ਵਾਸ਼ਿੰਗਟਨ – ਕਨੇਡਾ ਦੇ ਪ੍ਰਧਾਨਮੰਤਰੀ ਟਰੂਡੋ ਨੇ ਭਾਰਤ ਸਰਕਾਰ ਤੇ ਇਹ ਦੋਸ਼ ਲਗਾਏ ਹਨ ਕਿ ਸਿੱਖ ਆਗੂ ਸ੍ਰ. ਹਰਦੀਪ ਸਿੰਘ ਨਿਜ਼ਰ ਦੀ ਹੱਤਿਆ ਦੇ ਮਾਮਲੇ ਵਿੱਚ ਉਨ੍ਹਾਂ ਦਾ ਹੱਥ ਹੈ। ਅਮਰੀਕਾ ਨੇ ਇਨ੍ਹਾਂ ਆਰੋਪਾਂ ਨੂੰ ਬਹੁਤ ਹੀ ਗੰਭੀਰ ਦੱਸਦੇ ਹੋਏ, ਕਨੇਡਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਪੂਰਾ ਸਮੱਰਥਨ ਕੀਤਾ ਹੈ। ਅਮਰੀਕਾ ਨੇ ਇੰਡੀਆ ਨੂੰ ਚਿਤਾਵਨੀ ਦਿੰਦੇ ਹੋਏ ਜਾਂਚ ਵਿੱਚ ਸਹਿਯੋਗ ਦੇਣ ਦੀ ਗੱਲ ਕੀਤੀ ਹੈ। ਆਸਟਰੇਲੀਆ ਨੇ ਵੀ ਪ੍ਰਧਾਨਮੰਤਰੀ ਟਰੂਡੋ ਦਾ ਸਾਥ ਦਿੰਦੇ ਹੋਏ ਭਾਰਤ ਨੂੰ ਇਸ ਮਾਮਲੇ ਤੇ ਗੰਭੀਰਤਾ ਨਾਲ ਗੌਰ ਕਰਨ ਲਈ ਕਿਹਾ ਹੈ।
ਅਮਰੀਕਾ, ਕਨੇਡਾ,ਬ੍ਰਿਟੇਨ, ਨਿਊਜ਼ੀਲੈਂਡ ਅਤੇ ਆਸਟਰੇਲੀਆ ਫਾਈਵ ਆਈਜ਼ ਅਲਾਇੰਸ ਦੇ ਮੈਂਬਰ ਹਨ। ਇੰਟੈਲੀਜੈਂਸ ਸ਼ੇਅਰਿੰਗ ਮੈਕਨਿਜ਼ਮ ਦੇ ਤਹਿਤ ਇਹ ਸਾਰੇ ਦੇਸ਼ ਆਪਣੀ ਮਹੱਤਵਪੂਰਨ ਜਾਣਕਾਰੀ ਇੱਕ ਦੂਸਰੇ ਨਾਲ ਸਾਂਝੀ ਕਰ ਸਕਦੇ ਹਨ। ਅਮਰੀਕੀ ਰਾਜਦੂਤ ਐਰਿਕ ਗਾਰਸਿਟੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਰੋਪਾਂ ਨਾਲ ਕਿਸੇ ਨੂੰ ਵੀ ਪਰੇਸ਼ਾਨੀ ਹੋਵੇਗੀ, ਪਰ ਇੱਕ ਸਰਗਰਮ ਅਪਰਾਧਿਕ ਜਾਂਚ ਦੇ ਨਾਲ ਅਸੀਂ ਇਹ ਨਿਸ਼ਚਿਤ ਕਰ ਸਕਦੇ ਹਾਂ ਕਿ ਅਪਰਾਧੀਆਂ ਨੂੰ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਸਿੱਟੇ ਤੇ ਪਹੁੰਚਣ ਤੋਂ ਪਹਿਲਾਂ ਅਸੀਂ ਸਾਰੀ ਜਾਣਕਾਰੀ ਜੁਟਾਉਣ ਦੇ ਲਈ ਜਾਂਚ ਦੀ ਆਗਿਆ ਦਿੰਦੇ ਹਾਂ।