ਮੇਰੇ ਸਮਕਾਲੀ, ਜਾਂ ਸਾਹਿਤਕ ਖੇਤਰ ਦੇ ਅਲੰਬੜਦਾਰ ਮੇਰੇ ਇਸ ਕਥਨ ਉੱਪਰ ਸ਼ਾਇਦ ਨੱਕ ਬੁੱਲ੍ਹ ਮਾਰਨ, ਗਾਲ਼ਾਂ ਕੱਢਣ, ਜਾਂ
ਸ਼ਾਇਦ ਕੋਈ ਗੱਲ ਉਹਨਾਂ ਨੂੰ ਚੁਭੇ ਜਾਂ ਤੰਗ ਪ੍ਰੇਸ਼ਾਨ ਵੀ ਕਰੇ, ਪਰ ਇਹ ਸੱਚ ਹੈ ਕਿ ਨਾਵਲ “ਚਾਲ਼ੀ ਦਿਨ” ਇਸ ਸਦੀ ਦਾ ਇੱਕ ‘ਸ਼ਾਹਕਾਰ’ ਨਾਵਲ ਹੈ। ਕਈ ਇਹ ਦਾਅਵਾ ਵੀ ਕਰਨਗੇ, ਕਿ “ਚਾਲ਼ੀ ਦਿਨ” ਨਾਵਲ ਹੈ ਵੀ ਕਿ ਨਹੀਂ…? ਜਾਂ ਸ਼ਾਇਦ ਕਹਿਣਗੇ ਕਿ ਇਹ ਤਾਂ ਨਾਵਲ ਹੈ ਹੀ ਨਹੀਂ…! ਜਿੰਨੇ ਮੂੰਹ, ਉਤਨੀਆਂ ਗੱਲਾਂ ਹੋਣੀਆਂ ਸੁਭਾਵਿਕ ਹਨ। ਸ਼ਾਇਦ ਕਈ ‘ਖਾਂਦੇ ਦੀ ਦਾੜ੍ਹੀ ਹਿੱਲਣ’ ਦਾ ਉਲਾਂਭਾ ਵੀ ਦੇਣ…? ਪਰ ਦੁਨੀਆਂ ਕਿਸੇ ਨੇ ਜਿੱਤੀ ਹੈ…? ਪਰ ਇੱਕ ਗੱਲ ਜ਼ਰੂਰ ਵਿਚਾਰਨਯੋਗ ਹੈ, ਕਿ ਜਿੱਥੇ ਭਗਵਾਨ ਰਾਮ ਜੀ ਵਰਗੇ ਵਿਚਾਰਾਂ ਵਿੱਚ ਪਏ, ਸ਼ਾਂਤ ਹੁੰਦੇ ਨੇ, ਉਥੇ ਬਲੀ ਬਾਬਾ ਹਨੂੰਮਾਨ ਜੀ ਦੀ ਸੈਨਾਂ ਖਿਲਾਰੇ ਪਾ ਦਿੰਦੀ ਹੈ…। ਮੈਨੂੰ ਮਾਣ ਹੈ ਕਿ ਰਸੂਲ ਹਮਜ਼ਾਤੋਵ ਦੇ ਨਾਵਲ “ਮੇਰਾ ਦਾਗਿਸਤਾਨ” ਵਰਗਾ ਹੀ ਇੱਕ ਹੋਰ ਨਾਵਲ ਇਸ ਸਦੀ ਵਿੱਚ , ਪੰਜਾਬੀ ਵਿੱਚ ਲਿਖਿਆ ਗਿਆ ਹੈ, ਜਿਸ ਦੀਆਂ ਦੇਰ ਤੱਕ ਗੱਲਾਂ ਹੁੰਦੀਆਂ ਰਹਿਣਗੀਆਂ। ਪੰਜਾਬੀ ਨਾਵਲਕਾਰੀ ਦੇ ਖੇਤਰ ਵਿੱਚ ਇਹ ਪਹਿਲਾ ਅਤੇ ਵਿਲੱਖਣ ਨਾਵਲ ਹੈ, ਜਿਸ ਨੂੰ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਜਿਵੇਂ ਇੰਦਰ ਦੇਵਤਾ ਜਲ ਦੀ ਥਾਂ ਦੁੱਧ ਵਰਸਾਉਣ ਲੱਗ ਪਿਆ ਹੋਵੇ…. ਜਿਵੇਂ ਤਿਤਲੀਆਂ ਅਤੇ ਫੁੱਲ ਆਪਸ ਵਿੱਚ ਵੈਰਾਗੀ ਜੁਗਲਬੰਦੀ
ਕਰਦੇ ਹੋਣ… ਜਾਂ ਤੋਤਾ ਅਤੇ ਮੈਨਾ ਅੰਮ੍ਰਿਤ ਵੇਲ਼ੇ ਕੋਈ ਅਲੌਕਿਕ ਬਾਤ ਛੇੜੀ ਬੈਠੇ ਹੋਣ…।
ਇਸ ਨਾਵਲ ਦੀ ਹਰ ਸਤਰ, ਪੜ੍ਹਨ ਵਾਲ਼ੇ ਦੀ ਹਿੱਕ ‘ਤੇ ਫੁੱਲਾਂ ਦੀ ਵਰਖਾ ਕਰਦੀ ਜਾਂਦੀ ਹੈ… ਪਾਠਕ ਨਾ ਤੇਰ, ਨਾ ਮੇਰ, ਨਾ ਮੈਂ,
ਨਾ ਤੂੰ…. ਨਾ ‘ਹਮ-ਤੁ ਮ’ ਅਤੇ ਨਾ ਹਮਕੋ-ਤੁਮਕੋ… ਸਭ ਬੰਧਨਾਂ ਤੋਂ ਮੁਕਤ, ਕਿਸੇ ਗ਼ੈਬੀ ਆਨੰਦ ਨਾਲ਼ ਲਿਬਰੇਜ਼… ਕਿਸੇ ਬੈਕੁੰਠੀ ਝੀਲ ਵਿੱਚ ਤਾਰੀਆਂ ਲਾਉਂਦਾ ਹੈ…ਇਹ ਨਾਵਲ ਪੜ੍ਹਦਿਆਂ ਮੇਰੇ ਦਿਲ ਵਿੱਚ ਆਨੰਦ ਦੀ ਐਸੀ ਲਹਿਰ ਉਠੀ, ਕਿ ਜੋ ਅਜੇ ਤੱਕ ਸਿਮਟੀ ਨਹੀਂ… ਸੁਖ-ਦੁੱਖ ਦੀ ਕਾਮਨਾ, ਪ੍ਰੇਮ ਜਾਂ ਵਿਛੋੜੇ ਦੇ ਅਹਿਸਾਸ…. ਬੰਦਾ ਹਰ ਜੰਜਾਲ ਤੋਂ ਮੁਕਤ ਅਤੇ ਬੇਪ੍ਰਵਾਹ ਹੋ ਕੇ ਪੜ੍ਹਦਾ ਅਤੇ ਮੰਤਰ ਮੁਗਧ ਹੋਇਆ ਰਹਿੰਦਾ ਹੈ…! ਮੋਹ-ਮਾਇਆ ਦੇ ਲੋਭ ਤੋਂ ਪਰ੍ਹੇ, ਪਾਠਕ ਆਪਣੇ ਆਪ ਨੂੰ ਕਿਸੇ ਹੋਰ ਹੀ ਧਰਤੀ ਉੱਪਰ ਵਿਚਰਦਾ ਮਹਿਸੂਸ ਕਰਦਾ ਹੈ…। … “ਚਾਲ਼ੀ ਦਿਨ” ਕਿਤਾਬ ਨਾਲ਼ ਬੱਝਿਆ ਬੰਦਾ ਸੁਆਰਥ, ਵੈਰ, ਵਿਰੋਧ, ਮਮਤਾ, ਭੁੱਲ ਕੇ ਕਿਸੇ ਅਦਿੱਖ ‘ਪ੍ਰਮਾਰਥ’ ਦੇ ਮਾਰਗ ਉੱਪਰ ਚੱਲਦਾ ਰਹਿੰਦਾ ਹੈ…। ਹੋਰ ਤਾਂ ਹੋਰ, ਬੰ ਦਾ ‘ਚਾਰ ਆਦਮੀਆਂ’ ਦੇ ‘ਚੁੱਕਣ’ ਦੀ ਸੁੱਧ-ਬੁੱਧ ਵੀ ਭੁੱਲ ਜਾਂਦਾ ਹੈ। “ਚਾਲ਼ੀ ਦਿਨ” ਪੜ੍ਹਦਿਆਂ ਮੈਂ ਮੋਰ ਪੈਹਲ੍ਹਾਂ, ਬੁਲਬੁਲਾਂ ਦੇ ਰਾਗ, ਝਰਨੇ ਦੇ ਪਾਣੀਆਂ ਦੀ ‘ਕਲ-ਕਲ’, ਅੰਮ੍ਰਿਤ ਵੇਲ਼ੇ ਮਾਂ ਧਰਤੀ ਦੀ ਹਿੱਕ ‘ਤੇ ਹਲ਼ ਵਾਹੁੰਦੇ ਕਿਸਾਨਾਂ ਦੀ ਹੀਰ ਅਤੇ ਊਠਾਂ ਦੀਆਂ ਟੱਲੀਆਂ ਦੀ ਅਵਾਜ਼ ਸੁਣੀ ਅਤੇ ਸਤਰੰਗੀ ਪੀਂਘ ਦੇ ਹੁਲ੍ਹਾਰੇ ਨੂੰ ਮਾਣਿਆਂ…।
ਸ਼ੇਰਾਂ ਦੀ ਬਹਾਦਰੀ ਦੀ ਗਾਥਾ ਕਦੇ ਸ਼ਿਕਾਰੀ ਦੇ ਹਮਾਇਤੀਆਂ ਨੇ ਨਹੀਂ ਲਿਖੀ…। …ਮੈਨੂੰ ਨਹੀਂ ਪਤਾ ਕਿ ਪਵਨ ਪੁੱਤਰ,
ਮਹਾਂਬਲੀ ਯੋਧੇ ਹਨੂੰਮਾਨ ਜੀ ਦਾ ਚੁੱਕ ਕੇ ਲਿਆਂਦਾ ‘ਦਰੋਨਾਗਿਰੀ ਪਰਬਤ’ ਉਸ ਜਗਾਹ ਹੀ ਪਿਆ ਹੈ, ਜਾਂ ਹਨੂੰਮਾਨ ਜੀ ਉਸ ਨੂੰ ਵਾਪਸ ਰੱਖ ਆਏ ਸਨ…? ਪਰ ਡਾਕਟਰ ਧੁੱਗਾ ਦੇ ਵਰਤੇ ਸ਼ਬਦ ਅਤੇ ਸਿਰਜੀ ਇਹ ਕਥਾ ਵੀ ਪਾਠਕਾਂ ਵਿੱਚ ਇੱਕ ਸਨਸਨੀ ਬਣਾਈ ਰੱਖੇਗੀ…। ਜਾਂਦਾ-ਜਾਂਦਾ ਇੱਕ ਗੱਲ ਹੋਰ ਸਪੱਸ਼ਟ ਕਰ ਜਾਂਵਾਂ; ਮੈਂ ਨਾ ਤਾਂ ਕਦੇ ਡਾਕਟਰ ਧੁੱਗਾ ਨੂੰ ਮਿਲਿLਆ ਹਾਂ, ਅਤੇ ਨਾ ਹੀ ਕਦੇ ਸਾਡੀ ਜ਼ੁਬਾਨ ਸਾਂਝੀ ਹੋਈ ਹੈ…। ਵਿਸ਼ਾਲ ਬਿਆਸ ਨਾਲ਼ ਮੇਰੀ ਪੁਰਾਣੀ ਯਾਰੀ ਹੈ। ਸਾਡੀ ਯਾਰੀ ਨੂੰ ਤਾਂ ਹੁਣ ਕੋਈ ਕਬਾੜੀਆ ਵੀ ਚੁੱਕਣ ਲਈ ਤਿਆਰ ਨਹੀਂ। ਵਿਸ਼ਾਲ ਦਾ ਭੇਜਿਆ ਇਹ ਨਾਵਲ ਮੈਂ ਪੜ੍ਹਿਆ, ਅਤੇ ਆਪਣੇ ਮਨ ਦੇ ਨਿੱਜੀ ਵਿਚਾਰ ਤੁਹਾਡੇ ਨਾਲ਼ ਸਾਂਝੇ ਕਰ ਲਏ…। ਅਖੀਰ ਵਿੱਚ ਮੈਂ ਇਸ ਨਾਵਲ ਨੂੰ ਇਸ ਸਦੀ ਦਾ ‘ਆਖਰੀ ਨਾਵਲ’ ਨਹੀਂ ਕਹਾਂਗਾ, ਕਿਉਂਕਿ ਡਾਕਟਰ ਧੁੱਗਾ ਵਰਗੇ ‘ਤੀਸਰੇ ਨੇਤਰ’ ਵਾਲ਼ੇ ਲੇਖਕ ਅਜੇ ਜਿਉਂਦੇ ਨੇ…। ਵੈਸੇ ਤਾਂ ਕਲਾ ਕਿਸੇ ਇਨਾਮ ਸਨਮਾਨ ਦੀ ਮੁਹਤਾਜ਼ ਨਹੀਂ ਹੁੰਦੀ, ਪਰ ਮੇਰੀ ਸੋਚ ਅਨੁਸਾਰ ਇਸ ਕਿਰਤ ਨੂੰ ਜਿੰਨੇ ਵੀ ਮਾਣ- ਸਨਮਾਨ ਮਿਲਣ, ਥੋੜ੍ਹੇ ਹੋਣਗੇ…। ਇੱਕ ਗੱਲ ਇਸ ਨਾਵਲ ਦੇ ਲੇਖਕ ਡਾਕਟਰ ਧੁੱਗਾ ਨੂੰ ਵੀ ਕਹੂੰਗਾ, ਕਿ ਨਾ ਤਾਂ ਕਪੜਛੱਲਾਂ ਵਿੱਚ ਤਾਰੀਆਂ ਲਾਉਣ ਦੀ ਲੋੜ ਹੈ, ਅਤੇ ਨਾ ਕੱਪੜਛਾਣ ਹੋਣ ਦੀ ਜ਼ਰੂਰਤ ਹੈ। ਬੱਸ, ਦੱਬੀ ਚੱਲ ਕਿੱਲੀ ਮਿੱਤਰਾ…! ਬਾਜ਼ੀ ਤੇਰੇ ਹੱਥ ਹੈ…। ਬਾਹਲ਼ੇ ਥਾਪੜਿਆਂ ਤੋਂ ਪਰ੍ਹੇ ਹੀ ਰਹੀਂ…। ਬਹੁਤੇ ਥਾਪੜੇ ਕਈ ਵਾਰ ‘ਧੱਫਿਆਂ’ ਦਾ ਰੂਪ ਧਾਰਨ ਕਰ ਜਾਂਦੇ ਨੇ, ਜੋ ਬੰਦੇ ਦਾ ਸਾਹ ਬੰਦ ਕਰ ਦਿੰਦੇ ਨੇ…। ਇੱਕ ਸੱਚਾਈ ਇਹ ਵੀ ਹੈ ਕਿ ਕਦੇ-ਕਦੇ ਅਸੀਂ ਆਪਣੀ ਨਜ਼ਰ ਨੂੰ ਖ਼ੁਰਦਬੀਨ ਬਣਾ ਲੈਂਦੇ ਹਾਂ, ਜਿਸ ਨਾਲ਼ ਸਾਨੂੰ ਪਾਣੀ ਵਿੱਚ ਵੀ ‘ਜ਼ਿਰਮ’ ਨਜ਼ਰ ਆਉਣ ਲੱਗਦੇ ਨੇ, ਅਤੇ ਕਈ ਵਾਰ ਅਸੀਂ ਐਨਾਂ ‘ਅੰਧਰਾਤਾ’ ਕਰ ਬੈਠਦੇ ਹਾਂ, ਕਿ ਕੋਹੜ ਕਿਰਲ਼ਾ ਚੁੱਕ ਕੇ ਮੂੰਹ ਵਿੱਚ ਸੁੱਟ ਲੈਂਦੇ ਹਾਂ…। ਬੱਸ, ਆਪਣਾ ਚਿਹਰਾ ਸੂਰਜ ਦੀ ਰੌਸ਼ਨੀ ਵੱਲ ਰੱਖੀਂ, ਪ੍ਰਛਾਂਵੇਂ ਆਪੇ ਪਿੱਛੇ -ਪਿੱਛੇ ਆਉਣਗੇ…।