ਅੰਮ੍ਰਿਤਸਰ - ਜੀ 20 ਸੰਮੇਲਨ ਦੇ ਨਾਗਪੁਰ ਵਿਸ਼ੇਸ਼ ਸਮਾਗਮ ਦੌਰਾਨ ਭਾਰਤ ਦੇ ਸੜਕੀ ਆਵਾਜਾਈ ਅਤੇ ਰਾਜ ਮਾਰਗ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਮਨੁੱਖਤਾ ਦੀ ਸੇਵਾ ਪ੍ਰਤੀ ਵਡਮੁੱਲੇ ਯੋਗਦਾਨ ਲਈ ’ਮਨੁੱਖਤਾ ਦਾ ਮਸੀਹਾ’ ਅਵਾਰਡ ਨਾਲ ਸਨਮਾਨਿਤ ਹੋਣ ਉਪਰੰਤ ਅੰਮ੍ਰਿਤਸਰ ਵਿਖੇ ਆਉਣ ’ਤੇ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਵਰਡ ਕੈਂਸਰ ਕੇਅਰ ਦੇ ਚੇਅਰਮੈਨ ਡਾ. ਕੁਲਵੰਤ ਸਿੰਘ ਧਾਲੀਵਾਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ ਢਿੱਲੋਂ ਦੀ ਅਗਵਾਈ ’ਚ ਪ੍ਰੋ. ਸਰਚਾਂਦ ਸਿੰਘ ਖਿਆਲਾ, ਕੁਲਦੀਪ ਸਿੰਘ ਕਾਹਲੋਂ, ਜਸਵਿੰਦਰ ਕੌਰ ਸੋਹਲ, ਦਲਜੀਤ ਸਿੰਘ ਕੋਹਲੀ, ਆਲਮ ਬੀਰ ਸਿੰਘ ਸੰਧੂ, ਅਰੁਣ ਸ਼ਰਮਾ, ਪੋ੍. ਹਰੀ ਸਿੰਘ ਅਤੇ ਰਾਜਨ ਕਪੂਰ ਨੇ ਡਾ. ਕੁਲਵੰਤ ਸਿੰਘ ਧਾਲੀਵਾਲ ਨੂੰ ਸਨਮਾਨ ਕਰਦਿਆਂ ਅਵਾਰਡ ਮਿਲਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਡਾ. ਧਾਲੀਵਾਲ ਗੁਰੂ ਸਾਹਿਬਾਨ ਦੇ ਫ਼ਲਸਫ਼ੇ ” ਮਨੁੱਖਤਾ ਦੀ ਸੇਵਾ ” ਨੂੰ ਸਮਰਪਿਤ ਹਨ। ਇਸ ਉੱਤਮ ਕਾਰਜ ਦੇ ਮਹਾਨਤਾ ਦੇ ਮੱਦੇ ਨਜ਼ਰ ਉਨ੍ਹਾਂ ਨੂੰ ਮਿਆਰੀ ਅਵਾਰਡ ਮਿਲਣ ਨਾਲ ਨਾ ਕੇਵਲ ਗਬੋਲਬ ਪੰਜਾਬੀ ਐਸੋਸੀਏਸ਼ਨ ਦਾ ਹੀ ਸਗੋਂ ਸਮੂਹ ਪੰਜਾਬੀਆਂ ਦਾ ਸਿਰ ਵੀ ਮਾਣ ਨਾਲ ਉੱਚਾ ਹੋਇਆ ਹੈ। ਇਸ ਨਾਲ ਪੰਜਾਬੀਆਂ ਦੀ ਪਛਾਣ ਅਤੇ ਉਨ੍ਹਾਂ ਦੇ ਮਾਣ ਸਨਮਾਨ ਵਿੱਚ ਵਾਧਾ ਹੋਇਆ ਹੈ । ਇਸ ਮੌਕੇ ਡਾ. ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦਾ ਮਿਸ਼ਨ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ। ਉਹ ਚਾਹੁੰਦੇ ਹਨ ਕਿ ਸੰਸਾਰ ’ਚ ਕੈਂਸਰ ਦੀ ਬਿਮਾਰੀ ਨੂੰ ਜੜ੍ਹਾਂ ਤੋਂ ਖ਼ਤਮ ਕੀਤਾ ਜਾ ਸਕੇ ਅਤੇ ਇਸ ਬਿਮਾਰੀ ਨਾਲ ਕਿਸੇ ਵੀ ਮਨੁੱਖ ਦੀ ਜਾਨ ਨਾ ਜਾਵੇ ਸਗੋਂ ਮਨੁੱਖਤਾ ਨੂੰ ਨਿਰੋਗ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਕੇਸਰ ਕੇਅਰ ਦੀਆਂ ਟੀਮਾਂ ਗਲੋਬਲ ਪੰਜਾਬੀ ਐਸੋਸੀਏਸ਼ਨ ਨਾਲ ਮਿਲ ਕੇ ਦੇਸ਼ ਦੇ ਹਰ ਖੇਤਰ ਵਿਚ ਸਰਗਰਮ ਹਨ। ਅਤੇ ਮੁਫ਼ਤ ਮੈਡੀਕਲ ਜਾਂਚ ਅਤੇ ਫ਼ਰੀ ਇਲਾਜ ਦੀਆਂ ਸਹੂਲਤਾਂ ਮੁਹੱਈਆ ਕਰਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਧ ਤੋਂ ਵਧ ਹਸਪਤਾਲ ਖੋਲ੍ਹਣ ਅਤੇ ਸਸਤੀ ਇਲਾਜ ਪ੍ਰਣਾਲੀ ਦੇਣ ਦੀ ਸਰਕਾਰਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੰਦਿਰ, ਮਸਜਿਦ ਜਾਂ ਗੁਰਦੁਆਰਿਆਂ ’ਚ ਦਾਨ ਇਕ ਵੱਡਾ ਧਰਮ ਹੈ ਪਰ ਸਾਨੂੰ ਮਨੁੱਖਤਾ ਦੀ ਸੇਵਾ ਲਈ ਹਸਪਤਾਲਾਂ ਨੂੰ ਵੀ ਦਾਨ ਦੇਣਾ ਚਾਹੀਦਾ ਹੈ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਕੈਂਸਰ ਪ੍ਰਤੀ ਜਾਗਰੂਕ ਹੋਣ ਦੀ ਲੋੜ ਜ਼ੋਰ ਦਿੱਤਾ।