ਨਵੀਂ ਦਿੱਲੀ – ਦਿੱਲੀ ਯੂਨੀਵਰਸਿਟੀ ਦੇ ਦੌਲਤ ਰਾਮ ਕਾਲਜ ਤੋਂ ਮਨਘੜ੍ਹਤ ਸ਼ਿਕਾਇਤ ਦੇ ਆਧਾਰ ਉਤੇ ਨੌਕਰੀ ਤੋਂ ਕੱਢੀ ਗਈ ਡਾਕਟਰ ਰਿਤੂ ਸਿੰਘ ਨੂੰ ਪੂਰਾ ਸਮਰਥਨ ਦੇਣ ਦਾ ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਐਲਾਨ ਕੀਤਾ ਹੈ। ਡਾਕਟਰ ਰਿਤੂ ਸਿੰਘ ਵੱਲੋਂ ਬੀਤੇ 28 ਅਗਸਤ ਤੋਂ ਦਿੱਲੀ ਯੂਨੀਵਰਸਿਟੀ ਦੀ ਆਰਟ ਫੈਕਲਟੀ ਦੇ ਗੇਟ ਨੰਬਰ 4 ਦੇ ਬਾਹਰ ਲਾਏ ਹੋਏ ਮੋਰਚੇ ਉਤੇ ਪੁੱਜੇ ਜੀਕੇ ਨੇ ਸਿੱਖ ਪ੍ਰੋਫ਼ੈਸਰਾਂ ਨੂੰ ਦਿੱਲੀ ਯੂਨੀਵਰਸਿਟੀ ਵਿਚ ਨੌਕਰੀ ਦੇ ਘੱਟ ਮਿਲ ਰਹੇ ਮੌਕਿਆਂ ਉਤੇ ਚਿੰਤਾ ਜਤਾਈ। ਇਸ ਮੌਕੇ ਸੰਗਤਾਂ ਵੱਲੋਂ ਮੋਰਚੇ ਵਾਲੀ ਥਾਂ ਉਤੇ ਗੁਰਬਾਣੀ ਕੀਰਤਨ ਉਪਰੰਤ ਅਰਦਾਸ ਕੀਤੀ ਗਈ। ਸਟੇਜ ਸਕੱਤਰ ਵਜੋਂ ਬੋਲਦੇ ਹੋਏ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਕਿਸਾਨ ਮੋਰਚੇ ਤੋਂ ਲੈਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚਿਆਂ ਵਿਚ ਆਪਣੀ ਬੇਬਾਕ ਰਾਏ ਨਾਲ ਸਭ ਦਾ ਧਿਆਨ ਖਿੱਚਣ ਵਾਲੀ ਡਾਕਟਰ ਰਿਤੂ ਸਿੰਘ ਇਸ ਵੇਲੇ ਜਾਤੀਵਾਦੀ ਤੇ ਫਾਸ਼ੀਵਾਦੀ ਤਾਕਤਾਂ ਨਾਲ ਬਾਖੂਬੀ ਲੜ ਰਹੀ ਹੈ। ਖੁਦ ਨੂੰ ਨੌਕਰੀ ਤੋਂ ਗਲਤ ਤਰੀਕੇ ਨਾਲ ਕੱਢਣ ਦੇ ਵਿਰੁੱਧ ਕਾਨੂੰਨੀ ਕਾਰਵਾਈ ਤਹਿਤ ਉਹ ਦਿੱਲੀ ਦੇ ਦੌਲਤ ਰਾਮ ਕਾਲਜ ਦੀ ਪ੍ਰਿੰਸੀਪਲ ਦੀ ਗਿਰਫਤਾਰੀ ਦੀ ਮੰਗ ਨੂੰ ਲੈਕੇ ਬੈਠੀ ਹੋਈ ਹੈ। ਇੱਕ ਪਾਸੇ ਦਿੱਲੀ ਦੇ ਖਾਲਸਾ ਕਾਲਜਾਂ ਵਿਚ ਸਿੱਖਾਂ ਨੂੰ ਮਿਲੇ ਨੌਕਰੀਆਂ ਦੇ ਮੌਕੇ ਨੂੰ ਸਾਡੇ ਦਿਲੀਂ ਕਮੇਟੀ ਪ੍ਰਬੰਧਕਾਂ ਦੀ ਬਦਇੰਤਜ਼ਾਮੀ ਅਤੇ ਕਾਲਜ ਪ੍ਰਸ਼ਾਸਨ ਦੀ ਲਾਪਰਵਾਹੀ ਨੇ ਗੁਆ ਦਿੱਤਾ ਹੈ। ਦੂਜੇ ਪਾਸੇ ਸਿੱਖ ਪਰਿਵਾਰ ਦੀ ਧੀ ਡਾਕਟਰ ਰਿਤੂ ਸਿੰਘ ਨੂੰ ਗਲਤ ਤਰੀਕੇ ਨਾਲ ਨੌਕਰੀ ਤੋਂ ਕੱਢਿਆ ਗਿਆ ਹੈ। ਇਸ ਮੌਕੇ ਜੀਕੇ, ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ ਖਾਲਸਾ, ਗੁਰਦੁਆਰਾ ਸਿੰਘ ਸਭਾ ਮੋਤੀ ਨਗਰ ਦੇ ਪ੍ਰਧਾਨ ਰਵਿੰਦਰ ਸਿੰਘ ਅਤੇ ਜਨਰਲ ਸਕੱਤਰ ਰਾਜਾ ਸਿੰਘ ਨੇ ਡਾਕਟਰ ਰਿਤੂ ਸਿੰਘ ਨੂੰ ਸਿਰੋਪਾ ਭੇਟ ਕੀਤਾ।
ਜੀਕੇ ਨੇ ਕਿਹਾ ਕਿ ਦੌਲਤ ਰਾਮ ਕਾਲਜ ਦੀ ਪ੍ਰਿੰਸੀਪਲ ਸਵੀਤਾ ਰਾਏ ਦੀ ਤੁਰੰਤ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ, ਕਿਉਂਕਿ ਉਸ ਨੇ ਵਿਦਿਆਰਥੀਆਂ ਦੀ ਜਾਲੀ ਸ਼ਿਕਾਇਤ ਦੇ ਆਧਾਰ ਉਤੇ ਡਾਕਟਰ ਰਿਤੂ ਸਿੰਘ ਨੂੰ ਨੌਕਰੀ ਤੋਂ ਹਟਾਇਆ ਹੈ। ਦਿੱਲੀ ਪੁਲਿਸ ਨੇ ਉਸ ਦੇ ਖਿਲਾਫ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ, ਪਰ ਉਸ ਦੀ ਗਿਰਫਤਾਰੀ ਨਹੀਂ ਕੀਤੀ ਜਾ ਰਹੀ। ਕਿਉਂਕਿ ਡਾਕਟਰ ਰਿਤੂ ਸਿੰਘ ਖੁਲ੍ਹ ਕੇ ਸਿੱਖਾਂ ਅਤੇ ਪੰਜਾਬ ਦੇ ਹੱਕ ਵਿਚ ਬੋਲਦੀ ਸੀ, ਜੋਂ ਸਰਕਾਰ ਨੂੰ ਪਸੰਦ ਨਹੀਂ ਸੀ। ਇਸ ਲਈ ਪ੍ਰਿੰਸੀਪਲ ਨੇ ਇਹ ਅਵੈਧ ਰਸਤਾ ਚੁਣ ਕੇ ਡਾਕਟਰ ਰਿਤੂ ਸਿੰਘ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਸੰਗਤਾਂ ਨੂੰ ਮੈਂ ਭਰੋਸਾ ਦਿੰਦਾ ਹਾਂ ਕਿ ਦਿੱਲੀ ਯੂਨੀਵਰਸਿਟੀ ਵਿਚ ਸਿੱਖਾਂ ਨਾਲ ਸਰਕਾਰੀ ਨੌਕਰੀਆਂ ਵਿਚ ਹੋ ਰਹੇ ਧੱਕੇਸ਼ਾਹੀ ਦਾ ਜਾਗੋ ਪਾਰਟੀ ਡਟਵਾਂ ਵਿਰੋਧ ਕਰੇਗੀ। ਇਸ ਲਈ ਪ੍ਰਿੰਸੀਪਲ ਦੀ ਗਿਰਫਤਾਰੀ ਅਤੇ ਡਾਕਟਰ ਰਿਤੂ ਸਿੰਘ ਦੀ ਨੌਕਰੀ ਦੀ ਮੁੜ ਬਹਾਲੀ ਸਾਡੀ ਮੁੱਖ ਮੰਗ ਹੈ। ਡਾਕਟਰ ਰਿਤੂ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਦਾਅਵਾ ਕੀਤਾ ਕਿ ਖਾਲਸਾ ਕਾਲਜਾਂ ਦੀ ਭਰਤੀ ਪ੍ਰਕਿਰਿਆ ਵਿਚ ਸਿੱਖ ਉਮੀਦਵਾਰਾਂ ਨੂੰ ਅਣਗੌਲਿਆਂ ਕਰਨ ਪਿੱਛੇ ਦਿੱਲੀ ਯੂਨੀਵਰਸਿਟੀ ਦਾ ਹੋਇਆ ਭਗਵਾਂਕਰਨ ਮੁੱਖ ਕਾਰਨ ਹੈ।