ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰ ਸਰਦਾਰ ਸੁਖਵਿੰਦਰ ਸਿੰਘ ਬੱਬਰ ਨੇ ਸਾਬਕਾ ਐਮਪੀ ਤਰਲੋਚਨ ਸਿੰਘ ਵਲੋਂ ਲਿਖੀ ਗਈ ਇਕ ਲਿਖਤ ਦੀ ਸਖ਼ਤ ਨਿਖੇਧੀ ਕਰਦਿਆਂ ਅਕਾਲ ਤਖਤ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਵਿਰੁੱਧ ਸਿੱਖ ਇਤਿਹਾਸ ਨੂੰ ਰਲਗਡ ਕਰਣ ਦੇ ਦੋਸ਼ ਅੱਧੀਨ ਕਾਰਵਾਈ ਕੀਤੀ ਜਾਏ । ਉਨ੍ਹਾਂ ਕਿਹਾ ਕਿ ਸਿੱਖ ਕੌਮ, ਸਿੱਖ ਪੰਥ ਅੱਜ ਬੜੇ ਨਾਜ਼ੁਕ ਸਮੇਂ ਦੇ ਵਿੱਚੋਂ ਲੰਘ ਰਿਹਾ ਹੈ। ਸਿੱਖ ਕੌਮ ਦੇ ਵਿਰੁੱਧ ਸਿੱਖਾਂ ਨੂੰ ਹੀ ਤਿਆਰ ਕੀਤਾ ਗਿਆ ਹੈ। ਸਾਨੂੰ ਇਨ੍ਹਾਂ ਦੀਆਂ ਚਾਲਾ ਸਮਝਣ ਦੀ ਲੋੜ ਹੈ ਤੇ ਇਸ ਦਾ ਪ੍ਰਤੱਖ ਪ੍ਰਮਾਣ ਸਾਬਕਾ ਐਮਪੀ ਤਰਲੋਚਨ ਸਿੰਘ ਐਮਪੀ ਵਲੋਂ ਲਿਖਿਆ ਗਿਆ ਇਕ ਲੇਖ ਪੰਜ ਹਿੰਦੂ ਹੀ ਪੰਜ ਪਿਆਰੇ ਸਜੇ ਸੀ ਹੈ ।
ਇਹ ਲੜਾਈ ਉਸ ਦਿਨ ਤੋਂ ਹੀ ਸ਼ੁਰੂ ਹੋ ਗਈ ਸੀ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਨੇ ਜਨੇਉ ਪਾਣ ਤੋਂ ਇਨਕਾਰ ਕਰ ਦਿੱਤਾ ਸੀ ਅਸੀਂ ਕਿਸੇ ਧਰਮ ਨੂੰ ਬੁਰਾ ਨਹੀਂ ਬੋਲਦੇ ਸਾਰੇ ਧਰਮ ਸਤਿਕਾਰ ਯੋਗ ਨੇ ਮਗਰ ਆ ਆ ਕੇ ਆਪਣੇ ਆਪ ਵਜਨਾ ਇਹ ਭੀ ਬਰਦਾਸ਼ਤ ਤੋਂ ਬਾਹਰ ਹੈ । ਅਸੀਂ ਸਮਝਦੇ ਹਾਂ ਕਿ ਅੱਜ ਕੱਲ ਇਹ ਜਾਣ-ਬੁੱਝ ਕੇ ਗੁਰਮਤ ਸਿਧਾਂਤ ਦੀ ਗ਼ਲਤ ਵਿਆਖਿਆ ਕਰ ਰਹੇ ਹਨ, ਪੰਜ ਪਿਆਰੇ ਹਿੰਦੂ ਸਨ ਜਾਂ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿ. ਭੁਪਿੰਦਰ ਸਿੰਘ ਜੀ ਬ੍ਰਾਹਮਣ ਸਨ, ਆਦਿ। ਜੇਕਰ ਇਨ੍ਹਾਂ ਨੂੰ ਸੁਆਲ ਕੀਤਾ ਜਾਏ ਕਿ ਸ੍ਰਦਾਰ ਜੀ ਤੁਸੀਂ ਹੁਣ ਬ੍ਰਾਹਮਣ ਨੂੰ ਗੁਰੂ ਮੰਨਦੇ ਹੋ ਕਿ ਗੁਰੂ ਨਾਨਕ ਸਾਹਿਬ ਨੂੰ ਜਾਂ ਹਿੰਦੂ ਹੋ ਕਿ ਸਿੱਖ? ਤਾਂ ਇਨ੍ਹਾਂ ਵਰਗੇ ‘ਸਿਆਣਿਆਂ’ ਨੂੰ ਛੇਤੀ ਸਮਝ ਆ ਸਕਦੀ ਹੈ। ਜਦੋਂ ਕੋਈ ਗੁਰੂ ਕੀ ਸ਼ਰਨਿ ਆਉਂਦਾ ਹੈ ਤਾਂ ਉਸਦੇ ਪਿਛਲੇ ਧਰਮ-ਕਰਮ, ਕੁੱਲ, ਜਾਤਿ-ਪਾਤਿ ਆਦਿ ਦਾ ਖਾਤਮਾ ਹੋ ਜਾਂਦਾ ਹੈ। ਪਿਛੋਕੜ ਦਾ ਵਾਸਤਾ ਸਿਰਫ਼ ਏਥੋਂ ਤੱਕ ਹੈ ਇਸ ਤੋਂ ਬਾਦ ਨਹੀਂ। ਬਾਣੀ-ਬਾਣੇ ਦੇ ਧਾਰਨੀ ਗੁਰੂ ਕੇ ਸਿੱਖਾਂ ਨੂੰ ਹਿੰਦੂ ਕਹਿਣਾ ਜਾਂ ਸ਼ੁਮਾਰ ਕਰਨਾ ਵੱਡੀ ਅਗਿਆਨਤਾ ਹੈ। ਸਿੱਖ ਇਤਿਹਾਸ ਅਨੁਸਾਰ ਪੰਜ ਪਿਆਰੇ ਸਜਣ ਵਾਲਿਆਂ ਦੇ ਵਡੇਰੇ ਕਈ ਪੀੜ੍ਹੀਆਂ ਤੋਂ ਗੁਰੂ ਕੀ ਸਿੱਖੀ ਦੇ ਧਾਰਨੀ ਸਨ ਇਸੇ ਕਾਰਨ ਖੰਡੇ ਦੀ ਪਾਹੁਲ ਛਕ ਕੇ ਗੁਰੂ ਆਗਿਆ ਅਨੁਸਾਰ ਉਨ੍ਹਾਂ ਪਾਹੁਲ ਤਿਆਰ ਕਰ ਕੇ ਗੁਰੂ ਸਾਹਿਬ ਅਤੇ ਹੋਰਨਾਂ ਨੂੰ ਛਕਾਈ ਵੀ। ਦਸਿਆ ਜਾਏ ਕਿ ਉਹ ਪਹਿਲਾਂ ਸਾਬਤ ਸੂਰਤ ਨਹੀਂ ਸਨ.? ਜਾਂ ਉਹ ਪਹਿਲਾਂ ਬ੍ਰਾਹਮਣ ਨੂੰ ਗੁਰੂ ਮੰਨਣ ਵਾਲੇ ਤਿਲਕ, ਬੋਦੀ ਅਰ ਧੋਤੀ ਦੇ ਧਾਰਨੀ ਸਨ..?
ਜੇ ਕੋਈ ਹਿੰਦੂ ਸ਼ਰਧਾਲੂ ਅਖੰਡ ਪਾਠ ਸਾਹਿਬ ਕਰਵਾ ਲਵੇ ਤਾਂ ਉਸ ਨੂੰ ਸਿੱਖ ਨਹੀਂ ਮੰਨਿਆ ਜਾ ਸਕਦਾ ਜਦ ਤੱਕ ਉਹ ਬ੍ਰਾਹਮਣ ਦੀ ਥਾਂ ਤੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਨਹੀਂ ਮੰਨਦਾ ਪਰ, ਜਦੋਂ ਉਹ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਮੰਨ ਕੇ ਬਾਣੀ-ਬਾਣੇ ਦਾ ਧਾਰਨੀ ਸਿੱਖ ਹੋ ਜਾਂਦਾ ਹੈ ਤਾਂ ਉਸ ਨੂੰ ਹਿੰਦੂ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜ ਪਿਆਰੇ ਹਿੰਦੁਸਤਾਨ ਦੇ ਵਸਨੀਕ ਸਨ। ਉਨਾ ਦਾ ਧਰਮ ਗੁਰ ਨਾਨਕ ਸਾਹਿਬ ਜੀ ਦਾ ਧਰਮ ਸੀ। ਅਤੇ ਇਨ੍ਹਾਂ ਦੇ ਵਡੇਰਿਆਂ ਨੇ ਬਾਬੇ ਨਾਨਕ ਤੋਂ ਹੀ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ।
ਅੰਤ ਵਿਚ ਉਨ੍ਹਾਂ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਕਰਤਾਰ ਤੁਹਾਨੂੰ ਸੁਮੱਤ ਬਖਸ਼ੇ ਤੇ ਸਿੱਖ ਸਰੂਪ ਵਿਚ ਸਿਰ ਤੇ ਪਾਈ ਪੱਗ ਦੀ ਲਾਜ ਰੱਖ ਸਕੋ । ਇਸਦੇ ਨਾਲ ਹੀ ਉਨ੍ਹਾਂ ਨੇ ਦਿੱਲੀ ਕਮੇਟੀ ਨੂੰ ਇਸ ਬਿਆਨ ਬਾਰੇ ਆਪਣਾ ਸਟੈਂਡ ਸਪਸ਼ਟ ਕਰਣ ਬਾਰੇ ਕਿਹਾ ਹੈ ।