ਸਿਨਸਿਨੈਟੀ, (ਸਮੀਪ ਸਿੰਘ ਗੁਮਟਾਲਾ): ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨੈਟੀ ਵਿਖੇ 21ਵਾਂ ਸਲਾਨਾ ਤਿੰਨ ਦਿਨਾਂ ਕੀਰਤਨ ਸਮਾਗਮ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨੈਟੀ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਹਰ ਸਾਲ ਵਾਂਗ, ਇਸ ਵਾਰ ਵੀ ਅਮਰੀਕਾ ਅਤੇ ਕੈਨੇਡਾ ਤੋਂ ਗੁਰਸਿੱਖ ਪਰਿਵਾਰ ਅਨੰਦਮਈ ਕੀਰਤਨ ਅਤੇ ਸੰਗਤ ਲਈ ਕਈ ਘੰਟਿਆਂ ਦੀ ਯਾਤਰਾ ਕਰਕੇ ਪਹੁੰਚੇ।
ਹਰ ਸਾਲ ਸਿਨਸਿਨੈਟੀ ਅਤੇ ਲਾਗਲੇ ਸ਼ਹਿਰਾਂ ਡੇਟਨ ਆਦਿ ਦੀ ਸੰਗਤ ਇਸ ਸਾਲਾਨਾ ਸਮਾਗਮ ਦੀ ਬੇਸਬਰੀ ਨਾਲ ਉਡੀਕ ਕਰਦੀ ਹੈ ਅਤੇ ਗੁਰੂ ਸਾਹਿਬ ਤੇ ਗੁਰੂ ਜੀ ਦੇ ਪਿਆਰੇ ਸਿੱਖਾਂ ਦੀ ਸੰਗਤ ਵਿੱਚ ਤਿੰਨ ਦਿਨ ਬਿਤਾਉਣ ਲਈ ਉਤਸੁਕ ਰਹਿੰਦੀ ਹੈ। ਸਮਾਗਮ ਵਿੱਚ ਭਾਗ ਲੈਣ ਲਈ ਟੋਰਾਂਟੋ, ਬਰੈਮਪਟਨ, ਸੈਨ ਫਰੈਂਸਿਸਕੋ ਅਤੇ ਹਰੋ ਦੂਰ-ਦੁਰਾਡੇ ਤੋਂ ਸੰਗਤ ਪੁੱਜੀ ਅਤੇ ਰੱਸ ਭਿੰਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਤਿੰਨ ਦਿਨ ਕੀਰਤਨੀਆਂ ਵੱਲੋਂ, ਕੁੱਲ 18 ਘੰਟੇ, ਜਿਸ ਵਿੱਚ ਬੱਚੇ ਅਤੇ ਨੋਜਵਾਨ ਵੀ ਸ਼ਾਮਲ ਸਨ ਗੁਰਬਾਣੀ ਦਾ ਮਨੋਹਰ ਕੀਰਤਨ ਗਾਇਨ ਕੀਤਾ। ਸਵੇਰੇ ਰੋਜਾਨਾ ਨਿਤਨੇਮ ਤੋਂ ਬਾਦ ਆਸਾ ਦੀ ਵਾਰ ਦਾ ਕੀਰਤਨ ਗਾਇਨ ਕੀਤਾ। ਕੀਰਤਨ ਦੌਰਾਨ ਕੋਈ ਘੋਸ਼ਣਾ ਨਹੀਂ ਕੀਤੀ ਗਈ ਅਤੇ ਸਾਰੇ ਕੀਰਤਨ ਕਰਨ ਵਾਲੇ ਸੇਵਾਦਾਰਾਂ ਨੂੰ ਪਹਿਲਾਂ ਹੀ ਵਾਰੀ ਅਤੇ ਸਮਾਂ ਦਿੱਤਾ ਗਿਆ ਸੀ। ਕਿਸੇ ਹੋਰ ਨੇ ਕੀਰਤਨ ਕਰਨ ਲਈ ਵਾਰੀ ਮੰਗਣ ਬਾਰੇ ਸੋਚਿਆ ਵੀ ਨਹੀਂ ਕਿਉਂਕਿ ਸਾਰੇ ਕੀਰਤਨ ਦੋਰਾਨ ਨਾਮ ਦੇ ਪ੍ਰੇਮ ਵਿੱਚ ਰੰਗੇ ਹੋਏ ਸਨ। ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਸੰਗਤ ਵਿਚ ਬੈਠੇ ਕਿਸੇ ਨੂੰ ਘਰ ਜਾਣ ਜਾਂ ਸੌਣ ਦੀ ਕੋਈ ਇੱਛਾ ਨਹੀਂ ਸੀ। ਲੰਗਰ ਵਿੱਚ ਸੇਵਾ ਨਿਰੰਤਰ ਚੱਲਦੀ ਰਹੀ ਅਤੇ ਨਾਮ ਦੀ ਗੂੰਜ ਮਹਿਸੂਸ ਹੁੰਦੀ ਰਹੀ।
ਸਿਨਸਿਨੈਟੀ ਵਿਖੇ ਸਾਲ 2003 ਵਿੱਚ ਸੰਗਤਾਂ ਦੇ ਸਹਿਯੋਗ ਨਾਲ ਇਸ ਸਲਾਨਾ ਕੀਰਤਨ ਸਮਾਗਮ ਨੂੰ ਸ਼ੁਰੂ ਕਰਨ ਵਾਲੇ ਨੋਜਵਾਨ ਭਾਈ ਜੈਪਾਲ ਸਿੰਘ, ਬੀਤੇ ਸਾਲ ਮਈ ਮਹੀਨੇ 41 ਸਾਲ ਦੀ ਉਮਰ ਵਿੱਚ ਕੈਂਸਰ ਦੀ ਬਿਮਾਰੀ ਕਾਰਨ ਸੰਗਤਾਂ ਨੂੰ ਵਿਛੋੜਾ ਦੇ ਗਏ। ਹੁਣ ਉਹਨਾਂ ਦੇ ਜਾਣ ਤੋਂ ਬਾਦ ਵੀ ਸਾਰੀ ਸੰਗਤ ਨੇ ਇਸ ਨੂੰ ਜਾਰੀ ਰੱਖਦੇ ਹੋਏ ਇਸ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜਿਹੜਾ ੳੁੱਧਮ ਅਤੇ ਸਿੱਖੀ ਦਾ ਬੂਟਾ ਜੈਪਾਲ ਸਿੰਘ ਨੇ ਬੀਜਿਆ ਸੀ, ਉਸ ਸਮੇਂ ਜਿਹੜੇ ਬੱਚੇ 6-7 ਸਾਲ ਦੀ ਉਮਰ ਦੇ ਸਨ, ਹੁਣ ਉਹਨਾਂ ਸਭਨਾਂ ਨੋਜਵਾਨਾਂ ਵਲੋਂ ਇਹਨਾਂ ਸਮਾਗਮਾਂ ਵਿੱਚ ਕੀਰਤਨ ਦੀ ਸੇਵਾ ਹਾਲੇ ਵੀ ਜਾਰੀ ਹੈ।
ਸੰਗਤਾਂ ਨੇ ਇਹ ਅਰਦਾਸ ਕੀਤੀ ਕਿ ਇਸ ਸਲਾਨਾ ਸਮਾਗਮ ਦਾ ਆਯੋਜਨ ਸਤੰਬਰ ਜਾਂ ਅਕਤੂਬਰ ਮਹੀਨੇ ਚੋਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਨੇੜੇ ਹੁੰਦਾ ਰਹੇ ਅਤੇ ਇਸੇ ਤਰਾਂ ਹਰ ਸਾਲ ਦੂਰ ਦੁਰਾਂਡੇ ਤੋਂ ਆਕੇ ਸੰਗਤ ਗੁਰਬਾਣੀ ਕੀਰਤਨ ਦਾ ਅਨੰਦ ਮਾਨਣ ਲਈ ਜੁੜਦੀ ਰਹੇ।