ਅੰਮ੍ਰਿਤਸਰ – ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਭਤੀਜੇ ਭਾਈ ਸੁਖਵਿੰਦਰ ਸਿੰਘ ਅਗਵਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਹੁਕਮਾਂ ਕਾਰਣ ਪੰਜਾਬ ਪੁਲਿਸ ਵੱਲੋਂ ਬੂਟਾਂ ਸਮੇਤ ਇਤਿਹਾਸਕ ਗੁਰਦਵਾਰਾ ਸ਼੍ਰੀ ਅਕਾਲ ਬੁੰਗਾ ਸੁਲਤਾਨਪੁਰ ਲੋਧੀ ਵਿਖੇ ਦਾਖਲ ਹੋਈ ਅਤੇ ਨਿਤਨੇਮ ਕਰ ਰਹੇ ਨਿਹੰਗ ਸਿੰਘਾਂ ‘ਤੇ ਗੋਲੀ ਚਲਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤੁਰੰਤ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਉਨਾਂ ਕਿਹਾਕਿ 27 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਗੁਰਪੁਰਬ ਹੈ।ਇਸ ਮੌਕੇ ਭਗਵੰਤ ਮਾਨ ਤੇ ਪੁਲਿਸ ਵੱਲੋਂ ਅਜਿਹਾ ਕਾਰਾ ਕਰਨਾ ਵੀ ਵੱਡਾ ਗੁਨਾਹ ਹੈ।
ਭਾਈ ਅਗਵਾਨ ਨੇ ਕਿਹਾ ਕਿ ਇਹ ਰਿਵਾਇਤ ਹੈ ਕਿ ਨਿਹੰਗ ਸਿੰਘ ਦਲਾਂ ਵਿੱਚ ਪੈਦਾ ਹੋਏ ਵਿਵਾਦਾਂ ਨੂੰ ਹਮੇਸ਼ਾਂ ਦਲ ਪੰਥਾਂ ਦੇ ਮੁੱਖੀ ਹੀ ਹਲ ਕਰਦੇ ਹਨ। ਉਨਾਂ ਹੋਮ ਗਾਰਡ ਦੇ ਜਵਾਨ ਜਸਪਾਲ ਸਿੰਘ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਪਰ ਉਸਦੀ ਮੌਤ ਦਾ ਜਿੰਮੇਵਾਰ ਵੀ ਭਗਵੰਤ ਮਾਨ ਹੀ ਹੈ। ਉਨਾਂ ਸੰਬੰਧਿਤ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੀ ਵੀ ਮੰਗ ਕੀਤੀ।
ਉਨਾਂ ਸਵਾਲ ਕੀਤੀ ਕਿ ਭਗਵੰਤ ਮਾਨ ਇਹ ਵੀ ਦੱਸੇ ਕਿ ਉਸਦੀ ਕੀ ਮਜ਼ਬੂਰੀ ਸੀ ਕਿ ਉਸਨੇ ਗੁਰਦਵਾਰਾ ਸ਼੍ਰੀ ਅਕਾਲ ਬੁੰਗਾ ‘ਤੇ ਅੰਨੇਵਾਹ ਗੋਲੀ ਚਲਾਉਣ ਦੇ ਹੁਕਮ ਦਿੱਤੇ। ਕੀ ਭਗਵੰਤ ਮਾਨ ਨੇ ਗੋਲੀ ਚਲਾਉਣ ਦੇ ਹੁਕਮ ਬਾਬਾ ਬਲਬੀਰ ਸਿੰਘ ਬੁੱਢਾ ਦਲ ਦੇ ਨਾਲ ਆਪਣੇ ਨੇੜਲੇ ਸੰਬੰਧਾਂ ਕਾਰਣ ਦੂਜੇ ਧੜੇ ਦੇ ਨਿਹੰਗ ਸਿੰਘਾਂ ਤੋਂ ਕਬਜ਼ਾ ਹਰ ਹਾਲਤ ਖਾਲੀ ਕਰਵਾਉਣ ਲਈ ਦਿੱਤੇ ਸਨ। ਭਗਵੰਤ ਮਾਨ, ਉਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਦੀ ਨਿਹੰਗ ਮੁੱਖੀ ਬਾਬਾ ਬਲਬੀਰ ਸਿੰਘ ਨਾਲ ਨੇੜਲੀ ਸਾਂਝ ਨੂੰ ਸਾਬਤ ਕਰਦੀਆਂ ਕਈ ਵੀਡੀਓਜ ਤੇ ਫੋਟੋਆਂ ਵੀ ਜਨਤਕ ਤੌਰ ‘ਤੇ ਮੌਜੂਦ ਹਨ। ਭਗਵੰਤ ਮਾਨ ਦੇ ਦੂਜੇ ਵਿਆਹ ਦੀਆਂ ਧਾਰਮਿਕ ਰਸਮਾਂ ਵੀ ਬਾਬਾ ਬਲਬੀਰ ਸਿੰਘ ਦੇ ਦਲ ਪੰਥ ਨੇ ਕੀਤੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਲੀ ਪਾਲਕੀ ਸਾਹਿਬ ਵੀ ਬਾਬਾ ਬਲਬੀਰ ਸਿੰਘ ਦੇ ਸਿੰਘ ਹੀ ਭਗਵੰਤ ਮਾਨ ਦੇ ਵਿਆਹ ‘ਤੇ ਲੈਕੇ ਆਏ ਸੀ।ਜਿਸ ਸਰੂਪ ਦੀ ਪੁਲਿਸ ਵੱਲੋਂ ਮੁੱਖ ਮੰਤਰੀ ਨਿਵਾਸ ਦੇ ਗੇਟ ‘ਤੇ ਤਲਾਸ਼ੀ ਵੀ ਲਈ ਗਈ ਸੀ ਤੇ ਘੋਰ ਨਿਰਾਦਰ ਵੀ ਕੀਤਾ ਗਿਆ ਸੀ। ਭਗਵੰਤ ਮਾਨ ਖੁਦ ਹੀ ਲੰਬੇ ਸਮੇਂ ਤੋਂ ਦਾਅਵਾ ਕਰਦਾ ਆਇਆ ਹੈ ਕਿ ਸੂਬੇ ਅੰਦਰ ਲੋਕਾਂ ਉੱਤੇ ਪੁਲਿਸ ਨੂੰ ਗੋਲੀ ਚਲਾਉਣ ਦੇ ਹੁਕਮ ਹਮੇਸ਼ਾਂ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਵੱਲੋਂ ਹੀ ਦਿੱਤੇ ਜਾਂਦੇ ਹਨ। ਉਨਾਂ ਕਿਹਾਕਿ ਭਗਵੰਤ ਮਾਨ ‘ਤੇ ਧਾਰਾ 302 ‘ਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਣ ਦਾ ਕੇਸ ਦਰਜ ਕਰਨਾ ਬਣਦਾ ਹੈ।ਉਥੇ ਕਿਸੇ ਵੀ ਤਰਾਂ ਦੇ ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਸੀ।ਨਿਹੰਗ ਸਿੰਘ ਪਿਛਲੇ ਤਿੰਨ ਦਿਨ ਤੋਂ ਗੁਰਦਵਾਰਾ ਸ਼੍ਰੀ ਅਕਾਲ ਬੁੰਗਾ ਸਾਹਿਬ ਵਿੱਚ ਮੌਜੂਦ ਸਨ। ਜਿਸ ਸਮੇਂ ਪੁਲਿਸ ਵੱਲੋਂ ਨਿਹੰਗ ਸਿੰਘਾਂ ‘ਤੇ ਗੋਲੀ ਚਲਾਈ ਗਈ ਉਸ ਸਮੇਂ ਪ੍ਰਸਾਸ਼ਨ ਵੱਲੋਂ ਉਥੇ ਕੋਈ ਵੀ ਮੈਜਿਸਟ੍ਰੇਟ ਤਾਇਨਾਤ ਨਹੀਂ ਸੀ ਅਤੇ ਨਾਂ ਹੀ ਉਸ ਸਮੇਂ ਉਥੇ ਕੋਈ ਮੈਜਿਸਟ੍ਰੇਟ ਹਾਜ਼ਰ ਹੀ ਸੀ ਅਤੇ ਨਾਂ ਹੀ ਪੁਲਿਸ ਵੱਲੋਂ ਕਾਰਵਾਈ ਕਰਨ ਤੋਂ ਪਹਿਲਾਂ ਕੋਈ ਅਨਾਉਂਸਮੈਂਟ ਹੀ ਕੀਤੀ ਗਈ। ਕਪੂਰਥਲਾ ਦੇ ਸਿਵਲ ਅਫਸਰਾਂ ਨੂੰ ਚੇਤਾਵਨੀ ਦੇਂਦਿਆਂ ਕਿ ਉਹ ਕਿਸੇ ਵੀ ਦਬਾਅ ਹੇਠ ਪ੍ਰਸਾਸ਼ਨ ਦੇ ਪਰਦਾ ਪਾਉਣ ਦੇ ਯਤਨਾਂ ਦਾ ਹਿੱਸਾ ਨਾਂ ਬਨਣ।