ਮੁੱਖ ਮੰਤਰੀ ਕੋਲ ਆਪ ਦੇ ਟੱਬਰ ਲਈ ਤਾਂ ਸੈਂਕੜੇ ਸੁਰੱਖਿਆ ਮੁਲਾਜ਼ਮ ਨੇ ਤੇ ਲੋਕਾਂ ਲਈ ਕੇਵਲ ਝੂਠੀਆਂ ਤਸੱਲੀਆਂ।
ਅੰਮ੍ਰਿਤਸਰ – ਪੰਜਾਬ ਭਾਜਪਾ ਦੇ ਸੀਨੀਅਰ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ’ਤੇ ਰਾਜ ਵਿਚ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਵਿਚ ਨਾਕਾਮ ਰਹਿਣ ਦਾ ਦੋਸ਼ ਲਾਉਦਿਆਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ’ਚ ਹੁਣ ਕੋਈ ਵੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਰਾਜ ਵਿਚ ਲਗਾਤਾਰ ਹੋ ਰਹੀਆਂ ਟਾਰਗੈਟ ਕਿਲਿੰਗ ਅਤੇ ਫਿਰੌਤੀਆਂ ਲਈ ਕਤਲ ਕਰਨ ’ਤੇ ਚਿੰਤਾ ਜਤਾਉਂਦਿਆਂ ਰਾਜ ਵਿਚ ਕਾਲੇ ਦੌਰ ਦੀ ਵਾਪਸੀ ਵਿਰੁੱਧ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਸੂਬੇ ਦੇ ਜੋ ਹਾਲਾਤ ਸਾਹਮਣੇ ਆ ਰਹੇ ਹਨ ਇਹ ਕਾਲੇ ਦੌਰ ਦੀ ਯਾਦ ਦਿਵਾਉਂਦੇ ਹਨ ਅਤੇ ਇਹ ਕਾਫ਼ੀ ਚਿੰਤਾਜਨਕ ਹਨ।
ਪ੍ਰੋ. ਸਰਚਾਂਦ ਸਿੰਘ ਨੇ ਰਾਜ ਸਰਕਾਰ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਆਪ ਸਰਕਾਰ ਦੀ ਅਪਰਾਧਿਕ ਅਨਸਰਾਂ ’ਤੇ ਕਾਬੂ ਪਾਉਣ ਅਤੇ ਗੰਭੀਰ ਘਟਨਾਵਾਂ ਨਾਲ ਨਜਿੱਠਣ ਵਿਚ ਵਾਰ ਵਾਰ ਨਾਕਾਮ ਹੋਣ ਕਾਰਨ ਰਾਜ ਵਿਚ ਕਾਨੂੰਨ ਦੀ ਵਿਵਸਥਾ ਤਹਿਸ ਨਹਿਸ ਹੋ ਚੁੱਕੀ ਹੈ। ਪੰਜਾਬ ਦੇ ਲੋਕ ਇੱਕ ਵਾਰ ਫਿਰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਅੱਜ ਹਰ ਪੰਜਾਬੀ ਸਹਿਮ ’ਚ ਹੈ। ਕਾਰੋਬਾਰੀ ਅਤੇ ਸਨਅਤੀ ਘਰਾਣੇ ਪੰਜਾਬ ਤੋਂ ਬਾਹਰ ਜਾ ਰਹੇ ਹਨ। ਅਪਰਾਧੀਆਂ ਦੇ ਹੌਸਲੇ ਇੱਥੋਂ ਤਕ ਬੁਲੰਦ ਹਨ ਕਿ ਬਠਿੰਡਾ ਦੇ ਕਾਰੋਬਾਰੀ ਰੈਸਟੋਰੈਂਟ ਮਾਲਕ ਹਰਜਿੰਦਰ ਸਿੰਘ ਮੇਲਾ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਦੀ ਸਿਆਹੀ ਨਹੀਂ ਸੁੱਕੀ ਕਿ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ’ਚ ਦੋ ਨੌਜਵਾਨਾਂ ਅੰਮ੍ਰਿਤਪਾਲ ਸਿੰਘ ਸਾਜਨ ਅਤੇ ਸਾਥੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਗੰਭੀਰ ਹੁੰਦਿਆਂ ਕਿਹਾ ਕਿ ਅੱਤਵਾਦ ਦੇ ਖ਼ਾਤਮੇ ਦੇ ਤਿੰਨ ਦਹਾਕਿਆਂ ਬਾਅਦ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਅਤੇ ਗਾਇਕ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲੇ ਦੇ ਕਤਲਾਂ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਆਮ ਲੋਕਾਂ ਦੀ ਛੱਡੋ, ਇਨ੍ਹਾਂ ਮਸ਼ਹੂਰ ਹਸਤੀਆਂ ਦੇ ਦਿਨ-ਦਿਹਾੜੇ ਕਤਲ, ਸੁਰੱਖਿਅਤ ਥਾਵਾਂ ‘ਤੇ ਬੰਬ ਧਮਾਕੇ, ਨਸ਼ਿਆਂ ਦਾ ਪ੍ਰਸਾਰ ਅਤੇ ਲੁੱਟ-ਖੋਹ ਸੂਬੇ ਵਿੱਚ ਅਮਨ-ਕਾਨੂੰਨ ਨੂੰ ਭੰਗ ਕਰਕੇ ਅਰਾਜਕਤਾ ਵਿੱਚ ਵਾਧਾ ਕਰ ਰਹੇ ਹਨ। ਪਿਛਲੀ ਵਾਰ ਫਿਰੌਤੀ ਨਾ ਦੇਣ ’ਤੇ ਨਕੋਦਰ ’ਚ ਕੱਪੜਾ ਵਪਾਰੀ ਭੁਪਿੰਦਰ ਸਿੰਘ ਟਿੰਮੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਸਰਕਾਰ ਨੇ ਕੋਈ ਸਬਕ ਨਹੀਂ ਲਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜਿਹੀ ਖ਼ਤਰਨਾਕ ਸਥਿਤੀ ਨਾਲ ਨਜਿੱਠਣ ਵਲ ਨਾ ਤਾਂ ਦਿਲਚਸਪੀ ਹੈ ਅਤੇ ਨਾ ਹੀ ਉਸ ਕੋਲ ਕਾਬਲੀਅਤ ਦਿਖਾਈ ਦੇ ਰਹੀ ਹੈ। ਸਗੋਂ ਕਈ ਵਾਰ ਤਾਂ ਸਰਕਾਰ ਵੱਲੋਂ ਗੈਂਗਸਟਰਾਂ ਨਾਲ ਅਪਰਾਧੀ ਦੀ ਥਾਂ ਨਾਇਕ ਵਜੋਂ ਵਰਤਾਰਾ ਕੀਤਾ ਜਾ ਰਿਹਾ ਮਹਿਸੂਸ ਕੀਤਾ ਜਾ ਰਿਹਾ ਹੈ। ਜੇਲ੍ਹਾਂ ਅੰਦਰ ਨਸ਼ੀਲੇ ਪਦਾਰਥਾਂ ਦੀ ਮੌਜੂਦਗੀ ਅਤੇ ਮੋਬਾਇਲ ਸਹੂਲਤਾਂ ਤੋਂ ਇਲਾਵਾ ਅਪਰਾਧਿਕ ਅਨਸਰਾਂ ਦਾ ਸਿਆਸਤਦਾਨਾਂ ਅਤੇ ਅਧਿਕਾਰੀਆਂ ਨਾਲ ਸਾਂਝਾਂ ਇੱਥੋਂ ਤਕ ਵਧ ਗਈਆਂ ਹਨ ਕਿ ਗੈਂਗਸਟਰ ਜੇਲ੍ਹਾਂ ਅੰਦਰ ਬੰਦ ਰਹਿ ਕੇ ਵੀ ਕਿਸੇ ਨਾ ਕਿਸੇ ਮਾਧਿਅਮ ਨਾਲ ਬਾਹਰ ਹੱਤਿਆਵਾਂ ਨੂੰ ਅੰਜਾਮ ਦੇਣ ਲਈ ਸੁਲੱਭ ਹਨ। ਅਤੇ ਸ਼ਰੇਆਮ ਸੋਸ਼ਲ ਮੀਡੀਆ ’ਤੇ ਕਤਲ ਦੀ ਜ਼ਿੰਮੇਵਾਰੀ ਵੀ ਚੁੱਕ ਰਹੇ ਹਨ। ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਹ ਸਮਝਣਾ ਹੋਵੇਗਾ ਕਿ ਪੰਜਾਬ ਦਾ ਗੈਂਗਲੈਂਡ ਬਣਨਾ ਦੇਸ਼ ਦੀ ਸੁਰੱਖਿਆ ਲਈ ਵੱਡੀ ਚੁਨੌਤੀ ਹੈ। ਸਰਹੱਦੀ ਸੂਬੇ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਦੇਸ਼ ਲਈ ਨੁਕਸਾਨਦਾਇਕ ਹੋਵੇਗਾ। ਦੁਸ਼ਮਣ ਦੇਸ਼ ਗੈਂਗਸਟਰਾਂ ਰਾਹੀਂ ਪੰਜਾਬ ‘ਚ ਅੱਤਵਾਦ ਨੂੰ ਮੁੜ ਸੁਰਜੀਤ ਕਰਨਾ ਚਾਹੁੰਦਾ ਹੈ। ਗੈਂਗਸਟਰਾਂ ਕੋਲ ਅਤਿ-ਆਧੁਨਿਕ ਹਥਿਆਰਾਂ ਅਤੇ ਵਿਸਫੋਟਕ ਦਾ ਪਹੁੰਚਣਾ ਸਰਹੱਦੀ ਸੂਬੇ ਪੰਜਾਬ ਲਈ ਅੱਪ ਸ਼ਗਨ ਹੈ। ਨਿੱਤ ਵਾਪਰਦੀਆਂ ਮੰਦਭਾਗੀਆਂ ਘਟਨਾਵਾਂ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਪਹਿਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਦੇ ਟੱਬਰ ਨੂੰ ਤਾਂ ਸੈਂਕੜੇ ਸੁਰੱਖਿਆ ਮੁਲਾਜ਼ਮ ਦਿੱਤੇ ਹੋਏ ਹਨ, ਪਰ ਲੋਕਾਂ ਨੂੰ ਦੇਣ ਲਈ ਉਸ ਕੋਲ ਕੇਵਲ ਝੂਠੀਆਂ ਤਸੱਲੀਆਂ ਹੀ ਹਨ। ਪੰਜਾਬ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੀਹ ‘ਤੇ ਲਿਆਉਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ। ਪਰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ’ਚ ਹੀ ਸਮਾਂ ਗਵਾ ਰਿਹਾ ਹੈ।
ਤਸਵੀਰ ਨਾਲ ਹੈ।