ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਅਕਾਲੀ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਮਸਲੇ ਉੱਪਰ ਸਿਰਫ ਤੇ ਸਿਰਫ ਪੰਜਾਬ ਦਾ ਹੀ ਹੱਕ ਹੈ । ਇਹ ਅਕਾਲੀ ਦਲ ਦਾ ਸਿੱਧਾ ਤੇ ਸਪੱਸ਼ਟ ਸਟੈਂਡ ਰਿਹਾ ਹੈ ਪਰ ਪੰਜਾਬ ਦੇ ਲੋਕਾਂ ਦੇ ਜਜਬਾਤਾਂ ਨਾਲ ਖੇਡ ਕੇ ਸੱਤਾ ਵਿੱਚ ਆਇਆ ਭਗਵੰਤ ਮਾਨ ਅੱਜ ਦੂਜਾ ਦਰਬਾਰਾ ਸਿੰਘ ਬਣਕੇ ਪੰਜਾਬ ਦੇ ਹਿੱਤਾਂ ਨੂੰ ਦਾਅ ਤੇ ਲੱਗਾ ਰਿਹਾ ਹੈ ਤਾਂ ਜੋ ਉਸਦਾ ਆਕਾ ਅਰਵਿੰਦ ਕੇਜਰੀਵਾਲ ਰਾਜਸਥਾਨ ਤੇ ਹਰਿਆਣੇ ਵਿੱਚ ਪੈਰ ਪਸਾਰ ਸਕੇ । ਇਸੇ ਲਈ ਭਗਵੰਤ ਮਾਨ ਨੇ ਐਸ. ਵਾਈ. ਐਲ ਨੂੰ ਬਣਾਉਣ ਦੀ ਮੂਕ ਸਹਿਮਤੀ ਦੇ ਦਿੱਤੀ ਹੈ । ਤੇ ਜਿਵੇਂ ਕਿ ਭਗਵੰਤ ਮਾਨ ਹਰ ਵਾਰ ਕਰਦਾ ਹੈ ਕਿ ਇਸ ਮੁੱਦੇ ਤੋਂ ਧਿਆਨ ਭਟਕਾਉਣ ਲਈ ਉਸਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ।
ਅੱਜ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਭਗਵੰਤ ਮਾਨ ਦੇ ਘਰ ਅੱਗੇ ਵੱਡਾ ਇਕੱਠ ਕਰਕੇ ਇਹ ਦੱਸ ਦਿੱਤਾ ਕਿ ਪੰਜਾਬ ਤੇ ਪੰਥ ਦੇ ਹਿੱਤਾਂ ਤੇ ਪਾਣੀਆਂ ਦੀ ਲੜਾਈ ਸਿਰਫ ਅਕਾਲੀ ਦਲ ਹੀ ਲੜ੍ਹ ਸਕਦਾ ਹੈ । ਅੱਜ ਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਹੁਣ ਪੰਜਾਬ ਦੀ ਬਰਬਾਦੀ ਰੋਕਣ ਲਈ ਅਕਾਲੀ ਦਲ ਵੱਲ ਦੇਖ ਰਹੇ ਹਨ ।
ਭਗਵੰਤ ਮਾਨ ਖੁੱਲ੍ਹੀ ਬਹਿਸ ਦੀਆਂ ਢੀਂਗਾ ਮਾਰਨ ਤੋਂ ਬਾਅਦ ਅੱਜ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਬਹਿਸ ਕਰਨ ਤੋਂ ਭੱਜ ਕੇ ਮੱਧ ਪ੍ਰਦੇਸ਼ ਜਾ ਵੜਿਆ । ਜੋ ਕਿ ਸਾਬਤ ਕਰਦਾ ਹੈ ਕਿ ਭਗਵੰਤ ਮਾਨ ਸਿਰਫ ਸ਼ੇਖੀਆਂ ਮਾਰਨ ਜੋਗਾ ਹੀ ਹੈ । ਜੁਰਅਤ ਨਾਲ ਕਿਸੇ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਰੱਖਦਾ । ਅੱਜ ਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਹੀ ਲੋਕਾਂ ਦੀ ਹੁਣ ਇੱਕੋ ਇੱਕ ਟੇਕ ਹੈ । ਤੇ ਅਕਾਲੀ ਦਲ ਆਪਣਾ ਫਰਜ ਸਮਝਦੇ ਹੋਏ ਪੰਜਾਬ ਦੇ ਹਿੱਤਾਂ ਤੇ ਡਟਕੇ ਪਹਿਰਾ ਦੇਵੇਗਾ ਤੇ ਪਾਣੀ ਦੀ ਇਕ ਵੀ ਬੂੰਦ ਪੰਜਾਬ ਤੋੰ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ ।