ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ।
ਜਦ ਤੋਂ ਗਿਆ ਕਨੇਡਾ, ਫੇਰਾ ਪਾਇਆ ਨਹੀਂ।
ਵਿਆਹ ਤੋਂ ਪਹਿਲਾਂ ਫ਼ੋਨ ‘ਤੇ ਗੱਲਾਂ ਕਰਦਾ ਸੀ।
ਜਿੰਦ ਆਪਣੀ ਉਹ, ਤਲੀ ਮੇਰੀ ਤੇ ਧਰਦਾ ਸੀ।
ਵਿਚੋਲੇ ਨੂੰ ਉਸ, ਗੱਲਾਂ ਵਿਚ ਭਰਮਾਇਆ ਨੀਂ,
ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ।
ਜਦ ਤੋਂ ਗਿਆ ਕਨੇਡਾ, ਫੇਰਾ ਪਾਇਆ ਨਹੀਂ।
ਝੱਟ ਮੰਗਣੀ ਤੇ ਫੱਟ ਵਿਆਹ ਦੀ ਚਰਚਾ ਸੀ।
ਜਮੀਨ ਵੇਚ ਕੇ, ਵਿਆਹ ਤੇ ਕੀਤਾ ਖਰਚਾ ਸੀ।
ਵਿਆਹ ਕਰਵਾ ਕੇ,ਚਾਵਾਂ ਨਾਲ ਘੁਮਾਇਆ ਸੀ,
ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ।
ਜਦ ਤੋਂ ਗਿਆ ਕਨੇਡਾ, ਫੇਰਾ ਪਾਇਆ ਨਹੀਂ।
ਕਿਹਦੇ ਨਾਲ ਮੈਂ, ਦਿਲ ਦੀਆਂ ਗੱਲਾਂ ਫੋਲਾਂ ਨੀਂ।
ਹੁਣ, ਗ਼ਮ ਦੀ ਮਾਰੀ, ਉੱਚੀ ਨਾ ਮੈਂ ਬੋਲਾਂ ਨੀਂ।
ਜਿੰਦ ਕਸੂਤੀ ਫਸ ਗਈ,ਦਿਲ ਘਬਰਾਇਆ ਨੀਂ,
ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ।
ਜਦ ਤੋਂ ਗਿਆ ਕਨੇਡਾ, ਫੇਰਾ ਪਾਇਆ ਨਹੀਂ।
ਮੈਂ ਤਾਂ ਸੁਣਿਆਂ, ਵਿਚ ਕਨੇਡਾ, ਉਹਦੇ ਬੱਚੇ ਨੇ।
ਸੁਣ-ਸੁਣ ਕੇ ਗੱਲਾਂ, ਦਿਲ ਤੇ ਭਾਂਬੜ ਮੱਚੇ ਨੇ।
‘ਸੁਹਲ’ ਵਲੈਤੀ ਮੁੰਡਿਆਂ,ਦਗ਼ਾ ਕਮਾਇਆ ਨੀਂ,
ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ।
ਜਦ ਤੋਂ ਗਿਆ ਕਨੇਡਾ, ਫੇਰਾ ਪਾਇਆ ਨਹੀਂ।