ਸਿਰਸਾ : ਸਮਾਜ ਹਮੇਸ਼ਾ ਲੇਖਕ ਤੋਂ ਇਹ ਆਸ ਰੱਖਦਾ ਹੈ ਕਿ ਉਹ ਹਰ ਹਾਲ ਵਿੱਚ ਆਮ ਲੋਕਾਂ ਦੀਆਂ ਆਸਾਂ ਅਤੇ ਖਾਹਿਸ਼ਾਂ ਨੂੰ ਜ਼ੁਬਾਨ ਪ੍ਰਦਾਨ ਕਰੇ, ਇਸ ਲਈ ਹਰ ਸੰਕਟ ਦੀ ਘੜੀ ਵਿੱਚ ਲੇਖਕਾਂ ਨੂੰ ਸਮਾਜ ਦੀ ਇਸ ਉਮੀਦ ‘ਤੇ ਖ਼ਰਾ ਉਤਰਨਾ ਚਾਹੀਦਾ ਹੈ। ਬਦਲੇ ਦੇ ਆਤੰਕ ਕਾਰਨ ਸਮਾਜ ਜੇਕਰ ਬੋਲ਼ਾ ਅਤੇ ਗੂੰਗਾ ਵੀ ਹੋ ਜਾਵੇ ਤਾਂ ਇਸ ਨੂੰ ਜਗਾਉਣ ਲਈ ਨਿਜ਼ਾਮ ਦੇ ਟਾਕਰੇ ਲਈ ਲੇਖਕ ਦੀ ਕੂਕ ਜ਼ਰੂਰੀ ਹੈ। ਲੇਖਕ ਨੂੰ ਹਰ ਹਾਲਾਤ ਵਿੱਚ ਆਮ ਲੋਕਾਂ ਦੇ ਸਰੋਕਾਰਾਂ ਪ੍ਰਤੀ ਪ੍ਰਤਿਬੱਧ ਰਹਿਣਾ ਚਾਹੀਦਾ ਹੈ, ਇਸ ਕਰਕੇ ਜ਼ੁਲਮ ਦੇ ਸਮੇਂ ਵੀ ਲੇਖਕ ਕਦੇ ਜਲਾਵਤਨ ਨਹੀਂ ਹੁੰਦਾ ਸਗੋਂ ਆਪਣੇ ਲੋਕਾਂ ਦੇ ਨਾਲ ਖੜਾ ਰਹਿੰਦਾ ਹੈ। ਇਹ ਵਿਚਾਰ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ) ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬੀ ਲੇਖਕ ਸਭਾ, ਸਿਰਸਾ ਦੇ ਸਹਿਯੋਗ ਨਾਲ ‘ਸਮਕਾਲ ਅਤੇ ਪੰਜਾਬੀ ਸਾਹਿਤ’ ਵਿਸ਼ੇ ‘ਤੇ ਪੰਚਾਇਤ ਭਵਨ, ਸਿਰਸਾ ਵਿਖੇ ਕਰਵਾਏ ਗਏ ਰਾਸ਼ਟਰੀ ਸੈਮੀਨਾਰ ਦੌਰਾਨ ਮੁੱਖ ਬੁਲਾਰੇ ਵਜੋਂ ਆਪਣੇ ਮੁੱਖ ਸੁਰ ਭਾਸ਼ਣ ਵਿੱਚ ਪ੍ਰਗਟ ਕੀਤੇ। ਉਹਨਾਂ ਅਜੋਕੇ ਸਮੇਂ ਵਿੱਚ ਲੇਖਕਾਂ ਦੀ ਸਮਾਜਕ ਜ਼ਿੰਮੇਵਾਰੀ ਨੂੰ ਰੇਖਾਂਕਿਤ ਕਰਦਿਆਂ ਕਿਹਾ ਕਿ ਈਡੀ ਅਤੇ ਬੁਲਡੋਜ਼ਰ ਦੇ ਇਸ ਦੌਰ ਵਿੱਚ ਵੀ ਲੇਖਕਾਂ ਨੇ ਲਿਖਣਾ ਬੰਦ ਨਹੀਂ ਕੀਤਾ। ਉਹਨਾਂ ਨੇ ਸਿੱਖ ਗੁਰੂਆਂ, ਨੇਰੂਦਾ, ਲੋਰਕਾ, ਬ੍ਰੈਖ਼ਤ, ਮਹਿਮੂਦ ਦਰਵੇਸ਼, ਨਿਖਿਲ ਸੁਚਾਨ, ਸਲਮਾਨ ਹੈਦਰ, ਅਹਿਮਦ ਬਦਰ, ਪੁਸ਼ਪਾ ਮਿੱਤਰਾ, ਜਾਵੇਦ ਅਖ਼ਤਰ, ਗ਼ਦਰ, ਸੁਰਜੀਤ ਜੱਜ, ਦੇਵਨੀਤ, ਪ੍ਰੋ. ਗੁਰਦਿਆਲ ਸਿੰਘ ਆਦਿ ਲੇਖਕਾਂ ਦੇ ਹਵਾਲੇ ਨਾਲ ਲੇਖਕ ਦੀ ਜਵਾਬਦੇਹੀ ਨੂੰ ਪਰਿਭਾਸ਼ਿਤ ਕੀਤਾ। ਇਸ ਸੈਮੀਨਾਰ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ ਅਤੇ ਪੰਜਾਬੀ ਲੇਖਕ ਸਭਾ, ਸਿਰਸਾ ਦੇ ਪ੍ਰਧਾਨ ਪਰਮਾਨੰਦ ਸ਼ਾਸਤਰੀ ਉਪਰ ਅਧਾਰਿਤ ਪ੍ਰਧਾਨਗੀਮੰਡਲ ਨੇ ਕੀਤੀ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੀਤ-ਪ੍ਰਧਾਨ ਅਤੇ ਸੈਮੀਨਾਰ ਕਨਵੀਨਰ ਡਾ. ਹਰਵਿੰਦਰ ਸਿੰਘ ਸਿਰਸਾ ਵੱਲੋਂ ਪ੍ਰਧਾਨਗੀਮੰਡਲ ਅਤੇ ਬੁਲਾਰਿਆਂ ਨਾਲ ਜਾਣ-ਪਛਾਣ ਤੋਂ ਬਾਅਦ ਪਰਮਾਨੰਦ ਸ਼ਾਸਤਰੀ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਿਹਾ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਇਤਿਹਾਸਕ ਪਿਛੋਕੜ, ਇਸਦੀ ਕਾਰਜ-ਪ੍ਰਣਾਲੀ ਅਤੇ ਸੈਮੀਨਾਰ ਦੀ ਰੂਪ-ਰੇਖਾ ਬਾਰੇ ਜਾਣੂੰ ਕਰਵਾਏ ਜਾਣ ਉਪਰੰਤ ਪ੍ਰੋਗ਼ਰਾਮ ਦਾ ਆਗ਼ਾਜ਼ ਮਹਿਕ ਭਾਰਤੀ ਅਤੇ ਕੁਲਦੀਪ ਸਿਰਸਾ ਵੱਲੋਂ ਗੀਤ ਗਾਇਨ ਦੀ ਪੇਸ਼ਕਾਰੀ ਨਾਲ ਹੋਇਆ। ਸੈਮੀਨਾਰ ਵਿੱਚ ਚਰਚਾ ਨੂੰ ਅੱਗੇ ਤੋਰਦਿਆਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਅਧਿਐਨ ਸਕੂਲ ਦੇ ਪ੍ਰੋ. ਸਰਬਜੀਤ ਸਿੰਘ ਨੇ ਪੰਜਾਬੀ ਸਮਾਜ, ਇਤਿਹਾਸਕ ਵੰਗਾਰਾਂ ਅਤੇ ਸਾਹਿਤ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਦੇ ਨਿਜ਼ਾਮ ਦਾ ਚਿਹਰਾ ਤਾਂ ਮਾਨਵਵਾਦੀ ਨਜ਼ਰ ਆਉਂਦਾ ਹੈ ਪਰ ਇਸ ਦੀ ਨੀਅਤ ਲੋਕ ਵਿਰੋਧੀ ਹੈ। ਉਨ੍ਹਾਂ ਰਾਸ਼ਟਰੀ ਸਿੱਖਿਆ ਨੀਤੀ ਬਾਰੇ ਵਿਸਥਾਰ ਨਾਲ ਚਰਚਾ ਕਰਦੇ ਹੋਏ ਇਸ ਦੇ ਖ਼ਤਰਨਾਕ ਮਨਸੂਬਿਆਂ ਬਾਰੇ ਵੀ ਸੁਚੇਤ ਕੀਤਾ। ਸੈਮੀਨਾਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਪੀ.ਜੀ.ਕਾਲਜ, ਸ਼੍ਰੀ ਗੰਗਾਨਗਰ ਦੇ ਪ੍ਰਿੰਸੀਪਲ ਡਾ. ਸੰਦੀਪ ਸਿੰਘ ਮੁੰਡੇ ਨੇ ਰਾਜਸਥਾਨ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਇਸ ਦੇ ਸੱਭਿਆਚਾਰਕ ਸੰਦ੍ਰਿਸ਼ ਨੂੰ ਸਪਸ਼ਟ ਕਰਦੇ ਹੋਏ ਕਿਹਾ ਕਿ ਰਾਜਸਥਾਨ ਵਿੱਚ ਪੰਜਾਬੀ ਨੂੰ ਤੀਜੀ ਭਾਸ਼ਾ ਵਜੋਂ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਹਾਲਤ ਤਸੱਲੀਬਖ਼ਸ਼ ਨਾ ਹੋਣ ਦੇ ਬਾਵਜੂਦ ਕੋਸ਼ਿਸ਼ਾਂ ਜਾਰੀ ਹਨ ਅਤੇ ਉਮੀਦਾਂ ਬਰਕਰਾਰ ਹਨ। ਡਾ. ਰਤਨ ਸਿੰਘ ਢਿੱਲੋਂ ਨੇ ਹਰਿਆਣਾ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਇਸ ਦੇ ਸੱਭਿਆਚਾਰਕ ਸੰਦ੍ਰਿਸ਼ ’ਤੇ ਚਾਨਣਾ ਪਾਉਂਦੇ ਹੋਏ ਹਰਿਆਣਾ ਵਿੱਚ ਇਸ ਸਭ ਪ੍ਰਤੀ ਉਦਾਸੀਨਤਾ ਲਈ ਸਿਸਟਮ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਦੇ ਦੂਜੇ ਦਰਜ਼ੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਅਤੇ ਹਰਿਆਣਵੀ ਭਾਸ਼ਾ ਦੇ ਵਿਕਾਸ ਲਈ ਵਿਆਪਕ ਲਾਮਬੰਦੀ ਜ਼ਰੂਰੀ ਹੈ। ਡਾ. ਸੁਭਾਸ਼ ਮਾਨਸਾ ਨੇ ਹਰਿਆਣਾ ਦੇ ਸਭਿਆਚਾਰਕ ਅੰਤਰ-ਸੰਵਾਦ ਅਤੇ ਹਰਿਆਣੇ ਦੇ ਪੰਜਾਬੀ ਸਾਹਿਤ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਹਰਿਆਣਵੀ ਸਮਾਜ ਅਜੇ ਤੱਕ ਵੀ ਆਪਣੀ ਸੌੜੀ ਸੋਚ ਤੋਂ ਮੁਕਤ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਮਨੁੱਖੀ ਕਦਰਾਂ-ਕੀਮਤਾਂ ਸੱਤਾ ਦੇ ਅਨੁਕੂਲ ਨਹੀਂ ਹੁੰਦੀਆਂ ਸਗੋਂ ਉਹ ਆਪਣਾ ਰਾਹ ਆਪ ਤੈਅ ਕਰਦੀਆਂ ਹਨ। ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਾਡੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਵਿਸ਼ਾਲ ਲੋਕ-ਲਾਮਬੰਦੀ ਹੀ ਕਾਰਗਰ ਹੋ ਸਕਦੀ ਹੈ। ਉਨ੍ਹਾਂ ਇਸ ਸਮਾਗਮ ਨੂੰ ਸਫ਼ਲ ਅਤੇ ਲਾਹੇਵੰਦ ਦੱਸਿਆ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਲਗਾਤਾਰ ਯਤਨ ਜਾਰੀ ਰਹਿਣੇ ਚਾਹੀਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਹਿਤ ਕਦੇ ਵੀ ਸੱਤਾ ਦੇ ਇਰਾਦਿਆਂ ਅਨੁਸਾਰ ਨਹੀਂ ਰਚਿਆ ਜਾ ਸਕਦਾ ਕਿਉਂਕਿ ਸਾਹਿਤ ਆਮ ਲੋਕਾਂ ਦੀ ਆਵਾਜ਼ ਨੂੰ ਅਭੀਵਿਅਕਤੀ ਪ੍ਰਦਾਨ ਕਰਦਾ ਹੈ। ਉਨ੍ਹਾਂ ਇਸ ਵਿਸ਼ਾਲ, ਸਫਲ ਅਤੇ ਸਾਰਥਕ ਸਮਾਗ਼ਮ ਦੇ ਆਯੋਜਨ ਲਈ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਪ੍ਰੋਗ਼ਰਾਮ ਦਾ ਸੰਚਾਲਨ ਸੈਮੀਨਾਰ ਕਨਵੀਨਰ ਡਾ. ਹਰਵਿੰਦਰ ਸਿੰਘ ਸਿਰਸਾ ਅਤੇ ਪੰਜਾਬੀ ਲੇਖਕ ਸਭਾ, ਸਿਰਸਾ ਦੇ ਜਨਰਲ ਸਕੱਤਰ ਸੁਰਜੀਤ ਸਿਰੜੀ ਨੇ ਕੀਤਾ।
ਸੈਮੀਨਾਰ ਦੌਰਾਨ ਡਾ. ਸੁਖਦੇਵ ਸਿੰਘ ਸਿਰਸਾ ਦੇ ਅਨੁਵਾਦਿਤ ਸਮੀਖਿਆ ਸੰਗ੍ਰਹਿ ‘ਪੰਜਾਬੀ ਕਵਿਤਾ ਕੀ ਪ੍ਰਤਿਰੋਧੀ ਪਰੰਪਰਾ’, ਪਰਮਾਨੰਦ ਸ਼ਾਸਤਰੀ ਦੁਆਰਾ ਹਿੰਦੀ ਵਿਚ ਅਨੁਵਾਦਤ ਪਰਗਟ ਸਤੌਜ ਦੇ ਨਾਵਲ ’1947′, ਛਿੰਦਰ ਕੌਰ ਸਿਰਸਾ ਦੇ ਕਾਵਿ-ਸੰਗ੍ਰਹਿ ‘ਭਰ ਜੋਬਨ ਬੰਦਗੀ’, ਡਾ. ਕੁਲਵਿੰਦਰ ਸਿੰਘ ਪਦਮ ਦੇ ਨਾਟਕ ‘ਕੂਕਦੀ ਕੂੰਜ’ ਡਾ. ਮੰਗਲ ਸਿੰਘ ਰਤੀਆ ਦੇ ਕਾਵਿ-ਸੰਗ੍ਰਹਿ ‘ਸੁਲਗਦੇ ਦਰਿਆ’, ਭੁਪਿੰਦਰ ਪੰਨੀਵਾਲੀਆ ਦੁਆਰਾ ਸੰਪਾਦਤ ‘ਇਕ ਸੀ ਗੁਰਮੇਲ ਸਰਾ’ ਅਤੇ ਮਨਜੀਤ ਸਿੰਘ ਮੂਸਾਖੇੜਾ ਦੀ ‘ਲਾਗੂਵਾਦ: ਆਖ਼ਰ ਤਕ ਇਨਕਲਾਬ’ ਪੁਸਤਕਾਂ ਦਾ ਲੋਕ-ਅਰਪਣ ਵੀ ਕੀਤਾ ਗਿਆ।
ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਰਪ੍ਰਸਤ ਮੈਂਬਰ ਸੁਰਿੰਦਰ ਸਿੰਘ ਸੁੰਨੜ, ਪ੍ਰਬੰਧਕੀ ਬੋਰਡ ਦੇ ਮੈਂਬਰ ਜਸਵੀਰ ਝੱਜ ਤੇ ਹਰਦੀਪ ਢਿੱਲੋਂ, ਪ੍ਰਲੇਸ ਪੰਜਾਬ ਦੇ ਜਨਰਲ ਸਕੱਤਰ ਡਾ. ਕੁਲਦੀਪ ਦੀਪ, ਸੁਖਜੀਵਨ, ਕਾ. ਸੁਵਰਨ ਸਿੰਘ ਵਿਰਕ, ਪ੍ਰੋ. ਆਰ ਪੀ ਸੇਠੀ, ਪ੍ਰੋ. ਰੂਪ ਦੇਵਗੁਣ, ਪ੍ਰੋ. ਇੰਦਰਜੀਤ ਢੀਂਗਰਾ, ਪ੍ਰੋ. ਹਰਭਗਵਾਨ ਚਾਵਲਾ, ਗੁਰਜੀਤ ਸਿੰਘ ਮਾਨ, ਪ੍ਰੋ. ਗੁਰਦੇਵ ਸਿੰਘ ਦੇਵ, ਡਾ. ਕੇ ਕੇ ਡੂਡੀ, ਡਾ. ਨਿਰਮਲ ਸਿੰਘ, ਡਾ. ਗੁਰਪ੍ਰੀਤ ਸਿੰਧਰਾ, ਪ੍ਰਦੀਪ ਸਚਦੇਵਾ, ਡਾ. ਸੁਖਦੇਵ ਹੁੰਦਲ, ਹਰਜਿੰਦਰ ਸਿੰਘ ਭੰਗੂ, ਕਾ. ਹਰਦੇਵ ਸਿੰਘ ਸੰਧੂ, ਲਖਵਿੰਦਰ ਸਿੰਘ ਬਾਜਵਾ, ਪ੍ਰੋ. ਹਰਜਿੰਦਰ ਸਿੰਘ, ਡਾ. ਹਰਵਿੰਦਰ ਕੌਰ, ਪ੍ਰੋ. ਦਿਲਰਾਜ ਸਿੰਘ, ਡਾ. ਹਰਮੀਤ ਕੌਰ, ਪ੍ਰੋ. ਗੁਰਸਾਹਿਬ ਸਿੰਘ, ਡਾ. ਸੁਨੀਤਾ ਰਾਣੀ, ਡਾ. ਕਰਮਜੀਤ ਕੌਰ, ਡਾ. ਹਰਦੇਵ ਸਿੰਘ, ਡਾ. ਲਖਵੀਰ ਸਿੰਘ, ਪ੍ਰੋ. ਸਤਵਿੰਦਰ ਸਿੰਘ ਪੁੰਨੀ, ਡਾ. ਨਛੱਤਰ ਸਿੰਘ, ਪ੍ਰੋ. ਕਾਜਲ, ਪ੍ਰੋ. ਗੁਰਦੱਤ, ਗੁਰਤੇਜ ਸਿੰਘ, ਡਾ. ਸਿਕੰਦਰ ਸਿੰਘ ਸਿੱਧੂ, ਕਾ. ਤਿਲਕ ਰਾਜ ਵਿਨਾਇਕ, ਸ਼ੀਲਾ ਵਿਨਾਇਕ, ਜਗਦੇਵ ਫੋਗਾਟ, ਕ੍ਰਿਸ਼ਨਾ ਫੋਗਾਟ, ਸੰਜੀਵ ਸ਼ਾਦ, ਡਾ. ਸੁਖਦੇਵ ਜੰਮੂ, ਅਰਵੇਲ ਸਿੰਘ ਵਿਰਕ, ਜਗਮਿੰਦਰ ਸਿੰਘ ਕੰਵਰ, ਕਾ. ਰਾਜ ਕੁਮਾਰ ਸ਼ੇਖੂਪੁਰੀਆ, ਕਾ. ਸੁਰਜੀਤ ਸਿੰਘ, ਕਾ. ਸਰਬਜੀਤ ਸਿੰਘ, ਡਾ. ਹਰਰਤਨ ਸਿੰਘ ਗਾਂਧੀ, ਬਲਬੀਰ ਕੌਰ ਗਾਂਧੀ, ਗੁਰਤੇਜ ਸਿੰਘ ਬਰਾੜ, ਮਾ. ਬੂਟਾ ਸਿੰਘ, ਡਾ. ਸ਼ੇਰ ਚੰਦ, ਮਹਿੰਦਰ ਸਿੰਘ ਨਾਗੀ, ਹੀਰਾ ਸਿੰਘ, ਰਮੇਸ਼ ਸ਼ਾਸਤਰੀ, ਅਨੀਸ਼ ਕੁਮਾਰ, ਹਰਭਜਨ ਬੇਦੀ, ਅਮਰਜੀਤ ਸਿੰਘ ਸੰਧੂ, ਸੁਰਜੀਤ ਰੈਣੂ, ਨਵਦੀਪ ਸਿੰਘ, ਲੇਖ ਰਾਜ ਢੋਟ, ਅੰਸ਼ੁਲ ਛਤਰਪਤੀ, ਗੌਰਵਦੀਪ ਕੌਰ, ਕੁਲਦੀਪ ਸਿੰਘ ਬੰਗੀ, ਬਲਬੀਰ ਕੌਰ ਰਾਏਕੋਟੀ, ਪ੍ਰੋ. ਗੁਰਪ੍ਰੀਤ ਕੌਰ, ਦਵੀ ਸਿੱਧੂ, ਵੀਰਪਾਲ ਕੌਰ ਸੋਹਲ, ਸੂਰਿਆ ਖ਼ੁਸ਼, ਸਰਬਜੀਤ ਸਿੰਘ ਟੋਹਾਣਾ, ਛਿੰਦਰ ਸਿੰਘ ਦਿਓਲ ਤੋਂ ਬਿਨਾ ਹਰਿਆਣਾ, ਪੰਜਾਬ ਅਤੇ ਰਾਜਸਥਾਨ ਤੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰਨਾਂ ਪ੍ਰਬੁੱਧਜਨ ਸਮੇਤ ਸਾਢੇ ਤਿੰਨ ਦੇ ਕਰੀਬ ਪ੍ਰਤਿਭਾਗੀਆਂ ਨੇ ਆਪਣੀ ਹਾਜ਼ਰੀ ਦਰਜ਼ ਕਰਵਾਈ।