ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਵਿਚ ਮੁਲਜ਼ਮ ਸੱਜਣ ਕੁਮਾਰ ਨੂੰ ਦੂਜੇ ਕੇਸ ਵਿਚ ਬਰੀ ਕਰਨ ਦੇ ਨਿਆਂਪਾਲਿਕਾ ਦੇ ਫੈਸਲੇ ਨੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ ਤੇ ਫੈਸਲਾ ਸੁਣਾਉਣ ਸਮੇਂ ਅਦਾਲਤ ਨੂੰ ਮੁੱਖ ਗਵਾਹ ਜੋਗਿੰਦਰ ਸਿੰਘ ਸਮੇਤ ਹੋਰ ਗਵਾਹਾਂ ਦੇ ਬਿਆਨ ਧਿਆਨ ਵਿਚ ਰੱਖਣੇ ਚਾਹੀਦੇ ਸਨ।
ਅੱਜ ਇਥੇ 1984 ਦੇ ਕਤਲੇਆਮ ਦੇ ਪੀੜਤਾਂ ਦੇ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਪਸ਼ਟ ਗਵਾਹੀਆਂ ਹੋਣ ਦੇ ਬਾਵਜੂਦ ਕਾਂਗਰਸੀ ਆਗੂ ਸੱਜਣ ਨੂੰ ਸ਼ੱਕ ਦੀ ਬਿਨਾਂ ਦਾ ਲਾਭ ਦੇ ਕੇ ਬਰੀ ਕੀਤਾ ਗਿਆ। ਉਹਨਾਂ ਕਿਹਾ ਕਿ ਮੁੱਖ ਗਵਾਹ ਸਰਦਾਰ ਜੋਗਿੰਦਰ ਸਿੰਘ, ਜੋ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ, ਨੇ ਆਪਣੀ ਗਵਾਹੀ ਵਿਚ ਸਪਸ਼ਟ ਆਖਿਆਸੀ ਕਿ ਉਹ ਮੌਕੇ ਦੇ ਚਸ਼ਮਦੀਦ ਗਵਾਹ ਹਨ ਤੇ ਸੱਜਣ ਕੁਮਾਰ ਨੇ ਨਾ ਸਿਰਫ ਕਤਲੇਆਮ ਕਰਵਾਇਆ ਬਲਕਿ ਇਹ ਵੀ ਕਿਹਾ ਕਿ ਇਹਨਾਂ ਸਿੱਖਾਂ ਨੇ ਸਾਡੀ ਮਾਂ ਦਾ ਕਤਲ ਕੀਤਾ ਹੈ ਤੇ ਹੁਣ ਕੋਈ ਵੀ ਸਿੱਖ ਬਚਣਾ ਨਹੀਂ ਚਾਹੀਦਾ।
ਉਹਨਾਂ ਕਿਹਾ ਕਿ ਬਿਨਾਂ ਸ਼ੱਕ ਅਸੀਂ ਨਿਆਂਪਾਲਿਕਾ ਦਾ ਸਤਿਕਾਰ ਕਰਦੇ ਹਾਂ ਪਰ ਇਹ ਕਹਿਣ ਨੂੰ ਮਜਬੂਰ ਹਾਂ ਕਿ ਇਹ ਫੈਸਲਾ ਲੈਣ ਵਿਚ ਕਿਸੇ ਦੇ ਪੱਖ ਦੀ ਪੂਰਤੀ ਕੀਤੀ ਗਈ ਹੈ, ਇਹ ਕਹਿਣ ਤੋਂ ਦਿੱਲੀ ਗੁਰਦੁਆਰਾ ਕਮੇਟੀ ਗੁਰੇਜ਼ ਨਹੀਂ ਕਰੇਗੀ। ਉਹਨਾਂ ਕਿਹਾ ਕਿ ਇਸ ਕਤਲੇਆਮ ਦੇ ਕੇਸਾਂ ਦੀ ਲੜਾਈ ਦੇ ਚਲਦਿਆਂ 2005 ਨੇ ਕੇਸ ਸਾਡੇ ਦਬਾਅ ਕਾਰਨ ਮੁੜ ਖੋਲ੍ਹੇ ਤੇ 2010 ਤੋਂ ਸੀ ਬੀ ਆਈ ਨੇ ਚਾਰਜਸ਼ੀਟ ਪੇਸ਼ ਕੀਤੀਆਂ। ਉਹਨਾਂ ਕਿਹਾ ਕਿ ਐਸ ਆਈ ਟੀ ਬਣਨ ਮਗਰੋਂ ਸੱਜਣ ਕੁਮਾਰ ਅੰਦਰ ਹੋਇਆ। ਉਹਨਾਂ ਕਿਹਾ ਕਿ ਦੂਜੇ ਕੇਸ ਵਿਚ ਸਾਡੇ ਵਕੀਲ ਸਰਦਾਰ ਗੁਰਮੁੱਖ ਸਿੰਘ ਕੇਸ ਦੀ ਪੈਰਵੀ ਕਰ ਰਹੇ ਸਨ ਤੇ ਅਸੀਂ ਇਹ ਖਿਆਲ ਰੱਖਿਆ ਕਿ ਕਿਤੇ ਕੋਈ ਕੁਤਾਹੀ ਨਾ ਹੋਵੇ। ਉਹਨਾਂ ਕਿਹ ਕਿ ਜਿਥੇ ਕਿਤੇ ਬਹਿਸ ਦੀ ਗੱਲ ਹੁੰਦੀ ਹੈ ਤਾਂ ਅਸੀਂ ਹਮੇਸ਼ਾ ਸੀਨੀਅਰ ਵਕੀਲ ਖੜ੍ਹੇ ਕੀਤੇ। ਉਹਨਾਂ ਕਿਹਾ ਕਿ ਸਾਲ 2018 ਵਿਚ ਆਰ ਐਸ ਚੀਮਾ ਤੇ ਐਸ ਐਚ ਫੁਲਕਾ ਵੀ ਖੜ੍ਹੇ ਰਹੇ ਹਨ।
ਮਨਜੀਤ ਸਿੰਘ ਜੀ.ਕੇ. ’ਤੇ ਵਰ੍ਹਦਿਆਂ ਦੋਹਾਂ ਆਗੂਆਂ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਕੌਮ ਨੂੰ ਗੁੰਮਰਾਹ ਕੀਤਾ ਤੇ ਆਪਣੇ ਆਪ ਹੀਰੋ ਬਣਨ ਵਾਸਤੇ ਕੰਮ ਕਰਦੇ ਹਨ। ਜਦੋਂ ਕੌਮ ਦੀਆਂ ਭੈਣਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦਾ ਸਮਾਂ, ਉਦੋਂ ਉਹ ਜ਼ਖ਼ਮਾਂ ’ਤੇ ਲੂਣ ਛਿੜਕਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸਾਡੇ ਵਿਰੋਧੀ ਕੇਸ ਦੀ ਪੈਰਵੀ ਕਰਦੇ ਹੋਏ ਇਕ ਵੀ ਗਵਾਹ ਨੂੰ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਜਾਂ ਕੋਈ ਦੋਸ਼ੀ ਹੋਵੇ, ਉਸਨੂੰ ਮੁਕਰਾ ਨਹੀਂ ਸਕੇ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੇਸ ਲੜੇ ਹਨ। ਉਹਨਾਂ ਕਿਹਾ ਕਿ ਅਸੀਂ ਜਲਦੀ ਹੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤੇ ਸੀ ਬੀ ਆਈ ਦੇ ਉਚ ਅਧਿਕਾਰੀਆਂ ਨੂੰ ਮਿਲਾਂਗੇ। ਉਹਨਾਂ ਕਿਹਾ ਕਿ ਕੇਸ ਕਿਉਂਕਿ ਸੀ ਬੀ ਆਈ ਨੇ ਕੀਤਾ ਸੀ, ਇਸ ਲਈ ਹਾਈ ਕੋਰਟ ਵਿਚ ਚੁਣੌਤੀ ਉਹੀ ਦੇਵੇਗੀ, ਅਸੀਂ ਸਿਰਫ ਨਾਲ ਸਾਥ ਦਿਆਂਗੇ।