ਲੁਧਿਆਣਾ : ਰੋਲਰ ਫਲੋਰ ਮਿੱਲਰਜ਼ ਐਸੋਸੀਏਸ਼ਨ ਆਫ਼ ਪੰਜਾਬ (ਰਜਿਸਟਰਡ), ਪੰਜਾਬ ਦੀ ਪਹਿਲੀ ਸਾਲਾਨਾ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਐਸੋਸੀਏਸ਼ਨ ਵੱਲੋਂ ਕੀਤੇ ਗਏ ਵੱਖ-ਵੱਖ ਕੰਮਾਂ ਬਾਰੇ ਚਾਨਣਾ ਪਾਇਆ ਗਿਆ।
ਇਹ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਧਰਮਿੰਦਰ ਐਸ ਗਿੱਲ ਅਤੇ ਮੀਤ ਪ੍ਰਧਾਨ ਅਨਿਲ ਪੋਪਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਐਸੋਸੀਏਸ਼ਨ ਦੇ ਵਿੱਤ ਸਕੱਤਰ ਵਿਪਨ ਮਿੱਤਲ, ਜਨਰਲ ਸਕੱਤਰ ਦੀਨਮ ਸੂਦ, ਸੰਯੁਕਤ ਸਕੱਤਰ ਸ਼ੁਭਮ ਗੋਇਲ, ਸਲਾਹਕਾਰ ਵਿਨੋਦ ਮਿੱਤਲ, ਵਿਕਾਸ ਗੋਇਲ ਅਤੇ ਅਮਰਜੀਤ ਸਿੰਘ ਸਮੇਤ ਹੋਰ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਧਰਮਿੰਦਰ ਐਸ ਗਿੱਲ ਅਤੇ ਮੀਤ ਪ੍ਰਧਾਨ ਅਨਿਲ ਪੋਪਲੀ ਨੇ ਕਿਹਾ ਕਿ ਰੋਲਰ ਫਲੋਰ ਮਿੱਲਰਜ਼ ਐਸੋਸੀਏਸ਼ਨ ਆਫ਼ ਪੰਜਾਬ (ਰਜਿਸਟਰਡ) ਪੰਜਾਬ ਦੀਆਂ ਰੋਲਰ ਫਲੋਰ ਮਿੱਲਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਵਾਲੀ ਇੱਕੋ ਇੱਕ ਸੰਸਥਾ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੀ ਇਹ ਪਹਿਲੀ ਸਾਲਾਨਾ ਮੀਟਿੰਗ ਹੈ, ਜਿਸ ਵਿੱਚ ਉਨ੍ਹਾਂ ਨੇ 1 ਮਈ 2023 ਨੂੰ ਐਸੋਸੀਏਸ਼ਨ ਦੀਆਂ ਚੋਣਾਂ ਤੋਂ ਬਾਅਦ ਦੀਆਂ ਪ੍ਰਾਪਤੀਆਂ ਨੂੰ ਸਮੂਹ ਮੈਂਬਰਾਂ ਨਾਲ ਸਾਂਝਾ ਕੀਤਾ।
ਗਿੱਲ ਨੇ ਦੱਸਿਆ ਕਿ ਉਦਯੋਗ ਜਗਤ ਨੇ ਉਦਯੋਗ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਰਗੀਆਂ ਖੋਜ ਸੰਸਥਾਵਾਂ ਦਰਮਿਆਨ ਵਧੇਰੇ ਤਾਲਮੇਲ ਲਈ ਸਰਕਾਰ ਨੂੰ ਨੁਮਾਇੰਦਗੀ ਦਿੱਤੀ ਹੈ ਤਾਂ ਜੋ ਵਿਗਿਆਨੀਆਂ ਨੂੰ ਮੰਡੀ ਦੇ ਬਦਲਦੇ ਰੁਝਾਨਾਂ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਪੰਜਾਬ ਦੇ ਕਿਸਾਨ ਦੇਸ਼ ਵਿੱਚ ਖੇਤੀ ਖੇਤਰ ਵਿੱਚ ਆਪਣਾ ਯੋਗਦਾਨ ਪਾਉਣ ਵਿੱਚ ਮੋਹਰੀ ਰਹੇ। ਉਨ੍ਹਾਂ ਕਿਹਾ ਕਿ ਵਪਾਰ ਨੂੰ ਸੁਖਾਲਾ ਬਣਾਉਣ ਲਈ ਮੰਡੀ ਬੋਰਡ ਨਾਲ ਵੱਖ-ਵੱਖ ਅੜਿੱਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ, ਜਿਨ੍ਹਾਂ ਨੂੰ ਹੱਲ ਕੀਤਾ ਜਾ ਰਿਹਾ ਹੈ।