ਬੇਟੀ ਪੜ੍ਹਾਓ, ਬੇਟੀ ਬਚਾਓ ਦਾ ਪ੍ਰਚਾਰ ਤਾਂ ਥੋੜ੍ਹਾ ਸਮਾਂ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਹੈ ਪ੍ਰੰਤੂ ਪੰਜਾਬ ਵਿੱਚ ਬੇਟੀਆਂ ਨੂੰ ਪਹਿਲਾਂ ਹੀ ਪੜ੍ਹਾਇਆ ਜਾਂਦਾ ਹੈ, ਜਿਸ ਕਰਕੇ ਬੇਟੀਆਂ ਸਮਾਜ ਦੇ ਹਰ ਖੇਤਰ ਵਿੱਚ ਮਾਹਰਕੇ ਮਾਰ ਰਹੀਆਂ ਹਨ। ਬੇਸ਼ਕ ਪੰਜਾਬ ਪੁਲਿਸ ਵਿੱਚ ਇਸਤਰੀਆਂ/ਲੜਕੀਆਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਆਟੇ ਵਿੱਚ ਲੂਣ ਦੇ ਬਰਾਬਰ ਹੈ ਪ੍ਰੰਤੂ ਉਹ ਦਿਨ ਦੂਰ ਨਹੀਂ ਜਦੋਂ ਇਸਤਰੀਆਂ/ਲੜਕੀਆਂ ਇਸ ਵਿਭਾਗ ਦੇ ਪੁਲਿਸ ਮੁੱਖੀ ਦੇ ਅਹੁਦੇ ‘ਤੇ ਪਹੁੰਚਕੇ ਅਗਵਾਈ ਕਰਨਗੀਆਂ। ਭਾਵੇਂ ਅੱਜ ਦਿਨ ਵੀ ਗੁਰਪ੍ਰੀਤ ਕੌਰ ਦਿਓ, ਸ਼ਸ਼ੀ ਪ੍ਰਭਾ ਦਿਵੇਦੀ ਦੋਵੇਂ ਡੀ.ਜੀ.ਪੀ.ਰੈਂਕ ਅਤੇ ਤਿੰਨ ਹੋਰ ਐਡੀਸ਼ਨਲ ਡੀ.ਜੀ.ਪੀ.ਰੈਂਕ ਵਿੱਚ ਹਨ ਪ੍ਰੰਤੂ ਉਨ੍ਹਾਂ ਨੂੰ ਪੁਲਿਸ ਵਿਭਾਗ ਦੇ ਵੱਖ-ਵੱਖ ਵਿੰਗਾਂ ਦੇ ਮੁੱਖੀ ਬਣਾਇਆ ਗਿਆ ਹੈ ਪ੍ਰੰਤੂ ਪੂਰੇ ਪੁਲਿਸ ਵਿਭਾਗ ਦੇ ਮੁੱਖੀ ਨਹੀਂ ਬਣਾਈਆਂ ਗਈਆਂ। ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਮੁਖ ਮਹੱਤਵਪੂਰਨ ਖੇਤਰੀ ਅਤੇ ਪ੍ਰਬੰਧਕੀ ਅਹੁਦਿਆਂ ‘ਤੇ ਇਸਤਰੀਆਂ/ਲੜਕੀਆਂ ਕੰਮ ਕਰ ਰਹੀਆਂ ਹਨ। ਆਈ.ਏ.ਐਸ. ਇਸਤਰੀ ਵਿੰਨੀ ਮਹਾਜਨ ਪਹਿਲੀ ਪੰਜਾਬ ਦੀ ਮੁੱਖ ਸਕੱਤਰ ਰਹੀ ਹੈ। ਸੁਰਜੀਤ ਕੌਰ ਬਾਰੇ ਵੀ ਕਿਹਾ ਜਾਂਦਾ ਹੈ ਕਿ ਉਹ ਪਹਿਲੀ ਇਸਤਰੀ ਆਈ.ਪੀ.ਐਸ.ਅਧਿਕਾਰੀ ਸੀ। ਕਿਰਨ ਬੇਦੀ ਅੰਮਿ੍ਰਤਸਰ ਨਾਲ ਸੰਬੰਧ ਰੱਖਦੀ ਹੈ, ਉਹ ਇਸਤਰੀ ਆਈ.ਪੀ.ਐਸ.ਅਧਿਕਾਰੀ ਸੀ। ਉਹ ਡਾਇਰੈਕਟਰ ਜਨਰਲ ਬਿਓਰੋ ਆਫ਼ ਪੁਲਿਸ, ਕੇਂਦਰੀ ਸ਼ਾਸ਼ਤ ਪ੍ਰਦੇਸ਼ ਦਿੱਲੀ, ਗੋਆ, ਚੰਡੀਗੜ੍ਹ ਅਤੇ ਮੀਜੋਰਾਮ ਦੀ ਡੀ.ਜੀ.ਪੀ.ਅਤੇ ਉਪ ਰਾਜਪਾਲ ਵਰਗੇ ਮਹੱਤਵਪੂਰਨ ਅਹੁਦਿਆਂ ‘ਤੇ ਰਹੀ ਹੈ। ਪੁਲਿਸ ਵਿਭਾਗ ਦੇ ਕੰਮ ਨੂੰ ਜੋਖ਼ਮ ਭਰਿਆ ਗਿਣਿਆਂ ਜਾਂਦਾ ਹੈ ਕਿਉਂਕਿ ਇਸ ਨੇ ਸਮਾਜ ਵਿਰੋਧੀ ਅਨਸਰਾਂ ਦੀਆਂ ਸਰਗਰਮੀਆਂ ਨੂੰ ਰੋਕਣਾ ਹੁੰਦਾ ਹੈ। ਕਰਿਮੀਨਲ ਕਿਸਮ ਦੇ ਅਨਸਰਾਂ ਨਾਲ ਨਿਪਟਣਾ ਹੁੰਦਾ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਸਖ਼ਤੀ ਵਰਤਣੀ ਪੈਂਦੀ ਹੈ। ਇਹ ਆਮ ਪ੍ਰਭਾਵ ਪਾਇਆ ਜਾਂਦਾ ਹੈ ਕਿ ਮਰਦ ਹੀ ਅਜਿਹੇ ਕੰਮ ਕਰਨ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦੇ ਹਨ। ਇਸਤਰੀਆਂ/ਲੜਕੀਆਂ ਬਾਰੇ ਮਹਿਸੂਸ ਕੀਤਾ ਜਾਂਦਾ ਹੈ ਕਿ ਉਹ ਅਜਿਹੇ ਕਰਿਮੀਨਲ ਮੁਜ਼ਰਮਾ ਵਿਰੁੱਧ ਕਾਰਵਾਈ ਮਰਦਾਂ ਦੀ ਤਰ੍ਹਾਂ ਨਹੀਂ ਕਰ ਸਕਦੀਆਂ। ਪ੍ਰੰਤੂ ਆਧੁਨਿਕ ਸਮੇਂ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਣ ਅਤੇ ਪੜ੍ਹਾਈ ਦੀਆਂ ਸਹੂਲਤਾਂ ਮਿਲਣ ਕਰਕੇ ਲੋਕਾਂ ਵਿੱਚ ਜਾਗ੍ਰਤੀ ਆ ਗਈ ਹੈ, ਜਿਸ ਕਰਕੇ ਮਨੁੱਖੀ ਹੱਕਾਂ ਦੀ ਰਖਵਾਲੀ ਮੁੱਖ ਵਿਸ਼ਾ ਬਣਦਾ ਜਾ ਰਿਹਾ ਹੈ। ਅਜਿਹੇ ਹਾਲਾਤ ਵਿੱਚ ਪੁਲਿਸ ਵਿਭਾਗ ਵਿੱਚ ਵੀ ਗ਼ੈਰ ਮਨੁੱਖੀ ਕਾਰਵਾਈਆਂ ਨੂੰ ਵੀ ਰੋਕਦੀ ਲੱਗਦੀ ਨਜ਼ਰ ਆ ਰਹੀ ਹੈ। ਸ਼ੋਸ਼ਲ ਮੀਡੀਆ ਦਾ ਯੁਗ ਹੋਣ ਕਰਕੇ ਗ਼ੈਰ ਮਨੁੱਖੀ ਤਸੀਹਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇੱਕ ਹੋਰ ਮਹੱਤਵਪੂਰਨ ਪਹਿਲੂ ਹੈ ਕਿ ਅਜੋਕੇ ਅਜਿਹੇ ਅਖੌਤੀ ਆਧੁਨਿਕਤਾ ਦੇ ਸਮੇਂ ਵਿੱਚ ਕੁਝ ਇਸਤਰੀਆਂ/ਲੜਕੀਆਂ ਵੀ ਜਰਾਇਮ ਪੇਸ਼ੇ ਵਿੱਚ ਸ਼ਾਮਲ ਹੋ ਗਈਆਂ ਹਨ। ਉਨ੍ਹਾਂ ਨੂੰ ਵਰਗਲਾ ਕੇ ਨਸ਼ਿਆਂ ਆਦਿ ਵਿੱਚ ਕੋਰੀਅਰ ਦੇ ਰੂਪ ਵਿੱਚ ਵਰਤਿਆ ਜਾ ਰਿਹਾ ਹੈ। ਇਸ ਲਈ ਅਜਿਹੀਆਂ ਜਰਾਇਮ ਪੇਸ਼ਾ ਇਸਤਰੀਆਂ/ਲੜਕੀਆਂ ਦੇ ਕੇਸਾਂ ਦੀ ਪੜਤਾਲ ਕਰਨ ਵਿੱਚ ਇਸਤਰੀਆਂ/ਲੜਕੀਆਂ ਸਹਾਈ ਸਾਬਤ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਨਾਲ ਇਸਤਰੀ ਅਧਿਕਾਰੀਆਂ ਨੂੰ ਹੀ ਲਗਾਇਆ ਜਾ ਸਕਦਾ ਹੈ। ਨਵੇਂ ਹਾਲਾਤਾਂ ਕਰਕੇ ਇਸਤਰੀਆਂ/ਲੜਕੀਆਂ ਦਾ ਪੁਲਿਸ ਵਿਭਾਗ ਦੇ ਅਹਿਮ ਅਹੁਦਿਆਂ ‘ਤੇ ਤਾਇਨਾਤ ਹੋਣਾ ਜ਼ਰੂਰੀ ਬਣ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਸੁਹਜਾਤਮਿਕ ਪ੍ਰਵਿਰਤੀ ਵਾਲੀਆਂ ਨਰਮ ਦਿਲ ਸਮਝਿਆ ਜਾਂਦਾ ਹੈ। ਸੰਸਾਰ ਵਿੱਚ ਇਸਤਰੀਆਂ ਨੂੰ ਬਰਾਬਰਤਾ ਦੇ ਅਧਿਕਾਰ ਦਿੱਤੇ ਗਏ ਹਨ। ਜ਼ਿੰਦਗੀ ਦੇ ਹਰ ਖੇਤਰ ਵਿੱਚ ਇਸਤਰੀਆਂ/ਲੜਕੀਆਂ ਮਹੱਤਵਪੂਰਨ ਭੂਮਿਕਾਵਾਂ ਨਿਭਾਅ ਰਹੀਆਂ ਹਨ। ਭਾਰਤ ਵਿੱਚ ਵੀ ਸਰੋਜਨੀ ਨਾਇਡੂ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਸਿਆਸੀ ਖੇਤਰ ਵਿੱਚ ਨਾਮਣਾ ਖੱਟਿਆ ਹੈ। ਪਹਿਲਾਂ ਸ਼੍ਰੀਮਤੀ ਪ੍ਰਤਿਭਾ ਪਾਟਿਲ ਹੁਣ ਸ਼੍ਰੀਮਤੀ ਦਰੋਪਦੀ ਮੂਰਮੂ ਭਾਰਤ ਦੇ ਰਾਸ਼ਟਰਪਤੀ ਹਨ।
ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਪੰਚਾਇਤੀ ਰਾਜ ਪ੍ਰਣਾਲੀ ਵਿੱਚ ਇਸਤਰੀਆਂ/ਲੜਕੀਆਂ ਲਈ ਰਾਖਵਾਂਕਰਨ ਦੀ ਪ੍ਰਣਾਲੀ ਸ਼ੁਰੂ ਕੀਤੀ ਸੀ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਵਿਧਾਨ ਸਭਾਵਾਂ ਅਤੇ ਲੋਕ ਸਭਾ ਵਿੱਚ 33 ਫ਼ੀ ਸਦੀ ਰਾਖਵਾਂ ਕਰਨ ਦਾ ਕਾਨੂੰਨ ਬਣਾਇਆ ਹੈ। ਪੰਜਾਬ ਵਿੱਚ ਸਰਕਾਰੀ ਨੌਕਰੀਆਂ ਵਿੱਚ ਅਜੇ ਤੱਕ ਵੀ ਇਸਤਰੀਆਂ/ਲੜਕੀਆਂ ਲਈ ਰਾਖਵਾਂਕਰਨ ਨਹੀਂ ਕੀਤਾ ਗਿਆ, ਇਸ ਦੀ ਲੋੜ ਵੀ ਨਹੀਂ ਕਿਉਂਕਿ ਮੁਕਾਬਲੇ ਦੇ ਸਮੇਂ ਵਿੱਚ, ਜਿਸ ਵਿਅਕਤੀ ਕੋਲ ਕਾਬਲੀਅਤ ਹੋਵੇਗੀ ਉਹ ਉਚ ਅਹੁਦਿਆਂ ਦੇ ਇਮਤਿਹਾਨ ਪਾਸ ਕਰਕੇ ਨੌਕਰੀ ਪ੍ਰਾਪਤ ਕਰ ਸਕਦੇ ਹਨ। ਅੱਜ ਕਲ੍ਹ ਲੜਕੀਆਂ ਦੇ ਹਰ ਖੇਤਰ ਵਿੱਚ ਲੜਕਿਆਂ ਤੋਂ ਮੋਹਰੀ ਹੋਣ ਦੇ ਨਤੀਜੇ ਆ ਰਹੇ ਹਨ। ਜਿਸ ਕਰਕੇ ਬਹੁਤ ਸਾਰੇ ਵਿਭਾਗਾਂ ਵਿੱਚ ਉਚ ਅਹੁਦਿਆਂ ‘ਤੇ ਇਸਤਰੀਆਂ/ਲੜਕੀਆਂ ਕੰਮ ਕਰ ਰਹੀਆਂ ਹਨ। ਸਰਕਾਰੀ ਵਿਭਾਗਾਂ ਖਾਸ ਤੌਰ ਤੇ ਵਿਦਿਆ ਵਿਭਾਗ ਵਿੱਚ ਅਧਿਆਪਕ ਇਸਤਰੀਆਂ/ਲੜਕੀਆਂ ਦੀ ਬਹੁਤਾਤ ਹੈ। ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ. ਅਤੇ ਪੀ.ਪੀ.ਐਸ.ਵਿੱਚ ਭਾਵੇਂ ਰਾਖਵਾਂ ਕਰਨ ਨਹੀਂ ਹੈ ਪ੍ਰੰਤੂ ਇਸਤਰੀਆਂ/ਲੜਕੀਆਂ ਹੁਣ ਇਨ੍ਹਾਂ ਮੁਕਾਬਲਿਆਂ ਵਿੱਚ ਆਪਣੀ ਕਾਬਲੀਅਤ ਨਾਲ ਨਾਮਣਾ ਖੱਟ ਰਹੀਆਂ ਹਨ। ਪੰਜਾਬ ਦੇ 23 ਜਿਲਿ੍ਹਆਂ ਵਿੱਚੋਂ 10 ਜਿਲਿ੍ਹਆਂ ਵਿੱਚ ਇਸਤਰੀਆਂ/ਲੜਕੀਆਂ ਡਿਪਟੀ ਕਮਿਸ਼ਨਰ ਹਨ ਪ੍ਰੰਤੂ ਪੁਲਿਸ ਦੇ 24 ਜਿਲਿ੍ਹਆਂ ਵਿੱਚੋਂ ਸਿਰਫ਼ 5 ਵਿੱਚ ਇਸਤਰੀਆਂ/ਲੜਕੀਆਂ ਐਸ.ਐਸ.ਪੀ. ਹਨ। ਭਾਵੇਂ ਹੋਰ ਉਚ ਅਹੁਦਿਆਂ ‘ਤੇ ਉਹ ਬਿਰਾਜਮਾਨ ਹਨ। ਪੰਜਾਬ ਪੁਲਿਸ ਵਿੱਚ ਲਗਪਗ 82 ਹਜ਼ਾਰ ਦੀ ਨਫਰੀ ਹੈ, ਜਿਸ ਵਿੱਚ ਇਸਤਰੀਆਂ/ਲੜਕੀਆਂ 5500 ਦੇ ਲਗਪਗ ਹਨ। ਇਹ ਕੁਲ ਨਫਰੀ ਦਾ 3 ਫ਼ੀ ਸਦੀ ਭਾਵ ਨਾ ਮਾਤਰ ਪ੍ਰਤੀਨਿਧਤਾ ਬਣਦੀ ਹੈ। ਜਦੋਂ ਕਿ ਇਸਤਰੀਆਂ ਦੀ ਆਬਾਦੀ ਮਰਦਾਂ ਦੇ ਬਰਾਬਰ ਹੈ। ਦੇਸ਼ ਵਿੱਚ ਪੁਲਿਸ ਵਿਭਾਗ ਵਿੱਚ ਇਨ੍ਹਾਂ ਦੀ ਪ੍ਰਤੀਨਿਧਤਾ 7.28 ਫ਼ੀ ਸਦੀ ਹੈ। ਸੀਨੀਅਰ ਅਹੁਦਿਆਂ ‘ਤੇ ਇਸਤਰੀਆਂ/ਲੜਕੀਆਂ ਦੀ ਗਿਣਤੀ ਬਹੁਤ ਘੱਟ ਹੈ। ਪ੍ਰੰਤੂ ਇਹ ਵੀ ਮਾਣ ਵਾਲੀ ਗੱਲ ਹੈ ਕਿ ਗੁਰਪ੍ਰੀਤ ਕੌਰ ਦਿਓ ਅਤੇ ਸ਼ਸ਼ੀ ਪ੍ਰਭਾ ਦਿਵੇਦੀ ਡੀ.ਜੀ.ਪੀ.ਰੈਂਕ ਅਤੇ 7 ਏ.ਡੀ.ਜੀ.ਪੀ.ਵਿੱਚੋਂ ਤਿੰਨ ਨੀਰਜਾ ਵੋਰੂਗੁਰੂ, ਅਨੀਤਾ ਪੁੰਜ ਅਤੇ ਵਿਭੂ ਰਾਜ ਏ.ਡੀ.ਜੀ.ਪੀ. ਦੇ ਅਹੁਦੇ ‘ਤੇ ਤਾਇਨਾਤ ਹਨ। ਰੇਂਜ ਵਿੱਚੋਂ ਧੰਨਵੰਤ ਕੌਰ ਲੁਧਿਆਣਾ ਡੀ.ਆਈ.ਜੀ. ਹਨ। ਐਸ.ਐਸ.ਪੀ ਦੇ ਅਹੁਦੇ ‘ਤੇ ਡਾ.ਰਵਜੋਤ ਕੌਰ ਗਰੇਵਾਲ ਫ਼ਤਿਹਗੜ੍ਹ ਸਾਹਿਬ, ਅਮਨੀਤ ਕੌਂਡਲ ਖੰਨਾ, ਅਸ਼ਵਨੀ ਗੋਟਿਆਲ ਬਟਾਲਾ, ਵਤਸਾਲਾ ਗੁਪਤਾ ਐਸ.ਐਸ.ਪੀ.ਕਪੂਰਥਲਾ, ਅਵਨੀਤ ਕੌਰ ਫ਼ਾਜਿਲਕਾ ਤੇ ਮਾਲੇਰਕੋਟਲਾ ਐਸ.ਐਸ.ਪੀ.ਰਹੀ ਹੈ। ਕੰਵਰਦੀਪ ਕੌਰ ਫੀਰੋਜਪੁਰ ਸਨ ਪ੍ਰੰਤੂ ਹੁਣ ਚੰਡੀਗੜ੍ਹ ਐਸ.ਐਸ.ਪੀ. ਹੈ। ਸੁਮਈਆ ਮਿਸ਼ਰਾ ਆਈ.ਪੀ.ਐਸ.ਜਾਇੰਟ ਕਮਿਸ਼ਨਰ ਪੁਲਿਸ ਲੁਧਿਆਣਾ, ਜਸਰੂਪ ਬਾਠ ਆਈ.ਪੀ.ਐਸ. ਏ.ਸੀ.ਪੀ. ਸਿਵਿਲ ਲਾਈਨ ਲੁਧਿਆਣਾ, ਹਰਵੰਤ ਕੌਰ ਐਸ.ਪੀ.ਹੈਡ ਕੁਆਟਰ ਪਟਿਆਲਾ ਹਨ। 15 ਐਸ.ਪੀ., 7 ਏ.ਐਸ.ਪੀ., 24 ਡੀ.ਐਸ.ਪੀ., 9 ਇਨਸਪੈਕਟਰ, 16 ਸਬ ਇਨਸਪੈਕਟਰ ਅਤੇ 2 ਏ.ਐਸ.ਆਈ. ਤੇ ਕੁਝ ਸਹਾਇਕ ਡਾਇਰੈਕਟਰ ਦੇ ਅਹੁਦਿਆਂ ‘ਤੇ ਕੰਮ ਕਰ ਰਹੀਆਂ ਹਨ। ਪ੍ਰੰਤੂ ਅਜੇ ਵੀ ਸੀਨੀਅਰ ਅਹੁਦਿਆਂ ‘ਤੇ ਇਸਤਰੀਆਂ/ਲੜਕੀਆਂ ਦੀ ਘਾਟ ਮਹਿਸੂਸ ਹੋ ਰਹੀ ਹੈ। ਜਦੋਂ ਮੁਕਾਬਲੇ ਦੇ ਇਮਤਿਹਾਨ ਪਾਸ ਕਰਕੇ ਇਹ ਇਸਤਰੀਆਂ/ਲੜਕੀਆਂ ਪੁਲਿਸ ਵਿੱਚ ਭਰਤੀ ਹੁੰਦੀਆਂ ਹਨ, ਇਨ੍ਹਾਂ ਦੀ ਕਾਬਲੀਅਤ ਵਿੱਚ ਕਿਹੜੀ ਘਾਟ ਹੈ। ਪਿਛੇ ਜਹੇ ਲੁਧਿਆਣਾ ਵਿਖੇ ਪੁਲਿਸ ਵਿਭਾਗ ਦੀ ਵਿਮੈਨ ਕਾਨਫ਼ਰੰਸ ਹੋਈ ਸੀ, ਜਿਸ ਵਿੱਚ ਏ.ਐਸ.ਪੀ.ਸ਼੍ਰੀਮਤੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਸੀ ਕਿ ਪੰਜਾਬ ਦੇ 399 ਥਾਣਿਆਂ ਵਿੱਚੋਂ ਸਿਰਫ਼ 10 ਥਾਣਿਆਂ ਵਿੱਚ ਇਸਤਰੀਆਂ/ਲੜਕੀਆਂ ਨੂੰ ਥਾਣੇਦਾਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਵਿਆਹਾਂ ਨਾਲ ਸੰਬੰਧਤ ਝਗੜਿਆਂ ਦੇ ਹਲ ਲਈ ਇਸਤਰੀਆਂ ਤੇ ਕੇਸਾਂ ਨਾਲ ਸੰਬੰਧਤ ਥਾਣਿਆਂ ਵਿੱਚ ਇਸਤਰੀਆਂ/ਲੜਕੀਆਂ ਨੂੰ ਲਗਾਇਆ ਹੋਇਆ ਹੈ। ਇਨ੍ਹਾਂ ਨੂੰ ਪੜਤਾਲ ਕਰਨ ਦੇ ਯੋਗ ਹੀ ਨਹੀਂ ਸਮਝਿਆ ਜਾਂਦਾ। ਇਨ੍ਹਾਂ ਨੂੰ ਪੜਤਾਲੀਆ ਅਧਿਕਾਰੀ ਸਿਰਫ਼ ਬਲਾਤਕਾਰ ਅਤੇ ਇਸਤਰੀ ਮਰਦ ਦੇ ਵਿਆਹਾਂ ਸੰਬੰਧੀ ਝਗੜਿਆਂ ਵਿੱਚ ਲਗਾਇਆ ਜਾਂਦਾ ਹੈ। ਹੋਰ ਕਿਸੇ ਵੀ ਮਹੱਤਵਪੂਰਨ ਕੇਸ ਦੀ ਪੜਤਾਲ ਕਰਨ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ, ਜਦੋਂ ਕਿ ਇਹ ਮੁਕਾਬਲੇ ਦੇ ਇਮਤਿਹਾਨ ਪਾਸ ਕਰਕੇ ਆਉਂਦੀਆਂ ਹਨ ਤਾਂ ਇਨ੍ਹਾਂ ਨੂੰ ਕਿਉਂ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ? 5500 ਇਸਤਰੀਆਂ/ਲੜਕੀਆਂ ਵਿੱਚੋਂ ਇਕ ਵੀ ਥਾਣੇ ਦੀ ਮੁਣਸ਼ੀ ਨਹੀਂ ਲਗਾਈ ਗਈ। ਇਨ੍ਹਾਂ ਤੋਂ ਕੰਪਿਊਟਰ ਅਪ੍ਰੇਟਰ ਦਾ ਕੰਮ ਲਿਆ ਜਾਂਦਾ ਹੈ। ਪੰਜਾਬ ਵਿੱਚ ਤਿੰਨ ਪੁਲਿਸ ਕਮਿਸ਼ਨਰਟੇਟ ਅ☬ੰਮ੍ਰਤਸਰ, ਜਲੰਧਰ ਅਤੇ ਲੁਧਿਆਣਾ ਹਨ, 8 ਰੇਂਜ ਡੀ.ਆਈ.ਜੀ. ਅਤੇ 24 ਪੁਲਿਸ ਜਿਲ੍ਹੇ ਹਨ, ਇਨ੍ਹਾਂ ਵਿੱਚੋਂ ਇੱਕ ਡੀ.ਆਈ.ਜੀ.ਅਤੇ 5 ਐਸ.ਐਸ.ਪੀ. ਨਿਯੁਕਤ ਹਨ। ਹੋਰ ਕਈ ਮਹੱਤਵਪੂਰਨ ਅਹੁਦਿਆਂ ਜਿਵੇਂ ਡੀ.ਸੀ.ਪੀ., ਜਾਇੰਟ ਕਮਿਸ਼ਨਰ, ਏ.ਆਈ.ਜੀ., ਐਸ.ਪੀ., ਡੀ.ਐਸ.ਪੀ.ਤੇ ਇਨਸਪੈਕਟਰ ਆਦਿ ਇਸਤਰੀਆਂ/ਲੜਕੀਆਂ ਹਨ। ਇਹ ਕਹਿਕੇ ਇਨ੍ਹਾਂ ਨੂੰ ਲਗਾਇਆ ਨਹੀਂ ਜਾਂਦਾ ਕਿ ਫੀਲਡ ਦਾ ਕੰਮ ਔਖਾ ਤੇ ਰਾਤ ਬਰਾਤੇ ਹੁੰਦਾ ਹੈ। ਜੇਕਰ ਇਨ੍ਹਾਂ ਵਿੱਚੋਂ ਕੁਝ ਜੋ ਡੀ.ਆਈ.ਜੀ., ਐਸ.ਐਸ.ਪੀ., ਡੀ.ਸੀ.ਪੀ. ਅਤੇ ਏ.ਸੀ.ਪੀ.ਲੱਗੀਆਂ ਹੋਈਆਂ ਹਨ, ਉਹ ਖੇਤਰੀ ਕੰਮ ਕਰ ਰਹੀਆਂ ਹਨ ਤਾਂ ਹੋਰ ਬਾਕੀ ਕਿਉਂ ਨਹੀਂ ਕਰ ਸਕਦੀਆਂ? ਇਸ ਲਈ ਉਨ੍ਹਾਂ ਨੂੰ ਵੀ ਜਿਲਿ੍ਹਆਂ ਵਿੱਚ ਲਗਾਉਣਾ ਬਣਦਾ ਹੈ, ਜਿਵੇਂ ਡੀ.ਸੀ.ਕੰਮ ਕਰ ਰਹੀਆਂ ਹਨ। ਇਸਤਰੀਆਂ/ਲੜਕੀਆਂ ਦੀ ਕਾਬਲੀਅਤ ਦਾ ਇਮਤਿਹਾਨ ਉਨ੍ਹਾਂ ਨੂੰ ਖੇਤਰੀ ਅਹੁਦਿਆਂ ‘ਤੇ ਲਗਾਉਣ ਨਾਲ ਹੀ ਪਤਾ ਚਲੇਗਾ। ਜੇਕਰ ਕਿਸੇ ਨੂੰ ਕੋਈ ਅਜਿਹਾ ਕੰਮ ਦਿੱਤਾ ਹੀ ਨਹੀਂ ਜਾਂਦਾ ਤਾਂ ਉਨ੍ਹਾਂ ਬਾਰੇ ਇਹ ਸੋਚਣਾ ਕਿ ਉਹ ਖੇਤਰੀ ਕੰਮ ਕਰ ਨਹੀਂ ਸਕਦੀਆਂ ਜ਼ਾਇਜ਼ ਨਹੀਂ ਹੈ। ਕਿਸੇ ਇੱਕ ਅਧਿਕਾਰੀ ਵੱਲੋਂ ਅਸਫਲ ਹੋਣ ਕਰਕੇ ਸਾਰਿਆਂ ਨੂੰ ਇੱਕੋ ਰੱਸੇ ਬੰਨਿ੍ਹਆਂ ਨਹੀਂ ਜਾ ਸਕਦਾ।