ਅੰਮ੍ਰਿਤਸਰ – ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਹੀਰ ਅਤੇ ਸਾਥੀਆਂ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਅਸਾਮ ਦੀ ਉੱਚ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਡਿਬਰੂਗੜ ਵਿੱਚ ਨਜ਼ਰਬੰਦੀ ਦੇ ਬਾਵਜੂਦ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਅੰਮ੍ਰਿਤ ਸੰਚਾਰ ਦੀ ਲਹਿਰ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖ਼ਤ ਸਾਹਿਬਾਨਾਂ ’ਤੇ ਕੀਤੇ ਜਾ ਰਹੇ ਅਰਦਾਸ ਸਮਾਗਮਾਂ ਨੂੰ ਸੰਗਤਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਜਿਸ ਦੀ ਅਗਵਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਆਪਣੇ ਹੱਥਾਂ ’ਚ ਲੈ ਲਈ ਹੈ।
ਦੂਸਰੇ ਪੜਾਅ ਵਿੱਚ ਅਰਦਾਸ ਸਮਾਗਮ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਕਲ ਐਤਵਾਰ 19 ਨਵੰਬਰ ਨੂੰ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਦ 10:30 ੳਮ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਅੰਮ੍ਰਿਤ ਸੰਚਾਰ ਦੀ ਮੁਹਿੰਮ ਲਈ ਜੱਲੂਪੁਰ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਕੀਤੇ ਕਕਾਰਾਂ ਦੇ ਭੰਡਾਰ ਨੂੰ ਲੈ ਕੇ ਖ਼ਾਲਸਾ ਵਹੀਰ ਦੇ ਅਨੰਦਪੁਰ ਸਾਹਿਬ ਲਈ ਰਵਾਨਾ ਹੋਣ ਸਮੇਂ ਮਾਤਾ ਬਲਵਿੰਦਰ ਕੌਰ ਨੇ ਦਸਿਆ ਕਿ ਪੰਥਕ ਲਹਿਰ ਨੂੰ ਤਾਰਪੀਡੋ ਕਰਨ ਲਈ ਸਰਕਾਰੀ ਮਸ਼ੀਨਰੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅਨੇਕਾਂ ਖ਼ਾਲਸਾ ਵਹੀਰ ਦੇ ਮੈਂਬਰਾਂ ਅਤੇ ਸੰਗਤ ਨੂੰ ਘਰਾਂ ਵਿਚ ਨਜ਼ਰਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਰਦਾਸ ਸਮਾਗਮ ਸਮੇਂ ਨੌਜੁਆਨਾਂ ਨੂੰ ਅੰਮ੍ਰਿਤ ਛਕਣ ਦਾ ਸੱਦਾ ਦਿੱਤਾ ਸੀ, ਕਿ ਹਕੂਮਤ ਤੇ ਉਸ ਦੀਆਂ ਫੋਰਸਾਂ ਨੂੰ ਸੰਗਤਾਂ ਵਿੱਚ ਪ੍ਰੋਗਰਾਮ ਲਈ ਪਾਏ ਜਾ ਰਹੇ ਉਤਸ਼ਾਹ ਤੋਂ ਡਰ ਲੱਗਣ ਲਗ ਗਿਆ । ਕਰੱਪਟ ਪੁਲਿਸ ਅਫ਼ਸਰਾਂ ਨੂੰ ਅਤੇ ਚੋਣਾਂ ਵਿੱਚ ਸਿਆਸੀ ਪਾਰਟੀਆਂ ਨੂੰ ਫੰਡਿੰਗ ਕਰਨ ਵਾਲੇ ਨਸ਼ੇ ਦੇ ਸੌਦਾਗਰਾਂ ਨੇ ਸਰਕਾਰਾਂ ਅਤੇ ਪੁਲਿਸ ਰਾਹੀਂ ਅਨੰਦਪੁਰ ਸਾਹਿਬ ਦੇ ਅਰਦਾਸ ਸਮਾਗਮ ਨੂੰ ਰੋਕਣ ਲਈ ਸਰਗਰਮ ਹੋ ਗਏ ਹਨ। ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਜਿਹੜਾ ਵੀ ਅਨੰਦਪੁਰ ਸਾਹਿਬ ਗਿਆ ਉਸ ਨੂੰ ਡਿਬਰੂਗੜ ਦੀ ਜੇਲ੍ਹ ਵਿੱਚ ਸੁੱਟਾਂਗੇ। ਸੱਤਾ ਦੇ ਨਸ਼ੇ ਵਿੱਚ ਧੁੱਤ ਬੈਠੀਆਂ ਜ਼ਾਲਮ ਸਰਕਾਰਾਂ ਨੂੰ ਇਹ ਗਲ ਸਮਝ ਲੈਣੀ ਚਾਹੀਦੀ ਹ ਕਿ ਨੌਜੁਆਨਾਂ ਵਿੱਚ ਧਮਕੀਆਂ ਦੀ ਉਲਟਾ ਅਸਰ ਪੈ ਰਿਹਾ ਹੈ । ਉਨ੍ਹਾਂ ’ਚ ਡਿਬਰੂਗੜ ਵਿੱਚ ਅੰਮ੍ਰਿਤਪਾਲ ਸਿੰਘ ਨਾਲ ਮੇਲ ਮਿਲਾਪ ਹੋਣ ਅਤੇ ਉਸ ਗੁਰੂ ਦੇ ਸਿੰਘ ਦੀ ਝਲਕ ਮਿਲਣ ਦੀ ਭਾਰੀ ਉਤਸ਼ਾਹ ਹੈ । ਉਨ੍ਹਾਂ ਆਸ ਪ੍ਰਗਟਾਈ ਕਿ ਗੁਰੂ ਕਲਗ਼ੀਧਰ ਪਾਤਸ਼ਾਹ ਦੀ ਕਲਾ ਵਰਤੇਗੀ ਜੇ ਅੱਗੇ ਲੱਗਣ ਵਾਲੇ ਸਿੰਘਾਂ ਦੀ ਧਰ ਪੱਕੜ ਪੁਲਿਸ ਨੇ ਕਰ ਵੀ ਲਈ ਅਤੇ ਬੱਸਾਂ ਵਾਲਿਆਂ ਕੋਲੋਂ ਸੰਗਤ ਨੂੰ ਪੈਸੇ ਵਾਪਸ ਵੀ ਕਰਾ ਦਿੱਤੇ ਤਾਂ ਵੀ ਇਕੱਲੇ ਇਕੱਲੇ ਸਿੰਘ ਆਪਣੇ ਵਹੀਕਲਾਂ ਸਾਧਨਾਂ ਰਾਹੀਂ ਅਵੱਸ਼ ਅਨੰਦਪੁਰ ਸਾਹਿਬ ਪਹੁੰਚਣਗੇ ਅਤੇ ਵੱਡਾ ਕਾਫ਼ਲਾ ਬਣੇਗਾ ।
ਮਾਤਾ ਬਲਵਿੰਦਰ ਕੌਰ ਨੇ ਨੌਜਵਾਨਾਂ ਨੂੰ ਜਜ਼ਬਾਤੀ ਅਪੀਲ ਕਰਦਿਆਂ ਅੰਮ੍ਰਿਤਪਾਲ ਸਿੰਘ ਦੇ ਗ੍ਰਿਫ਼ਤਾਰੀ ਸਮੇਂ ਸੰਤ ਭਿੰਡਰਾਂਵਾਲਿਆਂ ਦੇ ਜਨਮ ਸਥਾਨ ਪਿੰਡ ਰੋਡੇ , ਮੋਗਾ ਦਿੱਤੇ ਗਏ ਭਾਸ਼ਣ ਦਾ ਹਵਾਲਾ ਦਿੱਤਾ ਅਤੇ ਉਸੇ ਤਰਜ਼ ’ਤੇ ਹਕੂਮਤਾਂ ਨੂੰ ਹਾਰ ਦੇਣ ਲਈ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਅੰਮ੍ਰਿਤ ਛੱਕ ਕੇ ਸਿੰਘ ਸੱਜਣ ਦੀ ਅਪੀਲ ਕੀਤੀ।
ਭਾਈ ਅੰਮ੍ਰਿਤਪਾਲ ਸਿੰਘ ਨੇ ਨੌਜੁਆਨਾਂ ਨੂੰ ਸਦਾ ਦਿੱਤਾ ਸੀ ਕਿ “”ਨੌਜਵਾਨੋ ਨਸ਼ੇ ਛੱਡੋ, ਅੰਮ੍ਰਿਤ ਛਕੋ, ਸਿੰਘ ਸਜੋ। ਇਸੇ ਵਿੱਚ ਜ਼ਾਲਮ ਹਕੂਮਤਾਂ ਦੀ ਹਾਰ ਹੈ ਅਤੇ ਖ਼ਾਲਸਾ ਪੰਥ ਦੀ ਜਿੱਤ ਹੈ। ਨੌਜਵਾਨੋ ਖ਼ਾਲਸਾ ਵਹੀਰ ਦੌਰਾਨ ਖੰਡੇ ਬਾਟੇ ਦੀ ਪਾਹੁਲ ਅਸੀਂ ਛੱਕ ਰਹੇ ਸੀ ਅਤੇ ਨੌਜਵਾਨੀ ਨਸ਼ਿਆਂ ਤੋਂ ਦੂਰ ਹੋ ਰਹੀ ਸੀ, ਉਸ ਤੋਂ ਤੰਗ ਆ ਕੇ ਹਕੂਮਤ ਨੇ ਇਹ ਸਾਰਾ ਕੁੱਝ ਕੀਤਾ ਹੈ।
ਹਕੂਮਤ ਤਾਂ ਹੀ ਜਿੱਤ ਸਕਦੀ ਹੈ ਜੇ ਅਸੀਂ ਖੰਡੇ ਬਾਟੇ ਦੀ ਪਾਹੁਲ ਤੋਂ ਭਗੌੜੇ ਹੋਈਏ। ਸੋ ਅਸੀਂ ਹਕੂਮਤ ਦਾ ਜੁਆਬ ਇਸ ਤਰੀਕੇ ਨਾਲ ਦੇਈਏ ਕਿ ਨਸ਼ੇ ਛੱਡ ਕੇ ਵੱਧ ਚੜ ਕੇ ਨੌਜਵਾਨ ਖੰਡੇ ਬਾਟੇ ਦੀ ਪਾਹੁਲ ਛਕਣ”॥
ਭਾਈ ਸਾਹਿਬ ਦੇ ਉਕਤ ਸੱਦੇ ਤਹਿਤ ਨੌਜਵਾਨੀ ਵੱਲੋਂ ਅਨੰਦਪੁਰ ਸਾਹਿਬ ਹੋ ਰਹੇ ਅਰਦਾਸ ਸਮਾਗਮ ਲਈ ਨੌਜੁਆਨ ਆਪਣੇ ਪੱਧਰ ਤੇ ਬੱਸਾਂ ਗੱਡੀਆਂ ਕਿਰਾਏ ਤੇ ਕਰਕੇ ਪ੍ਰੋਗਰਾਮ ਬਣਾ ਰਹੇ ਸੀ । ਪਰ ਜ਼ਾਲਮ ਹਕੂਮਤ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮ ਤੋ ਬਹੁਤ ਜ਼ਿਆਦਾ ਡਰਦੀ ਤੇ ਘਬਰਾਹਟ ਵਿੱਚ ਰਹਿੰਦੀ ਹੈ । ਦੇਖੋ !ਹੋਰ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰੋਗਰਾਮ ਬਣਦੇ ਹਨ ਧਰਨੇ ਲਗਦੇ ਹਨ ਵੱਖ ਵੱਖ ਜਥੇਬੰਦੀਆਂ ਪ੍ਰੋਗਰਾਮ ਦਿੰਦੀਆਂ ਹਨ ਬਹੁਤ ਚੰਗੀ ਗਲ ਹੈ । ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸ਼ੁਰੂ ਕੀਤੀ ਖ਼ਾਲਸਾ ਵਹੀਰ ਵਿੱਚ ਸ਼ਾਮਲ ਉੱਘੇ ਸਿੰਘ ਇਸ ਸਮੇਂ ਜੇਲ੍ਹਾਂ ਵਿੱਚ ਬੰਦ ਹਨ । ਬਾਕੀ ਬਚਿਆ ਖ਼ਾਲਸਾ ਵਹੀਰ ਦਾ ਜਥੇਬੰਦ ਕੇਡਰ ਵੀ ਸਰਕਾਰੀ ਜਬਰ ਕਾਰਨ ਚੁੱਪ ਹੈ ਜਾਂ ਰੂਪੋਸ਼ ਹੈ । ਫਿਰ ਵੀ ਅਰਦਾਸ ਸਮਾਗਮ ਤੋਂ ਪਹਿਲਾਂ ਬੰਦੀ ਸਿੰਘਾਂ ਦੇ ਪਰਿਵਾਰਾਂ ਦੇ ਸਿਰਕੱਢ ਮੈਂਬਰ ਜੋ ਸੰਗਤਾਂ ਨੂੰ ਲਿਆਉਣ ਲਈ ਪ੍ਰਬੰਧ ਕਰ ਰਹੇ ਸਨ ਉਨ੍ਹਾਂ ਨੂੰ ਪੁਲਿਸ ਵੱਲੋਂ ਘਰੋਂ ਬਾਹਰ ਨਾ ਨਿਕਲਣ ਲਈ ਧਮਕੀਆਂ ਦੇਣਾ ਇਕ ਤਰਾਂ ਘਰਾਂ ਵਿੱਚ ਨਜ਼ਰਬੰਦ ਕਰ ਦੇਣਾ ਹੈ। ਜੋ ਬੱਸਾਂ ਵਹੀਕਲ ਸੰਗਤਾਂ ਨੇ ਦੇਸ਼ ਪੰਜਾਬ ਦੇ ਵੱਖ ਵੱਖ ਕੋਨਿਆਂ ਤੋ ਅਨੰਦਪੁਰ ਸਾਹਿਬ ਜਾਣ ਲਈ ਤਿਆਰ ਕੀਤੇ ਹਨ ਉਨ੍ਹਾਂ ਨੂੰ ਧਮਕੀਆਂ ਦੇਣਾ ਹਰੇਕ ਜ਼ਿਲ੍ਹੇ ਵਿੱਚ ਸੰਗਤਾਂ ਨੂੰ ਅਨੰਦਪੁਰ ਸਾਹਿਬ ਜਾਣ ਤੋਂ ਰੋਕਣ ਲਈ ਰੈੱਡ ਅਲਰਟ ਜਾਰੀ ਕਰਨਾ ।ਇਸ ਤੋਂ ਭਾਵ ਜ਼ਾਲਮ ਸਰਕਾਰ ਤੇ ਉਸ ਦੀਆਂ ਫੋਰਸ ਨੂੰ ਅਸਲ ਡਰ ਭਾਈ ਸਾਹਿਬ ਦੇ ਨਸ਼ੇ ਛੁਡਾ ਕੇ ਨੌਜਵਾਨੀ ਨੂੰ ਕਲਗ਼ੀਧਰ ਪਾਤਸ਼ਾਹ ਦੇ ਲੜ ਲਗਾ ਕੇ ,ਕੌਮੀ ਨਿਸ਼ਾਨੇ ਪ੍ਰਤੀ ਸੰਘਰਸ਼ ਵਿੱਚ ਸ਼ਾਮਲ ਕਰਕੇ ਮਾਨਸਿਕ ਤੌਰ ’ਤੇ ਨਸ਼ਿਆਂ ਤੋ ਸਦੀਵੀ ਖਹਿੜਾ ਛੁਡਾਉਣ ਦੀ ਮੁਹਿੰਮ ਤੋਂ ਡਰ ਹੈ ।
ਮਾਤਾ ਬਲਵਿੰਦਰ ਕੌਰ ਨੇ ਕਿਹਾ ਅਸਲ ਵਿੱਚ ਜੋ 1992-93 ਤੋਂ ਬਾਦ ਬੇਅੰਤੇ ਬੁੱਚੜ ਤੇ ਬੁੱਚੜ ਕੇ ਪੀ ਗਿੱਲ ਦੀ ਸਰਕਾਰ ਨੇ ਹਜ਼ਾਰਾਂ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਤੋਂ ਬਾਦ ਸਭਿਆਚਾਰ ਦੇ ਨਾਮ ਤੇ ਲੱਚਰਤਾ ਤੇ ਨਸ਼ਿਆਂ ਵਿੱਚ ਗ਼ਲਤਾਨ ਕਰਕੇ ਸਿੱਖੀ ਤੋਂ ਦੂਰ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ ਤਾਂ ਕਿ ਸਿੱਖ ਆਪਣੇ ਧਰਮ ਤੋਂ ਦੂਰ ਹੋ ਜਾਣ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਕੌਮ ਦੀ ਅਜ਼ਾਦੀ ਦੇ ਸੰਘਰਸ਼ ਨੂੰ ਭੁੱਲ ਜਾਣ ਇਸ ਲਈ ਜ਼ਾਲਮ ਸਰਕਾਰ ਦੇ ਉਸ 1993 ਤੋਂ ਅੱਜ ਤੱਕ ਦਹਾਕਿਆਂ ਤੋ ਸਿੱਖ ਨੌਜਵਾਨੀ ਨੂੰ ਖ਼ਤਮ ਕਰਨ ਲਈ ਚਲੇ ਆਉਂਦੇ ਪ੍ਰੋਗਰਾਮ ਨੂੰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸ਼ੁਰੂ ਕੀਤੀ ਖ਼ਾਲਸਾ ਵਹੀਰ ਦੌਰਾਨ ਸ਼ੁਰੂ ਕੀਤੀ ਅੰਮ੍ਰਿਤ ਸੰਚਾਰ ਦੀ ਲਹਿਰ ਨੇ ਠੱਲ੍ਹ ਪਾ ਦਿੱਤੀ ਸੀ ।