸ਼ਿਵਾਜੀ ਪਾਰਕ ਤੋਂ ਪੰਜਾਬੀ ਬਾਗ ਤੱਕ ਕਈ ਮੈਟਰੋ ਸਟੇਸ਼ਨਾਂ ‘ਤੇ ਖਾਲਿਸਤਾਨ ਪੱਖੀ ਨਾਅਰੇ ਲਿਖਦੇ ਦੇਖਿਆ ਗਿਆ। ਦਿੱਲੀ ਪੁਲਿਸ ਨੇ ਇਨ੍ਹਾਂ ਨਾਅਰਿਆਂ ਨੂੰ ਮਿਟਾਉਣਾ ਸ਼ੁਰੂ ਕਰ ਦਿੱਤਾ ਹੈ।
ਦਿੱਲੀ ਦੇ ਪੰਜਾਬੀ ਬਾਗ, ਸ਼ਿਵਾਜੀ ਪਾਰਕ, ਮਾਦੀਪੁਰ, ਪੱਛਮ ਵਿਹਾਰ, ਉਦਯੋਗ ਨਗਰ ਅਤੇ ਮਹਾਰਾਜਾ ਸੂਰਜਮਲ ਸਟੇਡੀਅਮ ਸਮੇਤ ਪੱਛਮ ਦੇ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ ‘ਤੇ ‘ਦਿੱਲੀ ਬਨੇਗਾ ਖਾਲਿਸਤਾਨ’ ਅਤੇ ‘ਖਾਲਿਸਤਾਨ ਰੈਫਰੈਂਡਮ ਜ਼ਿੰਦਾਬਾਦ’ ਵਰਗੇ ਨਾਅਰੇ ਕਾਲੇ ਰੰਗ ‘ਚ ਲਿਖੇ ਹੋਏ ਪਾਏ ਗਏ ਹਨ । ਇਸੇ ਤਰ੍ਹਾਂ ਨਾਂਗਲੋਈ ਇਲਾਕੇ ਦੇ ਸਰਕਾਰੀ ਸਰਵੋਦਿਆ ਬਾਲ ਵਿਦਿਆਲਿਆ ਦੀ ਕੰਧ ‘ਤੇ ਵੀ ਭਾਰਤ ਵਿਰੋਧੀ ਨਾਅਰੇ ਲਿਖੇ ਹੋਏ ਪਾਏ ਗਏ ਹਨ । ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਹੁਣ ਇਸ ਮਾਮਲੇ ਵਿਚ ਸਰਗਰਮ ਹੈ ਅਤੇ ਉਸਦੇ ਕਾਰਕੁਨ੍ਹਾਂ ਨੂੰ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਕੀਤਾ ਗਿਆ ਹੈ। ਡੀਸੀਪੀ (ਮੈਟਰੋ) ਅਨੁਸਾਰ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ ‘ਤੇ ਲਿਖੇ ਸਾਰੇ ਸਲੋਗਨ ਹਟਾ ਦਿੱਤੇ ਗਏ ਹਨ।