ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਭਾਰਤ ਨਾਲ ਕੂਟਨੀਤਕ ਖੜੋਤ ਦਰਮਿਆਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜੇਕਰ ਵੱਡੇ ਦੇਸ਼ ਬਿਨਾਂ ਕਿਸੇ ਨਤੀਜੇ ਦੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਦੇ ਹਨ ਤਾਂ ਦੁਨੀਆ ਸਾਰਿਆਂ ਲਈ ਖਤਰਨਾਕ ਬਣ ਜਾਵੇਗੀ। ਜਿਕਰਯੋਗ ਹੈ ਕਿ ਜਸਟਿਨ ਟਰੂਡੋ ਨੇ ਭਾਰਤ ਨੂੰ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ, ਜਿਸਨੂੰ ਜੂਨ ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਖ਼ਤੀ ਨਾਲ ਰੱਦ ਕੀਤਾ ਹੈ।
ਬੀਤੇ ਦਿਨੀਂ ਕੈਨੇਡੀਅਨ ਪ੍ਰਧਾਨ ਮੰਤਰੀ ਦੇਸ਼ ਵਿਆਪੀ ਸਮਾਰਟ ਐਨਰਜੀ ਗਰਿੱਡ ਦੀ ਸ਼ੁਰੂਆਤ ਮੌਕੇ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਇਸ ਸਵਾਲ ਦਾ ਜਵਾਬ ਦਿੰਦਿਆਂ ਕਿ ਕੀ ਅਮਰੀਕਾ ਨੂੰ ਕੈਨੇਡਾ ਦੀ ਤਰਫੋਂ ਭਾਰਤ ਕੋਲ ਇਹ ਮੁੱਦਾ ਉਠਾਉਣਾ ਚਾਹੀਦਾ ਹੈ? ਉਨ੍ਹਾਂ ਕਿਹਾ, “ਕੈਨੇਡਾ ਦੀ ਧਰਤੀ ‘ਤੇ ਕੈਨੇਡੀਅਨ ਨਾਗਰਿਕਾਂ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟ ਸ਼ਾਮਿਲ ਹਨ। ਅਸੀਂ ਭਾਰਤ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਸਾਡੇ ਨਾਲ ਕੰਮ ਕਰਨ ਲਈ ਕਿਹਾ। ਅਸੀਂ ਉਨ੍ਹਾਂ ਵਲੋਂ ਕੀਤੀ ਜਾ ਰਹੀ ਅੰਤਰਰਾਸ਼ਟਰੀ ਕਾਨੂੰਨ ਦੀ ਇਨ੍ਹਾਂ ਗੰਭੀਰ ਉਲੰਘਣਾਵਾਂ ਦੀ ਜਾਂਚ ਕੀਤੀ ਹੈ। “ਅਸੀਂ ਇਸ ‘ਤੇ ਕੰਮ ਕਰਨ ਲਈ ਆਪਣੇ ਦੋਸਤਾਂ ਅਤੇ ਸਹਿਯੋਗੀਆਂ ਜਿਵੇਂ ਕਿ ਸੰਯੁਕਤ ਰਾਜ ਅਤੇ ਹੋਰਾਂ ਤੱਕ ਵੀ ਪਹੁੰਚ ਕੀਤੀ ਹੈ। ਇਸ ਨੂੰ ਅਸੀਂ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ, ਅਸੀਂ ਸਾਰੇ ਭਾਈਵਾਲਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ।”
ਉਨ੍ਹਾਂ ਕਿਹਾ ਕਿ ਕੈਨੇਡਾ ਅਜਿਹਾ ਦੇਸ਼ ਹੈ ਜੋ ਹਮੇਸ਼ਾ ਕਾਨੂੰਨ ਦੇ ਰਾਜ ਲਈ ਖੜ੍ਹਾ ਰਹੇਗਾ। “ਜੇ ਵੱਡੇ ਦੇਸ਼ ਬਿਨਾਂ ਨਤੀਜੇ ਦੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰ ਸਕਦੇ ਹਨ, ਤਾਂ ਪੂਰੀ ਦੁਨੀਆ ਸਾਰਿਆਂ ਲਈ ਹੋਰ ਖਤਰਨਾਕ ਹੋ ਜਾਂਦੀ ਹੈ।” ਇਹ ਪੁੱਛੇ ਜਾਣ ‘ਤੇ ਕਿ ਕੀ ਭਾਰਤੀ ਰਾਜਦੂਤ ਸੰਜੇ ਕੁਮਾਰ ਵਰਮਾ ਨੂੰ ਕੂਟਨੀਤਕ ਰੁਕਾਵਟ ਦੇ ਵਿਚਕਾਰ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਦੁਆਰਾ ਇਸ ਸਮਾਗਮ ਲਈ ਸੱਦਾ ਦੇਣਾ ਉਚਿਤ ਸੀ। ਟਰੂਡੋ ਨੇ ਕਿਹਾ ਕਿ ਕੈਨੇਡਾ ਇਸ “ਬਹੁਤ ਗੰਭੀਰ ਮਾਮਲੇ” ‘ਤੇ ਭਾਰਤ ਨਾਲ “ਰਚਨਾਤਮਕ ਢੰਗ ਨਾਲ ਕੰਮ” ਕਰਨਾ ਚਾਹੁੰਦਾ ਹੈ। ਸਾਡੇ ਵਲੋਂ ਭਾਰਤ ਸਰਕਾਰ ਅਤੇ ਦੁਨੀਆ ਭਰ ਦੇ ਭਾਈਵਾਲਾਂ ਨਾਲ ਸੰਪਰਕ ਕੀਤਾ ਗਿਆ ਹੈ। ਇਸੇ ਕਰਕੇ ਸਾਨੂੰ ਬਹੁਤ ਨਿਰਾਸ਼ਾ ਹੋਈ ਜਦੋਂ ਭਾਰਤ ਨੇ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਕੀਤੀ ਅਤੇ ਮਨਮਾਨੇ ਢੰਗ ਨਾਲ 40 ਤੋਂ ਵੱਧ ਕੈਨੇਡੀਅਨਾਂ ਦੀ ਕੂਟਨੀਤਕ ਛੋਟ ਨੂੰ ਰੱਦ ਕਰ ਦਿੱਤਾ।
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਇਹ ਮੰਨਣ ਦੇ ਗੰਭੀਰ ਕਾਰਨ ਹਨ ਕਿ ਕੈਨੇਡਾ ਦੀ ਧਰਤੀ ‘ਤੇ ਕੈਨੇਡੀਅਨ ਨਾਗਰਿਕ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਹੋ ਸਕਦੇ ਹਨ ਅਤੇ ਭਾਰਤ ਦਾ ਜਵਾਬ ਵੀਏਨਾ ਕਨਵੈਨਸ਼ਨ ਤਹਿਤ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਕੇ ਕੈਨੇਡੀਅਨ ਡਿਪਲੋਮੈਟਾਂ ਦੇ ਇੱਕ ਸਮੂਹ ਨੂੰ ਦੇਸ਼ ਵਿੱਚੋਂ ਬਾਹਰ ਕੱਢਣਾ ਹੈ। ਇਹ ਦੁਨੀਆ ਭਰ ਦੇ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਹੈ।