ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਗੁਰਦੁਆਰਾ ਕਮੇਟੀ ਵਿਚ ਲਗਾਤਾਰ ਵੱਧ ਰਹੇ ਘਾਟੇ ਨੂੰ ਦੇਖਦਿਆਂ ਵਿਰੋਧੀ ਧਿਰ ਕਮੇਟੀ ਤੇ ਨਿਸ਼ਾਨੇ ਵਿੰਗ ਰਹੀ ਹੈ । ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਪ੍ਰਧਾਨ ਸ੍ਰ.ਰਮਨਦੀਪ ਸਿੰਘ (ਸੋਨੂੰ ਫੁੱਲ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਗ ਕੀਤੀ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਸੁਪਰ ਬੌਸ ਮਨਜਿੰਦਰ ਸਿੰਘ ਸਿਰਸਾ ਦੇ ਵਕਤ ਦਿੱਲੀ ਕਮੇਟੀ ਵਲੋਂ ਡੀਲੋਇਟ ਕੰਪਨੀ ਤੋਂ ਅਕਾਊਂਟਸ ਦੇ ਕਰਵਾਏ ਗਏ ਆਡਿਟ ਦੇ ਵੇਰਵੇਆਂ ਨੂੰ ਸੰਗਤਾਂ ਲਈ ਜਨਤਕ ਕੀਤਾ ਜਾਣਾ ਚਾਹੀਦਾ ਹੈ । ਉਹਨਾਂ ਕਿਹਾ ਕਿ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਡੀਲੋਇਟ ਕੰਪਨੀ ਪਾਸੋਂ 2019-20 ‘ਚ ਕਮੇਟੀ ਦੇ ਅਕਾਊਂਟਸ ਦੇ ਕਰਵਾਏ ਆਡਿਟ ਨੂੰ ਸੰਗਤਾਂ ਨੂੰ ਦੇਣ, ਜਿਸ ਨਾਲ ਪਤਾ ਲੱਗ ਸਕੇ ਕਿ ਕਮੇਟੀ ਦੀ ਇਨਕਮ ਕਿੰਨੀ ਹੈ ਤੇ ਹਰ ਮਹੀਨੇ ਘਾਟਾ ਕਿੱਥੇ ਤੇ ਕਿੰਨ੍ਹਾਂ ਪੈ ਰਿਹਾ ਹੈ ਜਿਸ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾ ਸਕੇ ।
ਸ੍ਰ. ਸੋਨੂੰ ਫੁਲ ਨੇ ਕਿਹਾ ਕਿ 2024 ਦੀਆਂ ਐਗਜ਼ੈਕਟਿਵ ਚੋਣਾਂ ਜਨਵਰੀ ਵਿਚ ਹੋਣ ਵਾਲੀਆ ਹਨ ਤੇ ਕਿਆਸਾਂ ਲੱਗ ਰਹੀਆਂ ਹਨ ਕਿ ਇਹ ਕੁਝ ਸਮਾਂ ਪਹਿਲਾਂ ਵੀਂ ਹੋ ਸਕਦੀਆਂ ਹਨ, ਉਸ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਫੰਡਾਂ ਦੇ ਹਿਸਾਬ ਦਾ ਪੁਰਾਣਾ ਆਡਿਟ ਸੰਗਤਾਂ ਨੂੰ ਦੇਣਾ ਚਾਹੀਦਾ ਹੈ, ਸੰਗਤਾਂ ਦੀ ਕਰੋੜਾਂ ਦੀ ਭੇਟਾ ਮਿਲਣ ਉਪ੍ਰੰਤ ਵੀ ਕਮੇਟੀ ਘਾਟੇ ਵਿਚ ਕਿਉਂ ਹੈ, ਜੀਐਚਪੀਐਸ ਸਕੂਲਾਂ ਦੇ ਸਟਾਫ ਨੂੰ ਏਰੀਅਰ ਕਿਉਂ ਨਹੀਂ ਦਿਤਾ ਜਾ ਸਕਦਾ, ਬਾਲਾ ਸਾਹਿਬ ਹਸਪਤਾਲ ਵਿਖੇ ਬਣਾਏ ਡਾਇਲਾਇਸਿਸ ਸੈਂਟਰ ਅਤੇ ਹੋਰ ਕਮੇਟੀ ਚਲ ਰਹੇ ਅਦਾਰਿਆਂ ਲਈ ਕਿੰਨੀ ਰਕਮ ਖਰਚੀ ਗਈ ਹੈ ਇਸ ਦਾ ਵੇਰਵਾ ਜਨਤਕ ਕਰਣਾ ਚਾਹੀਦਾ ਹੈ । ਉਨ੍ਹਾਂ ਇਹ ਵੀਂ ਕਿਹਾ ਕਿ ਦਸਿਆ ਜਾਏ ਕਮੇਟੀ ਵਲੋਂ ਵੱਧ ਰਹੇ ਘਾਟੇ ਅਤੇ ਚੜੇ ਹੋਏ ਕਰਜੇ ਨੂੰ ਉਤਾਰਨ ਲਈ ਤੁਸੀਂ ਕੀ ਪਲਾਨਿੰਗ ਬਣਾਈ ਹੈ ਜਿਸ ਨਾਲ ਕੌਮ ਦੀਆਂ ਧਰੋਹਰਾ ਜਿਸ ਦੇ ਵੇਰਵੇ ਹੁਣ ਅਦਾਲਤ ਨੇ ਮੰਗੇ ਹਨ, ਸੁਰੱਖਿਅਤ ਰਹਿ ਸਕਣ ।