ਦਿੱਲੀ -: ਦਿੱਲੀ ਗੁਰਦੁਆਰਾ ਕਮੇਟੀ ਦੀ ਮੈਂਬਰ ਬੀਬੀ ਰਣਜੀਤ ਕੋਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 87 ਲੱਖ 70 ਹਜਾਰ ਰੁਪਏ ਦੀ ਅਦਾਇਗੀ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਮੋਜੂਦਾ ਪ੍ਰਬੰਧਕਾਂ ਦੇ ਆਦੇਸ਼ਾਂ ਮੁਤਾਬਿਕ ਦਿੱਲੀ ਕਮੇਟੀ ਦੇ ਜਨਰਲ ਮੈਨੇਜਰ ਨੇ 29 ਅਗਸਤ 2023 ਦੇ ਆਪਣੇ ਰਿਕਵਰੀ ਨੋਟਿਸ ਰਾਹੀ ਬੀਬੀ ਰਣਜੀਤ ਕੋਰ ਨੂੰ 15 ਦਿਨਾਂ ਦੇ ਅੰਦਰ 87 ਲੱਖ 70 ਹਜਾਰ ਰੁਪਏ ਜਮਾਂ ਕਰਵਾਉਣ ਲਈ ਕਿਹਾ ਹੈ ਜਿਸ ‘ਚ ਮਾਰਚ 2017 ਤੋਂ ਜਨਵਰੀ 2021 ਤਕ ਇਸ ਬੀਬੀ ਵਲੋਂ ਗੁਰੂ ਦੀ ਗੋਲਕ ਤੋਂ ਲਈ ਸਹਾਇਤਾ ਰਾਸ਼ੀ, ਉਨ੍ਹਾਂ ਵਲੋਂ ਇਸਤੇਮਾਲ ਕੀਤੇ ਦਫਤਰੀ ਸਟਾਫ ‘ਤੇ ਡਰਾਈਵਰ ਦੀ ਤਨਖਾਹ, ਕਮੇਟੀ ਵਲੋਂ ਲਈ ਗੱਡੀ ਦੀ ਮੁਰੰਮੱਤ ‘ਤੇ ਪੈਟਰੋਲ ਡੀਜਲ ਦਾ ਖਰਚਾ ਸ਼ਾਮਿਲ ਹੈ, ਕਿਉਂਕਿ ਬੀਬੀ ਰਣਜੀਤ ਕੋਰ ਨੇ ਇਸ 4 ਸਾਲ ਦੇ ਸਮੇਂ ਦੋਰਾਨ ਗੁਰਦੁਆਰਾ ਫੰਡਾਂ ਦੀ ਦੁਰਵਰਤੋਂ ਕੀਤੀ ਸੀ, ਜਦਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਮੈਂਬਰ ਬਣਨ ਲਈ ਅਯੋਗ ਸਨ। ਦਸੱਣਯੋਗ ਹੈ ਕਿ ਸ. ਇੰਦਰ ਮੋਹਨ ਸਿੰਘ ਵਲੋਂ ਬੀਬੀ ਰਣਜੀਤ ਕੋਰ ਦੀ ਕੋਆਪਸ਼ਨ ਨੂੰ ਵੰਗਾਰਨ ਵਾਲੀ ਚੋਣ ਪਟੀਸ਼ਨ ‘ਚ ਦਿੱਲੀ ਦੀ ਤੀਸ ਹਜਾਰੀ ਜਿਲਾ ਅਦਾਲਤ ਨੇ ਆਪਣੇ 25 ਜਨਵਰੀ 2021 ਦੇ ਫੈਸਲੇ ਮੁਤਾਬਿਕ ਇਸ ਬੀਬੀ ਦੀ ਮੁੱਢਲੀ ਮੈਂਬਰਸ਼ਿਪ 11 ਮਾਰਚ 2017 ਤੋਂ ਹੀ ਰੱਦ ਕਰ ਦਿੱਤੀ ਸੀ ‘ਤੇ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ 9 ਫਰਵਰੀ 2021 ਦੇ ਗਜਟ ਨੋਟੀਫਿਕੇਸ਼ਨ ਰਾਹੀ ਸ. ਇੰਦਰ ਮੋਹਨ ਸਿੰਘ ਨੂੰ 11 ਮਾਰਚ 2017 ਤੋਂ ਹੀ ਬਕਾਇਦਾ ਮੈਂਬਰ ਦੇ ਤੋਰ ‘ਤੇ ਐਲਾਨਿਆ ਸੀ।
ਸ. ਇੰਦਰ ਮੋਹਨ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹਨਾਂ ਅਦਾਲਤੀ ਆਦੇਸ਼ਾਂ ਤੋਂ ਉਪਰੰਤ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟਰ ਨੇ ਆਪਣੇ 10 ਜਨਵਰੀ 2022 ਦੇ ਆਦੇਸ਼ਾਂ ਰਾਹੀ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਦੀ ਧਾਰਾ 10 ਦੀ ਉਪ-ਧਾਰਾ 2 ਦੇ ਤਹਿਤ 1416 ਦਿੱਨ ਨਾਜਾਇਜ ਤੋਰ ‘ਤੇ ਮੈਂਬਰੀ ਦਾ ਸੁੱਖ ਮਾਣਨ ਦੇ ਦੋਸ਼ ‘ਚ ਬੀਬੀ ਰਨਜੀਤ ਕੋਰ ‘ਤੇ 300 ਰੁਪਏ ਰੋਜਾਨਾ ਦੇ ਹਿਸਾਬ ਨਾਲ 4 ਲੱਖ 25 ਹਜਾਰ ਦਾ ਜੁਰਮਾਨਾ ਵੀ ਲਾਇਆ ਸੀ। ਸ. ਇੰਦਰ ਮੋਹਨ ਸਿੰਘ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਬੀ ਰਣਜੀਤ ਕੋਰ ਪਾਸੋਂ 87 ਲੱਖ 70 ਹਜਾਰ ਰੁਪਏ ਦੀ ਵਸੂਲੀ ਦੇ ਨੋਟਿਸ ਨੂੰ ਸ਼ਲਾਘਾਯੋਗ ਕਦਮ ਕਰਾਰ ਦਿੰਦਿਆ ਕਿਹਾ ਹੈ ਕਿ ਇਹ ਇਕ ਨਵੀ ਮਿਸਾਲ ਹੋਵੇਗੀ ਜਿਸ ਨਾਲ ਕੋਈ ਵੀ ਵਿਅਕਤੀ ਭਾਰਤ ਦੀ ਪਾਰਲੀਆਮੈਂਟ ਵਲੋਂ ਗਠਿਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਧਾਰਮਿਕ ਸੰਸਥਾਂ ‘ਚ ਜਾਲੀ ਕਾਗਜਾਤਾਂ ਦੇ ਆਧਾਰ ‘ਤੇ ਮੈਂਬਰੀ ਹਾਸਿਲ ਕਰਨ ਦੀ ਹਿਮਾਕਤ ਨਾ ਕਰ ਸਕੇ।