ਅੰਮ੍ਰਿਤਸਰ – ਪੰਜਾਬ ਭਾਜਪਾ ਦੇ ਮੀਡੀਆ ਪੈਨਲਿਸਟ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਦੇ ਇਕ ਮੰਤਰੀ ਦੇ ਇਕ ਬੇਵੱਸ ਨਾਲ ਕਥਿਤ ਸੈਕਸ ਸਕੈਂਡਲ ਦੇ ਦਾਅਵੇ ਦੇ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਸੰਬੰਧਿਤ ਮੰਤਰੀ ਖ਼ਿਲਾਫ਼ ਕੋਈ ਕਦਮ ਨਾ ਚੁੱਕਣ ਲਈ ਪੰਜਾਬ ਸਰਕਾਰ ਅਤੇ ਮਜੀਠੀਆ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੀੜਤ ਲੋਕਾਂ ਨੂੰ ਇਨਸਾਫ਼ ਦਿਵਾਉਣਾ ਸਰਕਾਰ ਅਤੇ ਸਿਆਸੀ ਆਗੂਆਂ ਦਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਹੈ। ਪਰ ਇਥੇ ਨਾ ਤਾਂ ਇਨਸਾਫ਼ ਲਈ ਸਰਕਾਰ ਕੋਈ ਕਾਰਵਾਈ ਕਰ ਰਹੀ ਹੈ ਅਤੇ ਨਾ ਹੀ ਮਜੀਠੀਆ ਨੇ ਪ੍ਰੈੱਸ ਨੂੰ ਪੈੱਨ ਡਰਾਈਵ ਦਿਖਾਉਣ ਤੋਂ ਇਲਾਵਾ ਅਗਲਾ ਕਦਮ ਪੁੱਟਿਆ ਹੈ। ਕਾਨੂੰਨੀ ਅੜਚਣ ਦੇ ਬਹਾਨੇ ਅਨੈਤਿਕ ਵਿਹਾਰ ਦੇ ਦੋਸ਼ੀ ਖ਼ਿਲਾਫ਼ ਕਾਰਵਾਈ ਨਾ ਕਰਨਾ ਇਹ ਸੰਦੇਹ ਪੈਦਾ ਕਰਦਾ ਹੈ ਕਿ ਕੀ ਅੰਦਰਖਾਤੇ ’ਡੀਲਿੰਗ’ ਤਾਂ ਨਹੀਂ ਹੋ ਰਹੀ? ਕੀ ਸੰਬੰਧਿਤ ਮੰਤਰੀ ਨੂੰ ਮਾਮਲੇ ਨੂੰ ਸੰਭਾਲਣ ਲਈ ਸਮਾਂ ਦੇ ਕੇ ਉਸ ਦੀ ਫੇਵਰ ਨਹੀਂ ਕੀਤੀ ਜਾ ਰਹੀ? ਕੀ ਕਿਸੇ ਬਦ ਇਖ਼ਲਾਕ ਬੰਦੇ ਨੂੰ ਮੰਤਰੀ ਵਰਗੇ ਅਹਿਮ ਰੁਤਬੇ ’ਤੇ ਬਣਾਈ ਰੱਖਿਆ ਜਾਣਾ ਚਾਹੀਦਾ ਹੈ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਆਗੂ ਮਜੀਠੀਆ ਨੂੰ ਇਕ ਬੇਵੱਸ ਦਾ ਯੋਣ ਸ਼ੋਸ਼ਣ ਕਰਨ ਵਾਲੇ ਖ਼ਿਲਾਫ਼ ਕਾਰਵਾਈ ਕਰਨ ਤੋਂ ਕੌਣ ਰੋਕ ਰਿਹਾ ਹੈ ?
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਇਹ ਅਫ਼ਸੋਸ ਅਤੇ ਹੈਰਾਨੀ ਦੀ ਗਲ ਹੈ ਕਿ ਜਿਨਸੀ ਸ਼ੋਸ਼ਣ ਵਰਗੀ ਘਿਣਾਉਣੀ ਹਰਕਤ ਨੂੰ ਵੀ ਉਸ ਜਮਾਤ ਦੇ ਆਗੂ ਵੱਲੋਂ ਤੋਹਫ਼ਾ ਅਤੇ ਮਜ਼ਾਕ ਵਜੋਂ ਲਿਆ ਜਾ ਰਿਹਾ ਹੈ, ਜਿਨ੍ਹਾਂ ਦਾ ਕੌਮੀ ਇਤਿਹਾਸ ਹੀ ਮਾਸੂਮ ਅਬਲਾਵਾਂ ਦੀਆਂ ਇੱਜ਼ਤਾਂ ਬਚਾਉਣ ਲਈ ਅਹਿਮਦ ਸ਼ਾਹ ਅਬਦਾਲੀ ਵਰਗੇ ਜਰਵਾਣਿਆਂ ਨਾਲ ਟੱਕਰ ਲੈਣ ਦਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਕਥਿਤ ਅਸ਼ਲੀਲ ਵੀਡੀਓ ਦਾ ਮਾਮਲਾ ਹਾਲੇ ਤਕ ਹੱਲ ਨਹੀਂ ਹੋਇਆ ਅਤੇ ਹੁਣ ਪੰਜਾਬ ਦੇ ਇਕ ਹੋਰ ਮੰਤਰੀ ਵੱਲੋਂ ਇਕ ਬੇਵੱਸ ਦਾ ਕਥਿਤ ਯੋਣ ਸ਼ੋਸ਼ਣ ਨੇ ਦਿਲੀ ’ਚ ਰਾਸ਼ਨ ਕਾਰਡ ਬਣਾਉਣ ਆਈ ਮਹਿਲਾ ਨਾਲ ਜ਼ਬਰ ਜਨਾਹ ਕਰਕੇ ਅਨੈਤਿਕਤਾ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰਨ ਵਾਲੇ ਦਿਲੀ ਦੇ ਮਹਿਲਾ ਬਾਲ ਕਲਿਆਣ ਮੰਤਰੀ ਸੰਦੀਪ ਕੁਮਾਰ ਦੁਆਰਾ ਕੀਤੇ ਗਈ ਰਾਸ਼ਨ ਕਾਰਡ ਸੈਕਸ ਸਕੈਂਡਲ ਦੀ ਯਾਦ ਤਾਜ਼ਾ ਕਰਾ ਦਿੱਤੀ ਹੈ। ਜਿਸ ਨੂੰ ਸਤੰਬਰ 2016 ’ਚ ਜੇਲ੍ਹ ਦੀ ਹਵਾ ਖਾਣੀ ਪਈ ਸੀ। ਹਾਲਾਂਕਿ ਇਸ ਸਕੈਂਡਲ ਬਾਰੇ ਮੁੱਖਮੰਤਰੀ ਕੇਜਰੀਵਾਲ ਨੂੰ ਇਲਮ ਸੀ, ਪਰ ਉਸ ਨੇ ਦੋਸ਼ੀ ਮੰਤਰੀ ਦਾ ਬਚਾਅ ਕਰਦਿਆਂ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਤਕ ਮੀਡੀਆ ’ਚ ਚਰਚਾ ਨਹੀਂ ਹੋਈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਚਰਿੱਤਰਹੀਣਤਾ ਅਤੇ ਔਰਤਾਂ ’ਤੇ ਹਿੰਸਾ ਦੀ ਹੁਣ ਤਕ ਇਕ ਲੰਮੀ ਸੂਚੀ ਬਣ ਚੁੱਕੀ ਹੈ। ਦਿੱਲੀ ਦੇ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਨੂੰ ਉਸ ਦੀ ਪਤਨੀ ਲਿਪਿਕਾ ਮਿੱਤਰਾ ਨੇ ਘਰੇਲੂ ਹਿੰਸਾ ਦੇ ਕੇਸ ’ਚ ਜੇਲ੍ਹ ਪਹੁੰਚਾਇਆ। ਦਿੱਲੀ ਦੇ ਆਪ ਵਿਧਾਇਕ ਅਤੇ ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਅਮਾਨ ਤੁਲਾ ਖਾਨ ਨੂੰ ਆਪਣੇ ਸਾਲੇ ਦੀ ਪਤਨੀ ਨੂੰ ਛੇੜਛਾੜ ਦੇ ਮਾਮਲੇ ’ਚ ਸਤੰਬਰ 2017 ’ਚ ਜੇਲ੍ਹ ਜਾਣਾ ਪਿਆ। ਦਿੱਲੀ ’ਚ ਆਪਣੇ ਨਾਲ ਹੋਈ ਛੇੜਛਾੜ ’ਤੇ ਇਨਸਾਫ਼ ਨਾ ਮਿਲਣ ’ਤੇ ਆਤਮ ਹੱਤਿਆ ਦਾ ਖ਼ੌਫ਼ਨਾਕ ਕਦਮ ਚੁੱਕਣ ਵਾਲੀ ਪਾਰਟੀ ਦੀ ਮਹਿਲਾ ਵਰਕਰ ਸੋਨੀ ਦੇ ਮਾਮਲੇ ’ਚ ਆਪ ਦੇ ਵਿਧਾਇਕ ਸ਼ਰਦ ਚੌਹਾਨ ਨੂੰ ਜੇਲ੍ਹ ਦੀ ਹਵਾ ਖਾਣੀ ਪਈ। ’ਆਪ’ ਦੇ ਫਾਊਂਡਰ ਮੈਂਬਰ ਯੋਗਿੰਦਰ ਯਾਦਵ ਪੰਜਾਬ ’ਚ ਲੱਗੇ ’ਆਪ’ ਨੇਤਾਵਾਂ ’ਤੇ ਯੋਣ ਸ਼ੋਸ਼ਣ ਦੇ ਦੋਸ਼ ਲਗਾ ਚੁੱਕੇ ਹਨ। ਉੱਥੇ ਹੀ ਦਿੱਲੀ ਜਲ ਮੰਤਰੀ ਰਹੇ ਕਪਿਲ ਮਿਸ਼ਰਾ ਵੱਲੋਂ ਮਈ 2017 ਦੌਰਾਨ ਪੰਜਾਬ ਚੋਣਾਂ ’ਚ ਦਿੱਲੀ ਦੇ ’ਆਪ’ ਨੇਤਾਵਾਂ ਨੂੰ ਕੁੜੀਆਂ ਸਪਲਾਈ ਕਰਨ ਬਾਰੇ ਖ਼ੁਲਾਸੇ ਨੇ ਵੀ ਵੱਡੀਆਂ ਅਖ਼ਬਾਰੀ ਸੁਰਖ਼ੀਆਂ ਬਟੋਰੀਆਂ ਸਨ। ’ਆਪ’ ਦੀ ਫ਼ਿਰੋਜਪੁਰ ਦੀ ਕਨਵੀਨਰ ਰਹੀ ਅਮਨਦੀਪ ਕੌਰ ਨੇ ’ਆਪ’ ਨੂੰ ਮਹਿਲਾ ਵਿਰੋਧੀ ਕਰਾਰ ਦਿੱਤਾ ਸੀ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਕਿਰਦਾਰ ਅਤੇ ਵਿਹਾਰ ਲਈ ਪੂਰੀ ਦੁਨੀਆ ’ਚ ਜਾਣੇ ਜਾਂਦੇ ਹਨ। ਪਰ ਪੰਜਾਬ ਸਰਕਾਰ ਵੱਲੋਂ ਮੰਤਰੀ ਦੀ ਅਨੈਤਿਕਤਾ ਨੂੰ ਗੰਭੀਰਤਾ ਨਾਲ ਨਾ ਲੈ ਕੇ ’ਬਦ ਇਖ਼ਲਾਕ’ ਦਾ ਬਚਾਅ ਕੀਤਾ ਜਾ ਰਿਹਾ ਹੈ। ਜਦੋਂ ਕਿ ਅਜਿਹੇ ਸ਼ਖ਼ਸ ਨੂੰ ਲੋਕਾਂ ਦੀ ਅਗਵਾਈ ਅਤੇ ਮੰਤਰੀ ਵਰਗੇ ਅਹਿਮ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਕ ਹੈ । ਹੁਣ ਤਕ ਪੈੱਨ ਡਰਾਈਵ ਦੀ ਨਿਰਪੱਖ ਜਾਂਚ ਹੋ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜਦੋਂ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਮੰਤਰੀਆਂ ਦੀ ਹਾਲਤ ਪਤਲੀ ਹੋ ਰਹੀ ਹੈ। ਸਮਾਜਕ ਫ਼ਰਜ਼ ਪੂਰਤੀ ਲਈ ਵਿਆਹ ਸ਼ਾਦੀਆਂ ’ਚ ਹਾਜ਼ਰੀ ਲਵਾਉਣ ਵਾਲੇ ਮੰਤਰੀ ਲੋਕਾਂ ਦੀਆਂ ਸ਼ੱਕੀ ਨਜ਼ਰਾਂ ਨਾਲ ਆਪਣੇ ਆਪ ਸ਼ਰਮਿੰਦਗੀ ਹੰਢਾਉਣ ਰਹੇ ਹਨ। ਕਈ ਤਾਂ ’ਵੀਡੀਓ ਮੇਰੀ ਨਹੀਂ’ ਵਰਗੀ ਸਫ਼ਾਈ ਦੇਣ ’ਚ ਲੱਗੇ ਹਨ। ਪਰ ਸਰਕਾਰ ਵੱਲੋਂ ਨਾ ਤਾਂ ਵੀਡੀਓ ਮੰਗੀ ਗਈ ਹੈ ਨਾ ਹੀ ਕੋਈ ਕਾਰਵਾਈ ਕੀਤੇ ਜਾਣ ਦੀ ਖ਼ਬਰ ਹੈ। ਬਦਲਾਅ ਦੇ ਨਾਅਰੇ ਨੂੰ ਸੱਤਾ ਹਥਿਆਉਣ ਦਾ ਸੰਦ ਬਣਾਉਣ ਵਾਲੀ ਆਪ ਪਾਰਟੀ ਖ਼ੁਦ ਭ੍ਰਿਸ਼ਟਾਚਾਰ ਅਤੇ ਸੈਕਸ ਸਕੈਂਡਲਾਂ ਦੀ ਦਲਦਲ ਵਿਚ ਧਸ ਦੀ ਜਾ ਰਹੀ ਹੈ। ’ਆਪ’ ’ਤੇ ਲੱਗੇ ਤਰਾਂ ਤਰਾਂ ਦੇ ਇਲਜ਼ਾਮਾਂ ਨੇ ਵਧੀਆ ਗਵਰਨੈਂਸ ਮੁਹੱਈਆ ਕਰਵਾਉਣ ਦੇ ਵਚਨ ਦੇ ਬਦਲੇ ’ਆਪ’ ਦੀ ਚੋਣ ਕਰਨ ਵਾਲੇ ਲੋਕਾਂ ਨੂੰ ਬਹੁਤ ਮਾਯੂਸ ਕੀਤਾ ਹੈ। ਲੋਕ ਹੁਣ ਬਦਲਾਅ ਦੇ ਅਰਥਾਂ ਨੂੰ ਸਮਝ ਚੁੱਕੇ ਹਨ।