ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ, ਦਲ ਖਾਲਸਾ ਨੇ ਪੰਥ ਦੇ ਨਾਮ ਜਾਰੀ ਕੀਤੇ ਪ੍ਰੈਸ ਨੋਟ ਵਿਚ ਕਿਹਾ ਕਿ ਮੈਂ ਦਲ ਖਾਲਸਾ ਦੇ 45 ਸਾਲਾ ਸਫਰ/ਸੰਘਰਸ਼ ਤੋਂ ਸੰਤੁਸ਼ਟ ਹਾਂ, ਜਿਸ ਨੇ ਸੰਘਰਸ਼ ਦੇ ਕਈ ਵੱਡੇ ਉਤਾਰਾਂ ਚੜ੍ਹਾਵਾਂ ਦੇ ਬਾਵਜੂਦ ਕੇਵਲ ਆਪਣੀ ਹੋਂਦ ਹੀ ਕਾਇਮ ਨਹੀਂ ਰੱਖੀ, ਬਲਕਿ ਲਗਾਤਾਰ ਸੰਘਰਸ਼ ਵੀ ਜਾਰੀ ਰਖਿਆ ਹੈ, ਤੇ ਯਕੀਨਨ ਅੱਗੇ ਵੀ ਵਧਿਆ ਹੈ । ਹਾਂ, ਪਰ ਬਹੁਤ ਸਾਰੀਆਂ ਕਮੀਆਂ ਵੀ ਰਹੀਆਂ ਹਨ, ਤੇ ਬਹੁਤ ਕੁੱਝ ਐਸਾ ਹੈ, ਜੋ ਕਰਨਾ ਬਣਦਾ ਸੀ, ਅਸੀਂ ਨਹੀਂ ਕਰ ਸਕੇ ।
ਮੈਂ ਜਲਾਵਤਨੀ ਵਿੱਚ ਰਹਿੰਦੇ ਹੋਏ, ਆਪਣੇ ਕੌਮੀ ਘਰ ਦੀ ਖਿੱਚ ਹਮੇਸ਼ਾਂ ਮਹਿਸੂਸ ਕਰਦਾ ਰਿਹਾ ਹਾਂ । ਤੇ ਘਰ ਵਾਪਸੀ ਦੀ ਇੱਛਾ ਵੀ ਹਮੇਸ਼ਾਂ ਰਹੀ ਹੈ, ਪਰ ਸਵੈਮਾਣ ਤੇ ਸੰਘਰਸ਼ ਦੇ ਹਿੱਤਾਂ ਨੂੰ ਦਾਅ ਉਤੇ ਲਾ ਕੇ ਵਾਪਿਸ ਆਣ ਲਈ ਕਦੇ ਮੰਨ ਨਹੀਂ ਮੰਨਿਆਂ । ਹੋਰ ਖੁੱਲ੍ਹ ਕੇ ਕਹਾਂ, ਤਾਂ ਜਿਸ ਦੁਸ਼ਮਣ ਖਿਲਾਫ ਲੜ੍ਹਦੇ ਹੋਏ ਨਿਕਲਿਆ ਸਾਂ, ਉਸੇ ਦੀ ਹਾਕਮੀਅਤ ਵਿੱਚ ਮੁੜ੍ਹਨਾ ਕਦੇ ਠੀਕ ਨਹੀਂ ਲੱਗਾ । ਮੈਂ ‘ਸਟੇਟਲੈਸ ਪਰਸਨ’ ਹੀ ਹਾਂ । ਮੇਰਾ ਦੇਸ਼ ਪੰਜਾਬ ਭਾਰਤ ਦੇ ਕਬਜ਼ੇ ਹੇਠ ਹੈ, ਤੇ ਮੈਂ ਰੂਪੋਸ਼ ਜਲਾਵਤਨੀ ਵਿੱਚ ਹਾਂ । ਇਹ ਠੀਕ ਹੈ ਕਿ ਦਲ ਖਾਲਸਾ, ਲੋਕ ਲਹਿਰ ਨਹੀਂ ਬਣ ਸਕਿਆ, ਪਰ ਉਸ ਨੇ ਸਿੱਖ ਕੌਮ ਦੇ ਆਜ਼ਾਦੀ ਸੰਘਰਸ਼ ਵਿੱਚ ਵੱਡਾ ਤੇ ਅਹਿਮ ਹਿੱਸਾ ਪਾਇਆ ਹੈ । ਇੱਕ ਸਿਧਾਂਤਕ ਜੱਥੇਬੰਦੀ ਦੇ ਤੌਰ ਤੇ ਉਹ ਇੱਕ ਪਾਸੇ ਸੰਘਰਸ਼ ਨੂੰ ਆਲਮੀ ਪੱਧਰ ਤੇ ਲਿਜਾਣ ਦਾ ਕਾਰਨ ਬਣਿਆਂ ਤੇ ਦੂਜੇ ਪਾਸੇ ਪੰਥਕ ਇਕਸੁਰਤਾ ਉਤੇ ਹਮੇਸ਼ਾਂ ਪਹਿਰਾ ਦਿੱਤਾ ਹੈ ।
ਦਲ ਖਾਲਸਾ ਨੇ 1998 ਤੋਂ ਬਾਦ ਖਾਲਿਸਤਾਨ ਦੀ ਪ੍ਰਾਪਤੀ ਲਈ ਜਿਵੇਂ ਸਿਆਸੀ ਸੰਘਰਸ਼ ਦੀ ਆਰੰਭਤਾ ਕੀਤੀ ਹੈ, ਉਸ ਕੋਲ ਲੋਕ ਲਹਿਰ ਬਣਨ ਦਾ ਸਹੀ ਮੌਕਾ ਹੁਣ ਆਇਆ ਹੈ । ਅਸੀਂ 1978 ਵਿੱਚ ਇੱਕ ਛੋਟੀ ਜਿਹੀ ਗਿਣਤੀ ਪਰ ਜਜ਼ਬਾਤ ਦੀ ਅਮੀਰੀ ਨਾਲ ਸੰਘਰਸ਼ ਸ਼ੁਰੂ ਕੀਤਾ ਸੀ, ਤੇ ਅੱਜ ਹਜ਼ਾਰਾਂ ਲੋਕਾਂ ਦਾ ਦਲ ਖਾਲਸਾ ਨਾਲ ਜੁੜ੍ਹਨਾ ਲੋਕ ਲਹਿਰ ਬਣਨ ਵੱਲ ਇੱਕ ਅੱਛੀ ਸ਼ੁਰੂਆਤ ਹੈ । ਦਲ ਖਾਲਸਾ ਦੀ ਨਵੀਂ ਪੁਰਾਣੀ ਲੀਡਰਸ਼ਿਪ ਦਾ ਏਕੇ ਨਾਲ ਤੇ ਅੱਛੇ ਢੰਗ ਨਾਲ ਅੱਗੇ ਵੱਧਦੇ ਰਹਿਣਾ ਯਕੀਨਨ ਸ਼ਲਾਘਾਯੋਗ ਹੈ । ਨੌਜਵਾਨ ਲੀਡਰਸ਼ਿਪ ਤੋਂ ਮੈਨੂੰ ਬਹੁਤ ਆਸ਼ਾਵਾਂ ਹਨ, ਤੇ ਮੇਰੀਆਂ ਸ਼ੁੱਭ ਇੱਛਾਵਾਂ ਉਹਨਾਂ ਦੇ ਨਾਲ ਹਨ ।
ਉਨ੍ਹਾਂ ਕਿਹਾ ਸਿੱਖਾਂ ਦਾ ਆਪਣਾ ਮੁਲਕ ਹੋਂਦ ਵਿੱਚ ਆਣ ਦਾ ਵਕਤ ਤਹਿ ਕਰਨਾ ਸੋਚ ਪੱਖੋਂ ਹੀ ਠੀਕ ਨਹੀਂ ਲੱਗਦਾ । ਦੁਨੀਆਂ ਦੇ ਹਾਲਾਤ ਸਾਥ ਦੇ ਜਾਣ ਤਾਂ ਆਜ਼ਾਦੀ ਸੰਘਰਸ਼ ਨੂੰ ਮੇਰੀ ਜ਼ਿੰਦਗੀ ਵਿੱਚ ਵੀ ਸਫਲਤਾ ਮਿੱਲ ਸਕਦੀ ਹੈ, ਤੇ ਜੇ ਹਾਲਾਤ ਸਾਥ ਨਾ ਦੇਣ ਤਾਂ ਕਈ ਪੀੜੀਆਂ ਨੂੰ ਲੜ੍ਹਨਾ ਪੈ ਸਕਦਾ ਹੈ । ਮੇਰੀ ਤਸੱਲੀ ਦੀ ਗੱਲ ਇਹ ਹੈ ਕਿ ਮੈਂ ਸੰਘਰਸ਼ ਨੂੰ ਜ਼ਿੰਦਾ ਅਤੇ ਅੱਗੇ ਵੱਧਦਾ ਛੱਡ ਕੇ ਜਾਵਾਂਗਾ । ਅੱਜ ਦੁਨੀਆਂ ਭਰ ਦੇ ਸਿੱਖ ਖਾਲਿਸਤਾਨ ਸੰਘਰਸ਼ ਨਾਲ ਜੁੜੇ ਹੋਏ ਹਨ । ਅਗਰ ਭਾਰਤੀ ਹਾਕਮ ਕਦੇ ਯੂ ਐਨ ਓ ਦੀ ਨਿਗਰਾਨੀ ਹੇਠ ਸਿੱਖ/ਪੰਜਾਬ ਰੈਫਰੈਂਡਮ ਕਰਵਾਣ ਲਈ ਹਿੰਮਤ ਕਰ ਲੈਣ ਤਾਂ ਉਹਨਾਂ ਦੇ ਸਾਰੇ ਭੁਲੇਖੇ ਦੂਰ ਹੋ ਜਾਣਗੇ । ਆਲਮੀ ਪੱਧਰ ਤੇ ਭਾਰਤ ਦੀ ਛਾਪ ਕਿੰਨੀ ਵੀ ਵੱਡੀ ਹੋਵੇ, ਪਰ ‘ਸੋਵੀਅਤ ਯੂਨੀਅਨ’ ਤੋਂ ਵੱਡੀ ਤਾਂ ਨਹੀਂ ਹੈ । ਵਕਤ ਬਦਲਿਆ ਤਾਂ ਸੋਵੀਅਤ ਯੂਨੀਅਨ ਵਰਗੀ ਸੁਪਰ ਪਾਵਰ ਵੀ ਆਜ਼ਾਦੀ ਲਹਿਰਾਂ ਸਾਹਮਣੇ ਝੁੱਕਣ ਲਈ ਮਜਬੂਰ ਹੋ ਗਈ ਸੀ ।
ਉਨ੍ਹਾਂ ਕਿਹਾ ਕਿ ਮੈਂ ਜਲਾਵਤਨੀ ਵਿੱਚ ਰਹਿੰਦੇ ਹੋਏ ਮਹਿਸੂਸ ਕਰਦਾ ਹਾਂ ਕਿ ਅਸੀਂ ਸਮੁੱਚੇ ਸੰਘਰਸ਼ ਦੇ ਸੱਭ ਜ਼ਿੰਮੇਵਾਰ, ਸੰਘਰਸ਼ ਦੇ ਪਹਿਲੇ ਜੁਝਾਰੂ ਦੌਰ ਤੋਂ ਲੈ ਕੇ ਅੱਜ ਤੱਕ ਸੰਘਰਸ਼ ਨੂੰ ਇੱਕ ਕੌਮੀ ਲਹਿਰ ਵਿੱਚ ਤਬਦੀਲ ਨਹੀਂ ਕਰ ਸਕੇ, ਬਲਕਿ ਸੰਪਰਦਾਇਕ ਤੰਗ-ਨਜ਼ਰੀਆਂ ਵਿੱਚ ਉਲਝੇ ਰਹੇ । ਅਤੇ ਸਾਡੀਆਂ ਇਹਨਾਂ ਤੰਗ ਨਜ਼ਰੀਆਂ ਨੇ ਭਾਰਤੀ ਖੁਫੀਆ ਏਜੰਸੀਆਂ ਨੂੰ ਸੰਘਰਸ਼ ਦੇ ਖਿਲਾਫ ਖੁੱਲ੍ਹ ਖੇਲਣ ਦਾ ਮੌਕਾ ਦਿੱਤਾ । ਇਸ ਸੱਭ ਦੇ ਬਾਵਜੂਦ ਜੱਦ ਵੀ ਕਦੇ ਕੌਮ ਦੇ ਸਾਹਮਣੇ ਕੌਮੀ ਸਵੈਮਾਣ ਦਾ ਕੋਈ ਮਸਲਾ ਉਠ ਖੜੋਇਆ, ਸਾਰੀ ਕੌਮ, ਖਾਸ ਕਰ ਨੌਜਵਾਨ ਇੱਕ ਸਫ ਵਿੱਚ ਖੜ੍ਹੇ ਨਜ਼ਰ ਆਏ, ਜਿਵੇਂ ਗੁਰੂ ਗੰਥ ਸਾਹਿਬ ਦੀਆਂ ਬੇਅਦਬੀਆਂ ਦੇ ਖਿਲਾਫ ਉਠੇ ਸੰਘਰਸ਼ ਵੇਲੇ ਹੋਇਆ ਸੀ । ਅਜਿਹੇ ਕਿਸੇ ਵੀ ਮੌਕੇ ਗੁਰੂ ਦੀ ਐਸੀ ਕਲਾ ਵਰਤਦੀ ਹੈ ਕਿ ਦੁਸ਼ਮਣ ਦੇ ਸਾਰੇ ਮਨਸੂਬੇ ਫੇਲ ਹੋ ਕੇ ਰਹਿ ਜਾਂਦੇ ਹਨ । ਮੈਂ ਉਮੀਦ ਨੂੰ ਕਾਇਮ ਰੱਖਣ ਦੇ ਹੱਕ ਵਿੱਚ ਹਾਂ, ਹਰ ਹਾਲਾਤ ਵਿੱਚ । ਸੰਘਰਸ਼ ਸਿਰਫ ਜਿੱਤ ਉਤੇ ਹੀ ਮੁਕਣਾ ਚਾਹੀਦਾ ਹੈ ।