ਅੰਮ੍ਰਿਤਸਰ – ਭਾਜਪਾ ਦੇ ਸੀਨੀਅਰ ਆਗੂਆਂ ਪ੍ਰੋ. ਸਰਚਾਂਦ ਸਿੰਘ ਖਿਆਲਾ, ਸਾਬਕਾ ਚੇਅਰਮੈਨ ਸ. ਗੁਰਪ੍ਰਤਾਪ ਸਿੰਘ ਟਿੱਕਾ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਜੈਬੀਰਪਾਲ ਸਿੰਘ ਰੰਧਾਵਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਹਰ ਪੱਖੋਂ ਫ਼ੇਲ੍ਹ ਮੁੱਖ ਮੰਤਰੀ ਭਗਵੰਤ ਮਾਨ ਦੂਜਿਆਂ ’ਤੇ ਚਿੱਕੜ ਸੁੱਟਣ ਦੀ ਨੀਵੇਂ ਪੱਧਰ ਦੀ ਸਿਆਸਤ ’ਤੇ ਉਤਰ ਆਏ ਹਨ। ਉਨ੍ਹਾਂ ਸਵਾਲ ਕੀਤਾ ਕਿ, ਜੇਕਰ ਮੁੱਖਮੰਤਰੀ ਸੱਚੇ ਹਨ ਤਾਂ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੀ ਚੁਨੌਤੀ ਕਬੂਲ ਕਰਨ ਤੋਂ ਕਿਉਂ ਝਿਜਕ ਰਹੇ ਹਨ? ਉਨ੍ਹਾਂ ਕਿਹਾ ਕਿ ਸ੍ਰੀ ਜਾਖੜ ਹੋਰਾਂ ਦੇ ਅਕਸ ਨੂੰ ਢਾਹ ਲਾਉਣ ਦੇ ਮਕਸਦ ਨਾਲ ਗ਼ਲਤ ਜਾਣਕਾਰੀ ਪਰੋਸਦਿਆਂ ਨਕਾਰਾਤਮਿਕ ਬਿਰਤਾਂਤ ਸਿਰਜਣ ਦੀ ਕੋਸ਼ਿਸ਼ਾਂ ਕਰ ਰਹੇ ਭਗਵੰਤ ਮਾਨ ਨੂੰ ’ਥੁੱਕਿਆ ਚੱਟਣਾ’ ਹੀ ਪਵੇਗਾ।
ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਭਾਜਪਾ ਪਹਿਲਾਂ ਤੋਂ ਹੀ ਪੰਜਾਬ ਦੇ ਹਿਤਾਂ ਦੀ ਸੁਚੇਤ ਰੂਪ ’ਚ ਪਹਿਰੇਦਾਰੀ ਕਰਦੀ ਰਹੀ ਹੈ ਅਤੇ ਹੁਣ ਵੀ ਅਤੇ ਭਵਿਖ ਦੌਰਾਨ ਵੀ ਕਰਦੀ ਰਹੇਗੀ। ਉਨ੍ਹਾਂ ਦੱਸਿਆ ਕਿ 8 ਅਪ੍ਰੈਲ 1982 ਨੂੰ ਕਪੂਰੀ ਵਿਖੇ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਐਸ ਵਾਈ ਐੱਲ ਲਈ ਟੱਕ ਲਾਏ ਜਾਣ ਸਮੇਂ 250 ਭਾਜਪਾ ਵਰਕਰ ਹਿਰਾਸਤ ਵਿਚ ਲਏ ਗਏ ਸਨ, ਜਦੋਂ ਕਿ ਇਸਤਰੀ ਅਕਾਲੀ ਦਲ ਦੀਆਂ 40 ਸਮੇਤ 70 ਅਕਾਲੀਆਂ ਦੀ ਗ੍ਰਿਫ਼ਤਾਰੀ ਬਾਰੇ ਖ਼ਬਰ ਏਜੰਸੀ ਯੂ ਐਨ ਆਈ ਦੀ ਰਿਪੋਰਟ ਅੱਜ ਵੀ ਅਖ਼ਬਾਰਾਂ ’ਚ ਮੌਜੂਦ ਹੈ।
ਉਨ੍ਹਾਂ ਲੁਧਿਆਣੇ ਦੀ ਸਰਕਾਰੀ ਬਹਿਸ ’ਤੇ ਟਿੱਪਣੀ ਕਰਦਿਆਂ ਕਿਹਾ ਕਿ, ਇਹ ਕਦੀ ਵੀ ਨਹੀਂ ਭੁਲਾਇਆ ਜਾ ਸਕੇਗਾ ਕਿ ਖੁੱਲ੍ਹਾ ਸੱਦਾ ਦੇ ਕੇ ਯੂਨੀਵਰਸਿਟੀ ਦੇ ਬਾਹਰ ਜਿਨ੍ਹਾਂ ਲੋਕਾਂ ਨੂੰ ਜ਼ਬਰਦਸਤੀ ਰੋਕਦਿਆਂ ਅਪਮਾਨਿਤ ਕੀਤੇ ਗਏ, ਉਹ ਪੰਜਾਬ ਹਿਤੈਸ਼ੀ ਆਮ ਲੋਕ ਸਨ। ਭਗਵੰਤ ਮਾਨ ਨੇ ਪੰਜਾਬ ਦੇ ਪਾਣੀਆਂ ਦੇ ਅਹਿਮ ਮੁੱਦੇ ਨੂੰ ਵੀ ਅਪ੍ਰਸੰਗਿਕ ਕਰਨ ਦੀ ਕੋਸ਼ਿਸ਼ਾਂ ਕੀਤੀ ਅਤੇ ਸਾਰਥਿਕ ਬਹਿਸ ਕਰਨ ਤੋਂ ਭੱਜ ਕੇ ਸੁਪਰੀਮ ਕੋਰਟ ‘ਚ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕਰਨ ਦੇ ਦੋਸ਼ ਨੂੰ ਵੀ ਸਹੀ ਸਿੱਧ ਕੀਤਾ।
ਦਰਿਆਈ ਪਾਣੀਆਂ ਦੇ ਮੁੱਦੇ ’ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਲੋਕ-ਹਿਤ ਜਥੇਬੰਦੀਆਂ ਨੂੰ ਮੰਚ ’ਤੇ ਇੱਕਜੁੱਟ ਕਰਨ ’ਚ ਨਾਕਾਮ ਰਹੇ ਮੁੱਖ ਮੰਤਰੀ ਨੇ ’ਉੱਜੜੇ ਬਾਗ਼ਾਂ ਦਾ ਗਾਲ੍ਹੜ ਪਟਵਾਰੀ ਵਾਲੀ ਸਥਿਤੀ ’ਚ ਕਾਂਗਰਸ ਨਾਲ ਗੱਠਜੋੜ ਕਰ ਚੁੱਕੇ ਆਪ ਦੇ ਕਨਵੀਨਰ ਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲਿਖੀ ਸਕਰਿਪਟ ’ਤੇ ਅਦਾਕਾਰੀ ਕਰਦਿਆਂ ’ਤੂੰ ਨਹੀਂ ਬੋਲਦੀ ਰਕਾਨੇ ਤੇਰੇ ’ਚ ਯਾਰ ਬੋਲਦਾ’ ਨੂੰ ਰੂਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਗੁਨਾਹਾਂ ਨੂੰ ਜਿੱਥੋਂ ਤਕ ਹੋ ਸਕਿਆ ਛੁਪਾਉਂਦਿਆਂ ਮੰਚ ਤੋਂ ਪੰਜਾਬ ਨਹੀਂ ਸਗੋਂ ਕਾਂਗਰਸ- ਆਪ ਗੱਠਜੋੜ ਵਾਲਾ ’ਕੇਜਰੀਵਾਲ’ ਬੋਲਦਾ ਰਿਹਾ।
ਐੱਸ.ਵਾਈ.ਐੱਲ. ਨਹਿਰ ਵਿਵਾਦ ’ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਪੰਜਾਬ ਦਾ ਹੋਰ ਪਾਣੀ ਦੂਜੇ ਰਾਜਾਂ ਨੂੰ ਨਾ ਛੱਡਣ ਬਾਰੇ ਇਕ ਮਤ ਹਨ। ਪਰ ਸੂਬੇ ਦੀ ਬਿਹਤਰੀ ਲਈ ਇਸ ਏਕਤਾ ਦਾ ਲਾਭ ਉਠਾਉਣ ਵਿੱਚ ਮੁੱਖਮੰਤਰੀ ਅਸਮਰਥ ਹੀ ਨਹੀਂ ਸਗੋਂ ਸਰਕਾਰ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ਵਿੱਚ ਨੁਕਸ ਵੀ ਪੂਰੀ ਤਰ੍ਹਾਂ ਬੇਨਕਾਬ ਕਰ ਗਿਆ। ਲੋਕ ਬਹੁਤ ਸਾਰੀਆਂ ਸ਼ਿਕਾਇਤਾਂ ਨਾਲ ਸੜਕਾਂ ‘ਤੇ ਸਨ ਅਤੇ ਹਨ, ਜਿਨ੍ਹਾਂ ਨੂੰ ਸਰਕਾਰ ਹੱਲ ਕਰਨ ਲਈ ਤਿਆਰ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਸਰਹੱਦੀ ਸੂਬਾ ਪੰਜਾਬ ਨੂੰ ਹਕੀਕਤ ’ਚ ਰਾਜ ਦੇ ਸਰੋਕਾਰਾਂ ਨੂੰ ਪ੍ਰਣਾਈ ਹੋਈ ਸੰਜੀਦਗੀ ਦੀ ਲੋੜ ਹੈ, ਪਰ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਗੈਰ ਸੰਜੀਦਾ ਅਤੇ ਦਿਲੀ ਦੇ ਇਸ਼ਾਰਿਆਂ ’ਤੇ ਚਲਣ ਵਾਲਾ ਕਠਪੁਤਲੀ ਹੀ ਸਾਬਤ ਹੋਇਆ। ਪੰਜਾਬ ਨਸ਼ਾ, ਅਤਿਵਾਦ, ਮਹਿੰਗਾਈ, ਵਿੱਤੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਅਮਨ ਕਾਨੂੰਨ ਦੀ ਭੈੜੀ ਵਿਵਸਥਾ, ਖੇਤੀ ’ਚ ਖੜੋਤ, ਉਦਯੋਗਿਕ ਹਿਜਰਤ ਅਤੇ ਨੌਜਵਾਨੀ ਦੇ ਵਿਦੇਸ਼ਾਂ ਨੂੰ ਪਲਾਇਨ ਵਰਗੀਆਂ ਸਮੱਸਿਆਵਾਂ ’ਚ ਗ੍ਰਸਤ ਹੈ। ਇਨ੍ਹਾਂ ’ਚੋਂ ਨਿਕਲਣ ਅਤੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਲਈ ਮੁੱਖ ਮੰਤਰੀ ਮਾਨ ਕੋਲ ਨਾ ਕੋਈ ਰਣਨੀਤੀ ਹੈ ਅਤੇ ਨਾ ਹੀ ਵਿਜ਼ਨ। ਪੰਜਾਬੀਆਂ ਨੂੰ ਇਹ ਆਸ ਬਿਲਕੁਲ ਵੀ ਨਹੀਂ ਸੀ। ਜਿਸ ਕਰਕੇ ਉਹ ਅੱਜ ਠੱਗੇ ਗਏ ਮਹਿਸੂਸ ਕਰ ਰਹੇ ਹਨ।