ਰੋਜ਼ਾਨਾ ਬਹੁਤ ਸਾਰੇ ਜਾਅਲੀ ਸੰਦੇਸ਼ ਮਿਲਣ ਕਾਰਨ ਲੋਕਾਂ ਦਾ ਡਿਜ਼ੀਟਲ-ਸੰਚਾਰ ਤੋਂ ਵਿਸ਼ਵਾਸ –ਥਿੜਕਣ ਲੱਗਾ ਹੈ। ਲੋਕ ਡਰਨ ਲੱਗੇ ਹਨ ਕਿ ਆਪਣੇ ਆਪਨੂੰ, ਆਪਣੇ ਡਾਟਾ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ। ਚਾਲੀ ਫੀਸਦੀ ਲੋਕਾਂ ਦਾ ਭਰੋਸਾ ਡਗਮਗਾ ਗਿਆ ਹੈ। ਹਰ ਕੋਈ ਡਿਜ਼ੀਟਲ ਖੇਤਰ ਦਾ ਮਾਹਿਰ ਨਹੀਂ ਹੈ, ਹਰ ਕੋਈ ਮੁਹਾਰਤ ਨਹੀਂ ਰੱਖਦਾ। ਬਹੁਤਿਆਂ ਕੋਲ ਖ਼ੁਦ ਨੂੰ ਸੁਰੱਖਿਅਤ ਰੱਖਣ ਦੀ ਜਾਣਕਾਰੀ ਤੇ ਗਿਆਨ ਵੀ ਨਹੀਂ ਹੈ। ਕੋਈ ਅਜਿਹੇ ਸੰਦੇਸ਼ਾਂ ਨੂੰ ਪੜ੍ਹਦਾ ਹੀ ਨਹੀਂ, ਕੋਈ ਬਲਾਕ ਕਰ ਦਿੰਦਾ ਹੈ ਅਤੇ ਕੋਈ ਰਿਪੋਰਟ ਕਰਦਾ ਹੈ।
ਵਧੇਰੇ ਜਾਅਲੀ ਸੰਦੇਸ਼ ਬੈਂਕ ਅਤੇ ਰੁਜ਼ਗਾਰ ਨਾਲ ਜੁੜੇ ਹੁੰਦੇ ਹਨ। ਦੋਵੇਂ ਖੇਤਰ ਮਹੱਤਵਪੂਰਨ ਤੇ ਜ਼ਰੂਰੀ ਹਨ। ਬੈਂਕ ਪੈਸੇ ਨਾਲ ਜੁੜੇ ਹਨ ਅਤੇ ਰੁਜ਼ਗਾਰ ਨੌਕਰੀ ਨਾਲ। ਇਸ ਲਈ ਬਹੁਤੇ ਲੋਕ ਤੱਤਫਟ ਪ੍ਰਤੀਕਰਮ ਦਿੰਦੇ ਹਨ।
ਬੀਤੇ ਦਿਨੀਂ ਸਾਹਮਣੇ ਆਈ ਇਕ ਰਿਪੋਰਟ ਅਨੁਸਾਰ ਇਕ ਸਰਵੇ ਦੌਰਾਨ 82 ਫੀਸਦੀ ਲੋਕ ਜਾਅਲੀ ਸੰਦੇਸ਼ਾਂ ਨੂੰ ਸਹੀ ਮੰਨ ਬੈਠੇ। ਵੱਡੀ ਗਿਣਤੀ ਭਾਰਤੀਆਂ ਨੇ ਮੰਨਿਆ ਕਿ ਇਨਬਿਨ ਅਸਲੀ ਵਰਗੇ ਹੋਣ ਕਾਰਨ ਜਾਅਲੀ ਸੰਦੇਸ਼ਾਂ ਦੀ ਸ਼ਨਾਖਤ ਕਰਨੀ ਮੁਸ਼ਕਲ ਹੈ। ਅੱਧੇ ਤੋਂ ਵੱਧ ਜਾਅਲੀ ਸੰਦੇਸ਼ ਨੌਕਰੀ ਨਾਲ ਸੰਬੰਧਤ ਹੁੰਦੇ ਹਨ ਅਤੇ 52 ਫੀਸਦੀ ਬੈਂਕ ਅਲਰਟ ਹੁੰਦੇ ਹਨ। ਵਧੇਰੇ ਲੋਕਾਂ ਨੇ ਕਿਹਾ ਕਿ ਜਾਅਲੀ ਸੰਦੇਸ਼ਾਂ ਨੂੰ ਪਹਿਚਾਨਣਾ ਬੜਾ ਮੁਸ਼ਕਲ ਹੋ ਗਿਆ ਹੈ ਅਤੇ ਇਹ ਈ-ਮੇਲ ਜਾਂ ਟੈੱਕਸਟ ਦੇ ਰੂਪ ਵਿਚ ਆਉਂਦੇ ਹਨ। ਨਤੀਜੇ ਵਜੋਂ ਲੋਕਾਂ ਨੰ ਮਾਨਸਿਕ ਅਤੇ ਮਾਇਕ ਤਣਾਅ ਦਿੰਦੇ ਹਨ। ਇਨ੍ਹਾਂ ਨੂੰ ਐਨੀ ਮੁਹਾਰਤ ਨਾਲ ਤਿਆਰ ਕੀਤਾ ਜਾਂਦਾ ਹੈ ਕਿ ਅਸਲੀ ਨਕਲੀ ਵਿਚਲਾ ਅੰਤਰ ਮਿਟ ਜਾਂਦਾ ਹੈ। ਨਤੀਜੇ ਵਜੋਂ ਹਰ ਕੋਈ ਡਰਿਆ ਹੋਇਆ ਹੈ ਅਤੇ ਕੋਈ ਵੀ ਸੁਰੱਖਿਅਤ ਨਹੀਂ ਹੈ। ਸਰੱਖਿਅਤ ਰਹਿਣ ਲਈ ਗਿਆਨ ਚਾਹੀਦਾ ਹੈ, ਜਾਣਕਾਰੀ ਚਾਹੀਦੀ ਹੈ, ਮੁਹਾਰਤ ਲੋੜੀਂਦੀ ਹੈ, ਆਪਣੇ ਆਪ ʼਤੇ ਭਰੋਸਾ ਚਾਹੀਦਾ ਹੈ, ਚੌਕਸੀ ਦੀ ਲੋੜ ਹੈ। ਆਮ ਆਦਮੀ ਕੋਲ ਇਨ੍ਹਾਂ ਵਿਚੋਂ ਕੁਝ ਵੀ ਨਹੀਂ ਹੁੰਦਾ।
ਦਰਅਸਲ ਇਹ ਅਜਿਹੇ ਕੰਪਿਊਟਰ ਦੁਆਰਾ ਤਿਆਰ ਕੀਤੇ ਜਾਂਦੇ ਹਨ ਜਿਸਨੂੰ ਰੋਬੋਟ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੀ ਸ਼ਨਾਖਤ ਲਈ ਹੋਰ ਵਿਕਸਤ ਨਕਲੀ ਬੌਧਿਕ ਤਕਨੀਕ ਦੀ ਜ਼ਰੂਰਤ ਹੈ।
ਡੀਪਫੇਕ ਮਾਮਲਾ
ਹੁਣ ਅਦਾਕਾਰਾ ਰਸ਼ਮਿਕਾ ਮੰਦਾਨਾ ਦੀ ਜਾਅਲੀ ਡੀਵੀਓ (ਡੀਪਫੇਕ) ਨਾਲ ਹੱਦ ਹੀ ਹੋ ਗਈ ਹੈ। ਡੀਪਫੇਕ ਵੱਡਾ ਖ਼ਤਰਾ ਬਣ ਕੇ ਉੱਭਰ ਰਿਹਾ ਹੈ। ਭਾਵੇਂ ਤਕਨੀਕੀ ਮਾਹਿਰ ਇਸਦੇ ਮੁਕਾਬਲੇ ਲਈ ਲਗਾਤਾਰ ਯਤਨਸ਼ੀਲ ਹਨ ਪਰ ਰਸ਼ਮਿਕਾ ਦੇ ਮਾਮਲੇ ਨੇ ਇਕ ਵਾਰ ਸੱਭ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।
ਡੀਪਫੇਕ ਤਕਨੀਕ ਤਹਿਤ ਕਿਸੇ ਹੋਰ ਦੇ ਚਿਹਰੇ ਉਪਰ ਕਿਸੇ ਹੋਰ ਦਾ ਚਿਹਰਾ ਲਗਾ ਦਿੱਤਾ ਜਾਂਦਾ ਹੈ ਅਤੇ ਇਤਰਾਜ਼ਯੋਗ ਵੀਡੀਓ ਤਿਆਰ ਕਰ ਲਈ ਜਾਂਦੀ ਹੈ। ਰਸ਼ਮਿਕਾ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਕੇਂਦਰੀ ਮੰਤਰੀ ਨੂੰ ਵੀ ਦਖ਼ਲ ਦੇਣਾ ਪਿਆ ਹੈ। ਅਜਿਹਾ ਮਸ਼ੀਨ ਲਰਨਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਹਾਇਤਾ ਨਾਲ ਕੀਤਾ ਜਾਂਦਾ ਹੈ। ਆਮ ਵਿਅਕਤੀ ਨੂੰ ਪਹਿਚਾਨਣ ਵਿਚ ਦਿੱਕਤ ਆਉਂਦੀ ਹੈ ਕਿ ਵੀਡੀਓ ਅਸਲੀ ਹੈ ਜਾਂ ਨਕਲੀ ਪਰੰਤੂ ਇਸ ਖੇਤਰ ਦੇ ਮਾਹਿਰ ਲਈ ਇਹ ਬੜਾ ਅਸਾਨ ਹੈ ਕਿਉਂਕਿ ਰੰਗ ਅਤੇ ਰੌਸ਼ਨੀ ਦਾ ਅੰਤਰ ਹੁੰਦਾ ਹੈ। ਕਈ ਹੋਰ ਗਲਤੀਆਂ ਵੀ ਰਹਿ ਜਾਂਦੀਆਂ ਹਨ।
ਮਾਹਿਰ ਮੰਨਦੇ ਹਨ ਕਿ ਜਾਅਲੀ ਵੀਡੀਓ ਤਿਆਰ ਕਰਨਾ ਐਨਾ ਸੁਖ਼ਾਲਾ ਨਹੀਂ, ਪਰ ਐਨਾ ਔਖਾ ਵੀ ਨਹੀਂ। ਤਕਨੀਕ ਨਕਲ ਤਾਂ ਕਰ ਸਕਦੀ ਹੈ ਅਤੇ ਨਕਲ ਕਦੇ ਅਸਲ ਨਹੀਂ ਹੁੰਦੀ। ਇਸ ਲਈ ਰਹਿ ਗਏ ਅੰਤਰ ਕਿਤੇ ਨਾ ਕਿਤੇ ਦਿਸ ਹੀ ਪੈਂਦੇ ਹਨ।
ਭਵਿੱਖ ਵਿਚ ਅਜਿਹੀਆਂ ਸਰਗਰਮੀਆਂ ਵਧਣ ਦੇ ਆਸਾਰ ਵੇਖਦਿਆਂ ਬਹੁਤ ਸਾਰੇ ਮੁਲਕਾਂ ਨੇ ਚੌਕਸੀ ਵਧਾ ਦਿੱਤੀ ਹੈ। ਨਿਯਮ-ਕਾਨੂੰਨ ਸਖ਼ਤ ਕਰ ਦਿੱਤੇ ਹਨ। ਚੀਨ, ਇੰਗਲਡ, ਦੱਖਣੀ ਕੋਰੀਆ, ਯੂਰਪੀਅਨ ਯੂਨੀਅਨ ਇਸ ਮਾਮਲੇ ਵਿਚ ਸੱਭ ਤੋਂ ਅੱਗੇ ਹਨ। ਡੀਪਫੇਕ ਦੇ ਵੱਧਦੇ ਰੁਝਾਨ ਦੇ ਮੱਦੇ-ਨਜ਼ਰ ਭਾਰਤ ਨੂੰ ਵੀ ਸਖ਼ਤ ਕਾਨੂੰਨ ਲਿਆਉਣ ਦੀ ਲੋੜ ਹੈ।
ਅਜਿਹਾ ਪਹਿਲੀ ਵਾਰ 2016-17 ਵਿਚ ਹੋਇਆ ਸੀ ਜਦ ਅਮਰੀਕਾ ਦੇ ਬਹੁਤ ਸਾਰੇ ਪ੍ਰਸਿੱਧ ਵਿਅਕਤੀਆਂ ਦੇ ਨਕਲੀ ਵੀਡੀਓ ਸਾਹਮਣੇ ਆਏ ਸਨ।
ਭਾਰਤ ਵਿਚ ਅਜਿਹਾ ਕਰਨ ਵਾਲਿਆਂ ਨੂੰ ਆਈ.ਪੀ.ਐਕਟ 2000 ਦੇ ਆਧਾਰ ʼਤੇ ਇਕ ਲੱਖ ਰੁਪਏ ਜੁਰਮਾਨਾ ਅਤੇ 3 ਸਾਲ ਤੱਕ ਕੈਦ ਹੋ ਸਕਦੀ ਹੈ। ਪੀੜਤ ਵਿਅਕਤੀ ਅਦਾਲਤ ਵਿਚ ਮਾਨਹਾਨੀ ਦਾ ਦਾਅਵਾ ਵੀ ਕਰ ਸਕਦਾ ਹੈ।
ਤਕਨੀਕ ਤੇਜ਼ੀ ਨਾਲ ਬਦਲ ਰਹੀ ਹੈ। ਅਜਿਹੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਭਵਿੱਖ ਵਿਚ ਅਜਿਹੇ ਖਤਰੇ ਵਧਣ ਦੀ ਸੰਭਾਵਨਾ ਹੈ। ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਆਪੋ ਆਪਣੇ ਹਾਲਾਤ ਅਨੁਸਾਰ ਕਦਮ ਚੁੱਕ ਰਹੀਆਂ ਹਨ। ਬੀਤੇ ਸਾਲਾਂ ਦੌਰਾਨ ਭਾਰਤ ਸਰਕਾਰ ਨੇ ਵੀ ਕਈ ਨਵੇਂ ਨਿਯਮ ਕਾਨੂੰਨ ਲਿਆਂਦੇ ਹਨ ਜਿਨ੍ਹਾਂ ਨਾਲ ਕੁਝ ਫ਼ਰਕ ਵੀ ਪਿਆ ਹੈ। ਪਰੰਤੂ ਨਵੇਂ ਖ਼ਤਰਿਆਂ ਨਾਲ ਨਜਿੱਠਣ ਲਈ ਹੋਰ ਸਖ਼ਤ ਕਦਮ ਉਠਾਉਣ ਦੀ ਲੋੜ ਹੈ ਤਾਂ ਜੋ ਲੋਕਾਂ ਦੀ ਨਿੱਜਤਾ ਅਤੇ ਵਿਸ਼ਵਾਸ ਬਰਕਰਾਰ ਰਹੇ। ਇਹ ਬੇਹੱਦ ਗੰਭੀਰ ਮਾਮਲਾ ਹੈ ਇਸੇ ਲਈ ਦਿੱਲੀ ਪੁਲਿਸ ਤੁਰੰਤ ਹਰਕਤ ਵਿਚ ਆ ਗਈ ਹੈ ਅਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਸਰਕਾਰ ਨੇ ਵੀ ਇਸਨੂੰ ਅਤਿ ਗੰਭੀਰਤਾ ਨਾਲ ਲੈਂਦਿਆਂ ਕੁਝ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।