ਲੁਧਿਆਣਾ – ਡਾ. ਅਮਰਜੀਤ ਟਾਂਡਾ ਨੇ ਪੰਜਾਬ ਵਿੱਚ ਵਿਸਰ ਰਹੀਆਂ ਭਾਈਚਾਰਕ ਸਾਂਝਾਂ ਲਈ ਰੀਤੀ ਰਿਵਾਜ਼ਾਂ ਦੀ ਮੁੜ ਵਾਪਸੀ ਤੇ ਇਹਨਾਂ ਦੀ ਅਹਿਮੀਅਤ ਬਾਰੇ ਗੱਲ ਕੀਤੀ।
ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਅਸੀਂ ਰਲਮਿਲ ਫਿਰ ਬੈਠਣ ਲੱਗ ਗਏ ਤਾਂ ਲੋਕਾਂ ਦੇ ਮਨਾਂ ਵਿੱਚੋਂ ਤਣਾਓ ਤੇ ਪਰੇਸ਼ਾਨੀਆਂ ਘਟ ਜਾਣਗੀਆਂ।
ਉਹ ਅੱਜ ਦੁਸਹਿਰੇ ਦੇ ਮੌਕੇ ਤੇ ਲੋਕਾਂ ਦੇ ਇਕ ਸਮੂਹ ਨੂੰ ਸੰਬੋਧਨ ਕਰ ਰਹੇ ਸਨ।
ਉਹਨਾਂ ਨੇ ਕਿਹਾ ਕਿ ਨਫ਼ਰਤਾਂ ਪੂੰਝਣੀਆਂ ਔਖੀਆਂ ਨਹੀਂ ਹੁੰਦੀਆਂ ਇਰਾਦਾ ਤੇ ਲਗਨ ਮਨਾਂ ਵਿਚ ਵਸਾਉਣ ਦੀ ਜ਼ਰੂਰਤ ਹੁੰਦੀ ਹੈ।
ਡਾਕਟਰ ਟਾਂਡਾ ਨੇ ਵਾਰਨਿੰਗ ਦਿੱਤੀ ਜੇ ਅਸੀਂ ਦੁਸਹਿਰੇ ਦਿਵਾਲੀਆਂ ਮੇਲੇ ਵਿਆਹ ਦੀਆਂ ਰਸਮਾਂ ਰੀਤਾਂ ਤਿਆਗ ਦਿੱਤੀਆਂ ਤਾਂ ਭਾਈ ਭਾਈਚਾਰਕ ਸਾਂਝਾ ਬਿਲਕੁਲ ਖਤਮ ਹੋ ਜਾਣਗੀਆਂ। ਅਸੀਂ ਸਾਰੇ ਇੱਕ ਦੂਸਰੇ ਤੋਂ ਟੁੱਟ ਕੇ ਬਹਿ ਜਾਵਾਂਗੇ।
ਉਹਨਾਂ ਨੇ ਕਿਹਾ ਕਿ ਵਿਆਹ ਸਮੇਂ ਕਰਨ ਨਿਭਾਉਣ ਵਾਲੀਆਂ ਸਾਰੀਆਂ ਰਸਮਾਂ ਦੀ ਵੀ ਪੰਜਾਬੀਆਂ ਦੇ ਆਮ ਜਿਹੀ ਜ਼ਿੰਦਗੀ ਵਿੱਚ ਬਹੁਤ ਮਹਾਨਤਾ ਹੈ। ਅਣਮੁੱਲੀ ਅਹਿਮੀਅਤ। ਇੱਕ ਵੱਡਾ ਸਥਾਨ ਹੈ। ਖ਼ਜ਼ਾਨਾ ਹਨ ਇਹ ਅਤੀਤ ਦਾ। ਲੀਹਾਂ ਪੁਰਾਣੀਆਂ। ਪਰ ਸੋਹਣੀਆਂ ਤੇ ਰਮਣੀਕ ਵੀ।
ਉਹਨਾਂ ਇਹ ਵੀ ਕਿਹਾ ਕਿ ਇਹਨਾਂ ਸਾਰੀਆਂ ਰਸਮਾਂ ਨੂੰ ਨਿਭਾਉਣ ਪਿੱਛੇ ਅਨੇਕਾਂ ਹੀ ਸੱਭਿਆਚਾਰਕ ਅਤੇ ਸਮਾਜਿਕ ਪਿਛੋਕੜਾਂ ਤੇ ਕਾਰਣ ਹਨ।
ਡਾਕਟਰ ਟਾਂਡਾ ਨੇ ਕਿਹਾ ਕਿ ਵੈਦਿਕ ਸ਼ਾਸਤਰਾਂ ਦੇ ਅਨੁਸਾਰ, ਇਹ ਰਸਮਾਂ ਰੀਤਾਂ ਪੁਸ਼ਤੈਨੀ ਕਰਜ਼ਿਆਂ ਜਿਵੇਂ ‘ਦੇਵ ਲੋਨ’, ‘ਰਿਸ਼ੀ ਲੋਨ’ ਅਤੇ ‘ਪਿਤਰ ਲੋਨ’ਤੋਂ ਵੀ ਮੁਕਤੀ ਦਿੰਦੀਆਂ ਹਨ। ਇਹ ਤਿਉਹਾਰ ਤੇ ਰਸਮਾਂ ਰਲਮਿਲ ਮਨਾਉਣ ਨਾਲ ਹੀ ਸੋਹਣੀਆਂ ਰੌਣਕਾਂ ਲਗਾਉਂਦੀਆਂ ਹਨ। ਇਹਨਾਂ ਰਾਹੀਂ ਹੀ ਮਨੁੱਖੀ ਰਿਸ਼ਤਿਆਂ ਦੀ ਆਪਸੀ ਸਾਂਝ ਵਧਦੀ ਹੈ।
ਡਾਕਟਰ ਟਾਂਡਾ ਨੇ ਕਿਹਾ ਕਿ ਵਿਆਹਾਂ ਨਾਲ ਸੰਬੰਧਿਤ ਸਧਰਾਂ ਰਸਮਾਂ ਦੀ ਪੂਰਤੀ ਤਾਂ ਹੁੰਦੀ ਹੀ ਹੈ। ਇਕ ਦੂਜੇ ਦੇ ਮਨ ਵੀ ਖਿੜਦੇ ਹਨ। ਦਿਲ ਵਿਚ ਜੋਤ ਜਗਦੀ ਹੈ ਮਿਲਣ ਦੀ। ਮਿਲਾਪ ਦੀ ਤਾਂਘ ਖਾਹਿਸ਼ ਚਾਹਤ ਉੱਗਦੀ ਹੈ। ਨਿੱਕੇ ਨਿੱਕੇ ਹਾਸੇ। ਮੁਸਕਰਾਹਟਾਂ ਆਪਣੇ ਆਪ ਆ ਵਸਦੀਆਂ ਹਨ ਹੋਠਾਂ ਤੇ।
ਡਾਕਟਰ ਟਾਂਡਾ ਨੇ ਕਿਹਾ ਕਿ ਜ਼ਰਾ ਸੋਚੋ ਜੇ ਇਹ ਮੇਲੇ ਤਿਉਹਾਰ ਰਸਮਾਂ ਰੀਤਾਂ ਰਿਵਾਜ਼ ਨਾ ਹੁੰਦੇ ਤਾਂ ਜੀਵਨ ਦੀ ਟੋਰ ਵਿੱਚੋਂ ਰੀਝਾਂ ਚਾਅ ਅਲੋਪ ਹੋ ਜਾਣੇ ਸਨ। ਲੋਕ ਗੀਤ ਮਰ ਜਾਣੇ ਸੀ। ਵੈਰਾਗੇ ਜਾਣੇ ਸੀ ਪਲ ਪਹਿਰ ਜੀਵਨ ਦੇ। ਫਿਰ ਘੜੀਆਂ ਪਲ ਕਿਹਦੇ ਕੋਲ ਬਹਿ ਬਹਿ ਹੱਸਦੇ। ਕਿਹਨੂੰ ਦਿੱਲ ਦੀਆਂ ਦੱਸਦੇ।