ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਮਰਹੂਮ ਖਾਲਿਸਤਾਨੀ ਆਗੂ ਭਾਈ ਹਰਦੀਪ ਸਿੰਘ ਨਿੱਝਰ ਨੂੰ ਸ਼ਰਧਾਂਜਲੀ ਵਜੋਂ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਹੋਏ ਖਾਲਿਸਤਾਨ ਰੈਫਰੈਂਡਮ ਵਿੱਚ 200,000 ਤੋਂ ਵੱਧ ਕੈਨੇਡੀਅਨ ਸਿੱਖਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਭਾਈ ਹਰਦੀਪ ਸਿੰਘ ਨਿੱਝਰ ਨੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ ਸੀ ਅਤੇ ਉਹ 18 ਜੂਨ ਨੂੰ ਭਾਰਤੀ ਏਜੰਟਾਂ ਦੁਆਰਾ ਕਤਲੇਆਮ ਦਾ ਸ਼ਿਕਾਰ ਹੋ ਗਏ ਸਨ।
ਮੀਡੀਆ ਵਿਚ ਜਾਰੀ ਖਬਰਾਂ ਮੁਤਾਬਿਕ 29 ਅਕਤੂਬਰ ਫੇਜ਼-2 ਦੀ ਵੋਟਿੰਗ ਦੀ ਸਮਾਪਤੀ ਮੌਕੇ ਸਿੱਖਸ ਫਾਰ ਜਸਟਿਸ ਦੇ ਜਨਰਲ ਕਾਉਂਸਲ ਗੁਰਪਤਵੰਤ ਸਿੰਘ ਪੰਨੂ ਨੇ ਵਾਸ਼ਿੰਗਟਨ ਡੀ.ਸੀ. ਤੋਂ ਇਕੱਠ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਨੇ ਭਾਰਤ ਨੂੰ ਇੱਕ ਦਹਿਸ਼ਤਗਰਦ ਸਪਾਂਸਰ ਦੇਸ਼ ਵਜੋਂ ਪੂਰੀ ਦੁਨੀਆਂ ਦੇ ਸਾਹਮਣੇ ਨੰਗਾ ਕਰ ਦਿੱਤਾ ਹੈ ਜਿਸ ਦੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਪੁਸ਼ਟੀ ਕੀਤੀ ਗਈ ਹੈ।
ਪੰਨੂ ਨੇ ਕਿਹਾ ਕਿ “ਇਹ ਪੰਜਾਬ ਅਤੇ ਭਾਰਤ ਦੀ ਜੰਗ ਹੈ ਜਿਸ ਵਿੱਚ ਕਾਬਜ਼ ਸ਼ਕਤੀ ਹਿੰਸਾ ਦੀ ਵਰਤੋਂ ਕਰ ਰਹੀ ਹੈ ਜਦਕਿ ਸਿੱਖ ਵੋਟਾਂ ਦੀ ਵਰਤੋਂ ਕਰ ਰਹੇ ਹਨ। ਐਸਐਫਜ਼ੇ ਇਸ ਸਮੇਂ ਭਾਰਤ ਨਾਲ ਗੋਲੀਆਂ ਨਾਲ ਨਹੀਂ, ਸਗੋਂ ਬੈਲਟ ਦੀ ਵਰਤੋਂ ਕਰਕੇ ਲੜ ਰਿਹਾ ਹੈ, ਜੋ ਕਿ ਇਸ ਸਦੀ ਦਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ।
ਗੁਰਪਤਵੰਤ ਸਿੰਘ ਪੰਨੂ ਨੇ ਦਸਿਆ ਕਿ “ਫੇਜ਼ 2 ਵਿੱਚ 60,000 ਤੋਂ ਵੱਧ ਵੋਟਰਾਂ ਦੇ ਭਾਰੀ ਮਤਦਾਨ ਨੇ ਕਨੇਡੀਅਨਾਂ ਦਾ ਵੀਜ਼ਾ ਰੋਕ ਕੇ, ਸ਼ਨਾਖਤੀ ਅਤੇ ਯਾਤਰਾ ਕਾਰਡ ਰੱਦ ਕਰਨ ਅਤੇ ਪੰਜਾਬ ਵਿੱਚ ਖਾਲਿਸਤਾਨ ਸਮਰਥਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ ਕਰਨ ਦੀਆਂ ਧਮਕੀਆਂ ਦੇ ਕੇ ਖਾਲਿਸਤਾਨ ਰੈਫਰੈਂਡਮ ਵੋਟਿੰਗ ਨੂੰ ਰੋਕਣ ਲਈ ਨਰਿੰਦਰ ਮੋਦੀ ਸਰਕਾਰ ਦੀਆਂ ਦਹਿਸ਼ਤੀ ਚਾਲਾਂ ਨੂੰ ਨਕਾਰ ਦਿੱਤਾ ਹੈ । ਜਿਕਰਯੋਗ ਹੈ ਕਿ ਇਸ ਸਾਲ ਸਤੰਬਰ ਵਿੱਚ ਇਸੇ ਗੁਰਦੁਆਰੇ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀ ਵੋਟਿੰਗ ਵਿੱਚ ਅੰਦਾਜ਼ਨ 140,000 ਕੈਨੇਡੀਅਨ ਸਿੱਖਾਂ ਨੇ ਹਿੱਸਾ ਲਿਆ ਸੀ ਪਰ ਵੋਟਾਂ ਦੀ ਸਮਾਪਤੀ ਦੇ ਸਮੇਂ ਕਈ ਹਜ਼ਾਰਾਂ ਲੋਕ ਵੋਟ ਪਾਉਣ ਵਿੱਚ ਅਸਮਰੱਥ ਰਹੇ ਸਨ ਜਿਸ ਕਰਕੇ ਦੂਜੇ ਪੜਾਅ ਦਾ 29 ਅਕਤੂਬਰ ਨੂੰ ਐਲਾਨ ਕੀਤਾ ਗਿਆ ਸੀ। 29 ਅਕਤੂਬਰ ਦੀ ਵੋਟਿੰਗ ਦੀ ਸਮਾਪਤੀ ਮੌਕੇ ਇਕੱਠ ਵੱਲੋਂ ਦੋ ਮਤੇ ਪਾਸ ਕੀਤੇ ਗਏ ਹਨ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੰਸਦ ਵਿੱਚ ਦਿੱਤੇ ਬਿਆਨ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੈ, ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਭਾਈ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਰਚਣ ਅਤੇ ਨਿਰਦੇਸ਼ਿਤ ਕਰਨ ਲਈ, ਇਹ ਯਕੀਨੀ ਬਣਾਉਣ ਲਈ ਕਿ ਵਰਮਾ ‘ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਲਈ ਮੁਕੱਦਮਾ ਚਲਾਇਆ ਜਾਵੇ, ਸਿੱਖਸ ਫਾਰ ਜਸਟਿਸ ਕੈਨੇਡੀਅਨ ਕਾਨੂੰਨ ਦੀ “ਨਾਗਰਿਕ ਦੀ ਗ੍ਰਿਫਤਾਰੀ” ਧਾਰਾ ਦੀ ਮੰਗ ਕਰੇਗੀ ਜਿਸ ਲਈ ਐਸਐਫਜ਼ੇ ਨੇ 100,000 ਡਾਲਰ ਦਾ ਬਜਟ ਐਲਾਨ ਕੀਤਾ ਹੈ ਅਤੇ ਸਿੱਖਾਂ ਦੀ ਨਸਲਕੁਸ਼ੀ ਅਤੇ ਸਿੱਖ ਧਰਮ ‘ਤੇ ਹਮਲੇ ਲਈ ਦਿੱਲੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ, ਐਸਐਫਜ਼ੇ ਨੇ ਭਾਰਤ ਦੀ ਰਾਜਧਾਨੀ ਦਿੱਲੀ ਨੂੰ ਖਾਲਿਸਤਾਨ ਦੇ ਹਿੱਸੇ ਵਜੋਂ ਸ਼ਾਮਲ ਕਰਨ ਲਈ ਸਿੱਖ ਹੋਮਲੈਂਡ ਦੀਆਂ ਸੀਮਾਵਾਂ ਨੂੰ ਵਧਾਉਣ ਵਾਲਾ ਨਵਾਂ ਨਕਸ਼ਾ ਵੀ ਜਾਰੀ ਕੀਤਾ।
ਐਸਐਫਜ਼ੇ ਨੇ 2024 ਅੰਦਰ ਐਬਟਸਫੋਰਡ, ਐਡਮਿੰਟਨ, ਕੈਲਗਰੀ, ਮਾਂਟਰੀਅਲ ਵਿੱਚ ਖਾਲਿਸਤਾਨ ਰੈਫਰੈਂਡਮ ਵੋਟਿੰਗ ਕਰਵਾਉਣ ਦਾ ਐਲਾਨ ਕੀਤਾ ਹੈ ਪਰ ਇਸ ਲਈ ਚੋਣ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।