ਡੇਟਨ, (ਸਮੀਪ ਸਿੰਘ ਗੁਮਟਾਲਾ): ਬੀਤੇ ਦਿਨੀਂ ਅਮਰੀਕਾ ਦੇ ਸੂਬੇ ਓਹਾਇਓ ਦੇ ਪ੍ਰਸਿੱਧ ਸ਼ਹਿਰ ਡੇਟਨ ਦੇ ਨਾਲ ਲੱਗਦੇ ਬੀਵਰਕਰੀਕ ਸ਼ਹਿਰ ਵਿਖੇ ਵੈਟਰਨਜ਼ ਡੇ ‘ਤੇ, ਫ਼ੌਜ ਵਿੱਚ ਸੇਵਾ ਕਰਨ ਵਾਲਿਆਂ ਨੂੰ ਧੰਨਵਾਦ, ਅਤੇ ਸ਼ਰਧਾਂਜਲੀ ਦੇਣ ਲਈ ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਅਮਰੀਕਨ, ਵੈਟਰਨ ਮੈਮੋਰੀਅਲ ਪਾਰਕ ਵਿੱਚ ਇਕੱਠੇ ਹੋਏ।
ਬੀਵਰਕਰੀਕ ਸ਼ਹਿਰ ਦੇ ਮੇਅਰ ਬੋਬ ਸਟੋਨ ਜੋ ਕਿ ਖ਼ੁਦ ਵੀ ਫੌਜ ਵਿੱਚ ਰਹਿ ਚੁੱਕੇ ਹਨ ਨੇ ਅਮਰੀਕਾ ਦੇ ਫ਼ੌਜੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਵਾਈ ਸੈਨਾ ਦੇ ਫ਼ੌਜੀਆਂ ਨੇ ਅਮਰੀਕਾ ਦਾ ਝੰਡਾ ਚੜਾਇਆ ਅਤੇ ਰਾਸ਼ਟਰੀ ਗੀਤ ਗਾਇਨ ਕੀਤਾ। ਵੈਟਰਨ ਡੇ ਦਾ ਦਿਹਾੜਾ ਹਰ ਸਾਲ ਜੰਗਾਂ ਵਿੱਚ ਦੇਸ਼ ਦੀ ਸੇਵਾ ਵਿੱਚ ਮਰਨ ਵਾਲਿਆਂ ਦੀ ਬਹਾਦਰੀ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਸਭ ਤੋਂ ਪਹਿਲਾਂ 11 ਨਵੰਬਰ ਵਾਲੇ ਦਿਨ ਖ਼ਤਮ ਹੋਈ ਪਹਿਲੀ ਵਿਸ਼ਵ ਜੰਗ ਵਿੱਚ ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾਂਜਲੀ ਵਜੋਂ ਸ਼ੁਰੂ ਕੀਤਾ ਗਿਆ ਸੀ।
ਇਸ ਸਲਾਨਾ ਸਮਾਰੋਹ ਵਿੱਚ ਸਿੱਖ ਭਾਈਚਾਰੇ ਦੇ ਮੈਂਬਰ ਡਾ. ਦਰਸ਼ਨ ਸਿੰਘ ਸਹਿਬੀ, ਪਿਆਰਾ ਸਿੰਘ ਸੈਂਬੀ, ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ, ਉਹਨਾਂ ਦੇ ਸਪੁੱਤਰ ਸਮੀਪ ਸਿੰਘ ਗੁਮਟਾਲਾ, ਬੱਚੀ ਮਿਹਰ ਕੌਰ ਨੇ ਵੀ ਸ਼ਾਮਲ ਹੋ ਕੇ ਫ਼ੌਜ ਵਿੱਚ ਸੇਵਾ ਨਿਭਾ ਚੁੱਕੇ ਅਤੇ ਵਰਤਮਾਨ ਵਿੱਚ ਦੇਸ਼ ਦੀ ਰੱਖਿਆ ਕਰ ਰਹੇ ਫ਼ੌਜੀਆਂ ਦਾ ਧੰਨਵਾਦ ਕੀਤਾ।
ਇਸ ਸਮਾਰੋਹ ਸੰਬੰਧੀ ਜਾਣਕਾਰੀ ਸਾਂਝੇ ਕਰਦੇ ਹੋਏ ਸਿੱਖ ਕਾਰਕੁੰਨ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਉਹ ਲਗਾਤਾਰ ਦੂਜੇ ਸਾਲ ਇਸ ਸਮਾਰੋਹ ਵਿੱਚ ਸ਼ਾਮਲ ਹੋ ਰਹੇ ਹਨ। ਉਹਨਾਂ ਪਿਛਲੇ ਸਾਲ ਦੇ ਉਸ ਯਾਦਗਾਰ ਵਾਕਿਆ ਬਾਰੇ ਵੀ ਦੱਸਿਆ ਜੱਦ ਦੂਜੀ ਵਿਸ਼ਵ ਜੰਗ ਦੇ ਵੱਡੀ ਉਮਰ ਦੇ ਇੱਕ ਵੈਟਰਨ ਫ਼ੌਜੀ ਸਾਡੀ ਦਸਤਾਰ ਨੂੰ ਦੇਖ ਕੇ ਬਹੁਤ ਖੁਸ਼ੀ ਨਾਲ ਜੱਫੀ ਪਾ ਕੇ ਸਾਨੂੰ ਮਿਲੇ ਅਤੇ ਪੁੱਛਿਆ “ਕੀ ਤੁਸੀਂ ਸਿੱਖ ਹੋ?”
ਗੁਮਟਾਲਾ ਨੇ ਅੱਗੇ ਦੱਸਿਆ ਕਿ ਮੈਨੂੰ ਅਤੇ ਨਾਲ ਖੜੇ ਵਿਦਿਆਰਥੀ ਹਰਰੂਪ ਸਿੰਘ ਨੂੰ ਮਿਲ ਕੇ ਉਹਨਾਂ ਦੇ ਚਿਹਰੇ ’ਤੇ ਇਹਨੀ ਖੁਸ਼ੀ ਦੇਖ ਕੇ ਸਾਨੂੰ ਹੈਰਾਨੀ ਵੀ ਹੋਈ। ਇਹ ਪੁੱਛਣ ਤੇ ਕਿ ਤੁਹਾਨੂੰ ਸਿੱਖਾਂ ਬਾਰੇ ਕਿਵੇਂ ਪਤਾ ਤਾਂ ਇਸ ਫੌਜੀ ਨੇ ਹਰਰੂਪ ਨੂੰ ਆਪਣੀ ਇਕ ਬਾਂਹ ਨਾਲ ਜੱਫੀ ਪਾਈ ਰੱਖੀ ਅਤੇ ਬਹੁਤ ਹੀ ਖੁਸ਼ੀ ਨਾਲ ਦੱਸਿਆ, ‘ਮੈ ਸਿੱਖਾਂ ਨੂੰ ਦੂਜੀ ਵਿਸ਼ਵ ਜੰਗ ਦੋਰਾਨ ਮਿਲਿਆ ਸੀ। ਉਹ ਬਹੁਤ ਹੀ ਬਹਾਦਰ ਸਨ। ਸਾਡੇ ਨਾਲ ਉਹਨਾਂ ਨੂੰ ਮੈ ਦੁਸ਼ਮਣ ਦੀਆਂ ਫੌਜਾਂ ਨਾਲ ਬਹੁਤ ਹੀ ਬਹਾਦਰੀ ਨਾਲ ਲੜਦੇ ਦੇਖਿਆ। ਮੈਨੂੰ ਅੱਜ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਾ ਹੈ।” ਫਿਰ ਉਹਨਾਂ ਖੁਸ਼ੀ ਖੁਸ਼ੀ ਆਪਣੀ ਪਤਨੀ ਸਮੇਤ ਤਸਵੀਰਾਂ ਵੀ ਖਿਚਵਾਈਆਂ ਸਨ।
ਸਿੱਖ ਭਾਈਚਾਰੇ ਦੇ ਮੈਂਬਰ ਡੇਟਨ ਦੇ ਰਾਈਟ ਪੈਟਰਸਨ ਏਅਰ ਫੋਰਸ ਬੇਸ ਤੋਂ ਆਏ ਵੱਖ-ਵੱਖ ਫ਼ੌਜੀ ਅਫਸਰਾਂ, ਕਮਿਸ਼ਨਰ ਰਿਕ ਪਰੈਲਸ, ਬੀਵਰਕ੍ਰੀਕ ਦੇ ਮੌਜੂਦਾ ਮੇਅਰ ਬੋਬ ਸਟੋਨ ਅਤੇ ਨਵੇਂ ਚੁਣੇ ਗਏ ਮੇਅਰ ਡੋਨ ਐਡਮਸ ਨੂੰ ਵੀ ਮਿਲੇ। ਇਹਨਾਂ ਸਭਨਾਂ ਨੇ ਅਮਰੀਕਾ ਦੀ ਫ਼ੌਜ ਵਿੱਚ ਸੇਵਾ ਨਿਭਾ ਰਹੇ ਸਿੱਖ ਫ਼ੌਜੀਆਂ ਦਾ ਵੀ ਧੰਨਵਾਦ ਕੀਤਾ। ਇੱਥੇ ਇਹ ਵਰਨਣਯੋਗ ਹੈ ਕਿ ਸਾਲ 2009 ਵਿੱਚ 25 ਸਾਲ ਬਾਦ ਅਮਰੀਕਾ ਦੀ ਫ਼ੌਜ ਵਿਚ ਦਸਤਾਰ ਅਤੇ ਦਾੜੀ ਰੱਖ ਕੇ ਫ਼ੌਜ ਵਿੱਚ ਸ਼ਾਮਲ ਹੋਣ ਦੀ ਇਜਾਜਤ ਪਹਿਲੀ ਵਾਰ ਡਾ. ਤੇਜਦੀਪ ਸਿੰਘ ਰਤਨ ਅਤੇ ਡਾ. ਕਮਲਦੀਪ ਸਿੰਘ ਕਲਸੀ ਨੂੰ ਦਿੱਤੀ ਗਈ ਸੀ। ਅੰਮ੍ਰਿਤਸਰ ਦੇ ਜੰਮਪਲ ਅਤੇ ਹੁਣ ਲੈਫਟੀਨੈਂਟ ਕਰਨਲ ਵਜੋਂ ਸੇਵਾ ਨਿਭਾ ਰਹੇ ਡਾ. ਰਤਨ ਨੇ ਇਸੇ ਸ਼ਹਿਰ ਦੀ ਰਾਈਟ ਸਟੇਟ ਯੁਨੀਵਰਸਿਟੀ ਤੋਂ ਪੜਾਈ ਕੀਤੀ ਸੀ। ਉਸ ਤੋਂ ਬਾਦ ਅਮਰੀਕਾ ਦੀ ਫ਼ੌਜ ਵਿੱਚ ਹੁਣ ਵੱਡੀ ਗਿਣਤੀ ਵਿੱਚ ਦਸਤਾਰਧਾਰੀ ਫ਼ੌਜੀ ਹਨ।
ਵਿਸ਼ਵ ਯੁੱਧ ਸਮੇਤ ਇਤਿਹਾਸ ਵਿੱਚ ਹਜਾਰਾਂ ਸਿੱਖਾਂ ਦੀ ਬਹਾਦਰੀ, ਕੁਰਬਾਨੀਆਂ ਸਦਕਾ ਹੀ ਅਸੀਂ ਜਿੱਥੇ ਵੀ ਜਾਂਦੇ ਹਾਂ, ਲੋਕ ਸਿੱਖਾਂ ਦਾ ਮਾਣ ਕਰਦੇ ਹਨ। ਸਾਡੇ ਗੁਰੂਆਂ ਅਤੇ ਬਜ਼ੁਰਗਾਂ ਨੇ ਧਾਰਮਿਕ ਅਜ਼ਾਦੀ, ਸਾਰਿਆ ਦੇ ਨਿਆਂ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਹ ਬਹੁਤ ਜਰੂਰੀ ਹੈ ਕਿ ਅਮਰੀਕਾ ਵਿੱਚ ਹੁੰਦੇ ਅਜਿਹੇ ਸਮਾਗਮਾਂ ਵਿੱਚ ਸਿੱਖ ਸ਼ਾਮਲ ਹੋਣ।