ਦਿੱਲੀ : ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ਦੇ ਪ੍ਰਧਾਨ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਇੰਦਰ ਮੋਹਨ ਸਿੰਘ ਨੇ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਵਲੋਂ ਆਪਣੇ ਅਯੋਗ ਮੈਂਬਰ ਦੇ ਖਿਲਾਫ ਕਾਰਵਾਈ ਕਰਨ ਤੋਂ ਗੁਰੇਜ ਕਰਨ ਦਾ ਦੋਸ਼ ਲਾਇਆ ਹੈ। ਇਸ ਸਬੰਧ ‘ਚ ਉਨ੍ਹਾਂ ਜਾਣਕਾਰੀ ਦਿੰਦਿਆ ਕਿਹਾ ਕਿ ਦਿੱਲੀ ਕਮੇਟੀ ਦੇ ਕਾਰਜਕਾਰੀ ਬੋਰਡ ਦੀ ਮੈਂਬਰ ਬੀਬੀ ਰਣਜੀਤ ਕੋਰ ਨੇ ਸਾਲ 2021 ‘ਚ ਮੁੱੜ੍ਹ ਗਲਤ ਦਸਤਾਵੇਜਾਂ ਦੇ ਆਧਾਰ ‘ਤੇ ਚੋਣ ਲੱੜ੍ਹ ਕੇ ਮੈਂਬਰੀ ਹਾਸਿਲ ਕੀਤੀ ਸੀ, ਜਦਕਿ ਨਿਯਮਾਂ ਮੁਤਾਬਿਕ ਉਹ ਦਿੱਲੀ ਕਮੇਟੀ ਦੀ ਮੁਲਾਜਮ ਹੋਣ ਦੇ ਨਾਤੇ ਗੁਰਦੁਆਰਾ ਚੋਣਾਂ ਨਹੀ ਲੜ੍ਹ ਸਕਦੀ ਸੀ। ਉਨ੍ਹਾਂ ਦਸਿਆ ਕਿ ਇਸ ਬੀਬੀ ਨੇ ਨਾਮਜਦਗੀ ਭਰਨ ਸਮੇਂ ਆਪਣੇ ਆਪ ਨੂੰ ਗੁਰੁ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਮੁਲਾਜਮ ਦਸਿਆ ਸੀ ‘ਤੇ ਇਸ ਸਕੂਲ ਤੋਂ ਆਪਣਾ ਅਸਤੀਫਾ ਮੰਜੂਰ ਹੋਣ ਦੇ ਕਾਗਜ ਵੀ ਦਾਖਿਲ ਕੀਤੇ ਸੀ, ਜਦਕਿ ਮਿਲੀ ਜਾਣਕਾਰੀ ਮੁਤਾਬਿਕ ਬੀਬੀ ਰਣਜੀਤ ਕੋਰ ਨੇ ਆਪਣਾ ਅਸਤੀਫਾ ਈਮੇਲ ਰਾਹੀ 31 ਮਾਰਚ 2021 ਨੂੰ ਰਾਤ 8 ਵਜੇ ਤੋਂ ਬਾਦ ਸਕੂਲ ਨੂੰ ਭੇਜਣ ਦਾ ਦਾਵਾ ਕੀਤਾ ਹੈ, ਪਰੰਤੂ ਹੈਰਾਨਗੀ ਦੀ ਗੱਲ ਹੈ ਕਿ ਇਹ ਅਸਤੀਫਾ ਸਕੂਲ ਵਲੋਂ ਉਸੇ ਰਾਤ ਨੂੰ ਹੀ ਮੰਜੂਰ ਕਰ ਲਿਆ ਗਿਆ ਸੀ। ਸ. ਇੰਦਰ ਮੋਹਨ ਸਿੰਘ ਨੇ ਸਵਾਲ ਕੀਤਾ ਹੈ ਕਿ ਸਕੂਲ ਬੰਦ ਹੋਣ ਤੋਂ ਬਾਦ ਕੀ ਦੇਰ ਰਾਤ ਤੱਕ ਸਕੂਲ ਦੇ ਚੇਅਰਮੈਨ, ਮੈਨੇਜਰ ਜਾਂ ਪ੍ਰਿੰਸੀਪਲ ਸਕੂਲ ‘ਚ ਮੋਜੂਦ ਸਨ ? ਉਨ੍ਹਾਂ ਦਸਿਆ ਕਿ ਨਿਯਮਾਂ ਮੁਤਾਬਿਕ ਕਿਸੇ ਸਕੂਲੀ ਮੁਲਾਜਮ ਦਾ ਅਸਤੀਫਾ ਕੇਵਲ ਸਕੂਲ ਮੈਨੇਜਮੈਂਟ ਕਮੇਟੀ (ਏਸ.ਏਮ.ਸੀ) ਵਲੌਂ ਦਿੱਲੀ ਸਰਕਾਰ ਦੇ ਸਿਖਿਆ ਨਿਦੇਸ਼ਕ ਪਾਸੋਂ ਮੰਜੂਰੀ ਮਿਲਣ ਤੋਂ ਉਪਰੰਤ ਹੀ ਮੰਨਿਆ ਜਾ ਸਕਦਾ ਹੈ। ਪਰੰਤੂ ਬੀਬੀ ਰਣਜੀਤ ਕੋਰ ਦੇ ਮਾਮਲੇ ‘ਚ ਨਾਂ ਤਾ ਸਕੂਲ ਮੈਨੇਜਮੈਂਟ ਕਮੇਟੀ ‘ਤੇ ਨਾ ਹੀ ਸਿਖਿਆ ਨਿਦੇਸ਼ਕ ਦੀ ਮੰਜੂਰੀ ਲਈ ਗਈ ਸੀ। ਇਸ ਲਈ ਇਹ ਬੀਬੀ ਹਾਲੇ ਵੀ ਦਿੱਲੀ ਗੁਰਦੁਆਰਾ ਕਮੇਟੀ ਦੀ ਮੁਲਾਜਮ ਹੈ ‘ਤੇ ਗੈਰ-ਕਾਨੂੰਨੀ ਢੰਗ ਨਾਲ 1 ਅਪ੍ਰੈਲ 2021 ਤੋਂ ਆਪਣੀ ਡਿਉਟੀ ਤੋਂ ਗੈਰ-ਹਾਜਿਰ ਚੱਲ ਰਹੀ ਹੈ।
ਸ. ਇੰਦਰ ਮੋਹਨ ਸਿੰਘ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਅਹੁਦੇਦਾਰ ਬੀਬੀ ਰਣਜੀਤ ਕੋਰ ਦੇ ਖਿਲਾਫ ਕਾਰਵਾਈ ਕਰਨ ਤੋਂ ਢਿੱਲ-ਮੁੱਲ ਕਰ ਰਹੇ ਹਨ ‘ਤੇ ਅਦਾਲਤੀ ਆਦੇਸ਼ਾਂ ਦੇ ਮੱਦੇਨਜਰ ਕੇਵਲ ਖਾਨਾਪੂਰਤੀ ਲਈ ਇਸ ਬੀਬੀ ਨੂੰ ਗੈਰ-ਕਾਨੂੰਨੀ ਢੰਗ ਨਾਲ ਮਾਰਚ 2017 ਤੋਂ ਜਨਵਰੀ 2021 ਤੱਕ ਦਿੱਲੀ ਕਮੇਟੀ ਦੀ ਮੈਂਬਰੀ ਦਾ ਆਨੰਦ ਮਾਣਨ ਦੇ ਕਾਰਨ 88 ਲੱਖ ਰੁਪਏ ਦੀ ਰਿਕਵਰੀ ਦਾ ਨੋਟਿਸ ਭੇਜਿਆ ਹੈ । ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਉਨ੍ਹਾਂ ਆਪਣੇ ਪੱਤਰ ਰਾਹੀ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ‘ਤੇ ਜਨਰਲ ਮੈਨੇਜਰ ਨੂੰ ਬੀਬੀ ਰਣਜੀਤ ਕੋਰ ਦੀ ਕਮੇਟੀ ਦੇ ਕਾਰਜਕਾਰੀ ਬੋਰਡ ‘ਤੇ ਆਮ ਮੈਂਬਰੀ ਰੱਦ ਕਰਨ, 88 ਲੱਖ ਰੁਪਏ ਦੀ ਤੁਰੰਤ ਰਿਕਵਰੀ ‘ਤੇ ਇਸ ਬੀਬੀ ਨੂੰ ਦਿੱਤੇ ਜਾ ਰਹੇ ਮੈਂਬਰ ਫੰਡ ਨੂੰ ਫੋਰੀ ਤੋਰ ‘ਤੇ ਰੋਕਣ ਲਈ ਕਿਹਾ ਹੈ । ਉਨ੍ਹਾਂ ਇਸ ਪੱਤਰ ਦੀ ਕਾਪੀ ਗੁਰਦੁਆਰਾ ਚੋਣ ਡਾਇਰੈਕਟਰ ਨੂੰ ਵੀ ਯੋਗ ਕਾਰਵਾਈ ਕਰਨ ਲਈ ਭੇਜੀ ਹੈ। ਉਨਾਂ ਦਸਿਆ ਕਿ ਜੇਕਰ ਇਸ ਬੀਬੀ ਦੇ ਖਿਲਾਫ ਤੁਰੰਤ ਕਾਰਵਾਈ ਨਾਂ ਕੀਤੀ ਗਈ ਤਾਂ ਉਹ ਅਦਾਲਤ ਨੂੰ ਪਹੁੰਚ ਕਰਨ ‘ਚ ਕੋਈ ਗੁਰੇਜ ਨਹੀ ਕਰਨਗੇ।