ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਗੁਰਦੁਆਰਾ ਸੀਸ ਗੰਜ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀਆਂ ਗੱਡੀਆਂ ਦੇ ਮਾਲਕਾਂ ਨੂੰ ‘ਨੋ ਐਂਟਰੀ’ ਦੇ ਨਾਮ ਉਤੇ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਭੇਜੇ ਜਾ ਰਹੇ ਚਲਾਨਾਂ ਨੂੰ ਖਤਮ ਕਰਵਾਉਣ ਸਬੰਧੀ ਜਾਗੋ ਪਾਰਟੀ ਨੇ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਹੈ ਕਿ ਅਸੀਂ 26 ਸਤੰਬਰ 2023 ਨੂੰ ਦਿੱਲੀ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਗੁਰਦੁਆਰਾ ਸੀਸ ਗੰਜ ਸਾਹਿਬ ਜਾਣ ਵਾਲੀਆਂ ਸੰਗਤਾਂ ਦੀਆਂ ਗੱਡੀਆਂ ਦੇ ਮਾਲਕਾਂ ਨੂੰ “ਨੋ ਐਂਟਰੀ” ਦੇ ਨਾਂ ‘ਤੇ ਭੇਜੇ ਗਏ 20 ਹਜਾਰ ਰੁਪਏ ਪ੍ਰਤੀ ਚਲਾਨ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਪਰ ਦਿੱਲੀ ਪੁਲਿਸ, ਦਿੱਲੀ ਸਰਕਾਰ ਅਤੇ ਲੈਫਟੀਨੈਂਟ ਗਵਰਨਰ ਵੱਲੋਂ ਅਜੇ ਤੱਕ ਇਸ ਮੁੱਦੇ ‘ਤੇ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਹੁਣ ਅਗਲਾ ਪ੍ਰੋਗਰਾਮ ਜਾਰੀ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਅਨੁਸਾਰ ਸੰਗਤਾਂ ਅਤੇ ਸਮੂਹ ਸਿੱਖ ਜਥੇਬੰਦੀਆਂ ਨੂੰ ਨਾਲ ਲੈਕੇ ਐਤਵਾਰ 19 ਨਵੰਬਰ ਨੂੰ ਸ਼ਾਮ 5 ਵਜੇ ਭਾਈ ਮਤੀ ਦਾਸ ਚੌਂਕ ਵਿਖੇ ਰੋਸ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਦੌਰਾਨ ਪੁਲਿਸ ਅਤੇ ਪ੍ਰਸ਼ਾਸਨ ਨੂੰ ਇਸ ਸਮੱਸਿਆ ਦਾ ਹੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ 17 ਦਸੰਬਰ 2023 ਤੱਕ ਕੱਢਣ ਦਾ ਅਲਟੀਮੇਟਮ ਦਿੱਤਾ ਜਾਵੇਗਾ। ਜੇਕਰ 17 ਦਸੰਬਰ ਤੱਕ ਪੁਲਿਸ ਅਤੇ ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਕਾਰਵਾਈ ਨਾ ਕੀਤੀ ਤਾਂ ਉਸ ਤੋਂ ਬਾਅਦ ਸੰਗਤਾਂ ਨੂੰ ਨਾਲ ਲੈਕੇ “ਨੋ ਐਂਟਰੀ” ਦੇ ਬੋਰਡ ਅਤੇ ਕੈਮਰੇ ਕਿਸੇ ਵੇਲੇ ਵੀ ਉਖਾੜ ਦਿੱਤੇ ਜਾਣਗੇ।
ਜੀਕੇ ਨੇ ਕਿਹਾ ਕਿ ਦਿੱਲੀ ਕਮੇਟੀ ਪ੍ਰਬੰਧਕਾਂ ਦੀ ਲਾਪਰਵਾਹੀ ਤੇ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਅਤੇ ਸ਼ਾਹਜਹਾਨਾਬਾਦ ਮੁੜ ਵਿਕਾਸ ਨਿਗਮ (ਐਸ.ਆਰ.ਡੀ.ਸੀ.) ਵੱਲੋਂ ਚਾਂਦਨੀ ਚੌਕ ਦੇ ਸੁੰਦਰੀਕਰਨ ਲਈ ਬਣਾਏ ਗਏ ਪ੍ਰੋਜੈਕਟ ‘ਚ ਮੌਜੂਦ ਖਾਮੀਆਂ ਕਰਕੇ ਗੁਰਦੁਆਰਾ ਸੀਸ ਗੰਜ ਸਾਹਿਬ ਦੀ ਪਾਰਕਿੰਗ ਚਿੱਟਾ ਹਾਥੀ ਬਣ ਗਈ ਹੈ। ਅਸੀਂ ਇਸ ਪ੍ਰੋਜੈਕਟ ਦੀ ਉਸਾਰੀ ਦੌਰਾਨ ਪਹਿਲਾਂ ਵੀ ਦਿੱਲੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਨਾਲ ਮੁਲਾਕਾਤ ਕਰਕੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਨੂੰ ਭਾਈ ਮਤੀ ਦਾਸ ਚੌਂਕ ਨਾਲ ਜੋੜਣ ਲਈ ਅੰਡਰਪਾਸ ਬਣਾਉਣ ਦੀ ਲਿਖਤ ਮੰਗ ਦਿੱਤੀ ਸੀ। ਪਰ ਸਰਕਾਰ ਨੇ ਕੁਝ ਨਹੀਂ ਕੀਤਾ। ਜਿਸ ਕਰਕੇ ਪੁਰਾਣੀ ਦਿੱਲੀ ਸਟੇਸ਼ਨ ਵਾਲੇ ਪਾਸੋਂ ਕੋਡੀਆ ਪੁਲ ਤੋਂ ਭਾਈ ਮਤੀ ਦਾਸ ਚੌਂਕ ਵੱਲ ਆਉਂਦੇ ਰੋਡ ਉਤੇ ਸਿਰਫ 50 ਮੀਟਰ ਦੇ ਇਲਾਕੇ ਵਿਚ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਬਣਾਏ ਗਏ ‘ਨੋ ਐਂਟਰੀ’ ਜੋਨ ਕਰਕੇ ਸੰਗਤਾਂ ਖੁਆਰ ਹੋ ਰਹੀਆਂ ਹਨ। ਜਿਸ ਦਾ ਫਾਇਦਾ ਦਿੱਲੀ ਟ੍ਰੈਫਿਕ ਪੁਲਿਸ ਅਤੇ ਨੇੜੇ ਖੁਲ੍ਹੇ ਵੱਡੇ ਮਾਲ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਹੈ। ਜਦੋਂ ਇਹ ਮਾਲ ਖੁਲ ਜਾਵੇਗਾ, ਤਾਂ ਮਜਬੂਰਨ ਸੰਗਤਾਂ ਨੂੰ ਆਪਣੀਆਂ ਗੱਡੀਆਂ ਇੱਥੇ ਮਾਇਆ ਦੇ ਕੇ ਖੜੀਆਂ ਕਰਨੀਆਂ ਪੈਣਗੀਆਂ। ਜੀਕੇ ਨੇ ਕਿਹਾ ਕਿ ਸਵੇਰੇ 9 ਤੋਂ ਰਾਤ 9 ਵਜੇ ਤੱਕ ਮੋਟਰ ਗੱਡੀਆਂ ਉਤੇ ਰੋਕ ਦਾ ਦਿੱਲੀ ਟ੍ਰੈਫਿਕ ਪੁਲਿਸ ਦਾ ਫੈਸਲਾ ਮਨਮਾਨਾ ਹੈ