ਉਹ ਨੇਕੀ ਦਾ ਲਿਖਿਆ
ਗੀਤ ਅਰਸ਼ ‘ਤੇ
ਸਿਰਨਾਵਾਂ ਕਿਸੇ ਸੂਰਜ ਦਾ
ਕਿਰਤ ਪੋਟਿਆਂ ਦੀ
ਨਿਸ਼ਚਾ ਰੱਬ ਵਰਗਾ
ਬੰਦਗੀ, ਇਤਫ਼ਾਕ ਇਨਸਾਨੀਅਤ ਦੀ
ਸੂਰਜੀ ਸੋਚ,
ਮਾਡਲ ਦਲੀਲ ਦਾ
ਸਰਘੀ ਦੀ ਮਾਂਗ ਚੋਂ ਜਨਮਿਆ
ਪਹਿਲਾ ਸੁਪਨਾ ਨਗਮਾ ਸੁਬਾਹ ਦਾ
ਅਰਸ਼ ਦੀ ਕਿੱਲੀ ਤੇ ਟੰਗੀ
ਨਵੀਂ ਤਰਜ਼ ਰਬਾਬ ਦੀ
ਤਾਰਾਂ ਦੀ ਪਹਿਲੀ ਕੰਬਣੀ
ਸ਼ਬਦਾਂ ਦਾ ਚਾਨਣ
ਸੂਰਜ ਲੱਖਾਂ ਧਰਤੀਆਂ ਤੇ
ਰੌਸ਼ਨੀ ਦੀ ਚਾਦਰ
ਠੰਢਕ ਰੌਣਕ ਖੇੜਾ ਸੰਸਾਰ ਦਾ
ਪੰਜ ਆਬ ਵਿਛਾ ਕੇ
ਉਹਨੇ ਊੜਾ ਲਿਖਿਆ
ਪੰਜਾਬ ਦੇ ਪਾਣੀ ਪਿਤਾ ਬਣ ਗਏ ਧਰਤੀ ਮਾਤਾ ਬਣ ਸਜ ਗਈ
ਪਾਣੀਆਂ ਦੇ ਵਹਿਣ ਵੀ ਜਾਪ ਕਰਨ ਹਵਾਵਾਂ ਰਾਗਨੀਆਂ ਗਾਉਣ
ਓਹੀ ਨਾਨਕ ਸ਼ਬਦ ਹੁਣ ਤੱਕ ਨਦੀਆਂ ਦੀਆਂ ਲਹਿਰਾਂ ਗਾ ਰਹੀਆਂ ਹਨ
ਪੰਛੀ ਨਹਾਉਂਦੇ ਜਪੁਜੀ ਗਾਉਣ
ਕਿਰਤ ਦਾ ਪਿੰਡ ਵਸਾਇਆ ਉਹਨੇ ਕਰਤਾਰਪੁਰ
ਸ਼ਬਦ ਰਿਮਝਿਮ ਵਰਸੇ
ਵੰਡ ਕੇ ਖਾਣਾ ਦੱਸਿਆ
ਹੰਕਾਰ ਨੀਵਾਂ ਕੀਤਾ ਮਜ਼ਹਬਾਂ ਦਾ
ਨਾਨਕ ਬੋਲਿਆਂ
ਸੁੱਕੀਆਂ ਪੈਲੀਆਂ ਹਰੀਆਂ ਹੋਣ
ਸੁੱਚੀ ਸੋਚ ਨਾਲ ਪਾਣੀ ਲਾਵੇ
ਜਹਾਨ ਦੀਆਂ ਫਸਲਾਂ ਨੂੰ
ਬਲਦੀਆਂ ਹਿੱਕਾਂ ਠਾਰੇ
ਸੰਵਾਦ ਰਚਾਵੇ
ਪੰਥ ਦਾ ਰੰਗ
‘ਨਿਜ ਅਤੇ ਧੁਰ’ ਦੀ ਰੱਖਿਆ
ਸ਼ਬਦ ਸੁਚੇਤਨਾ
ਤੋਂ ਵੱਡਾ ਪਾਤਸ਼ਾਹ
ਸੱਚ ਦੇ ਸਫਿ਼ਆਂ ਨੂੰ ਥੱਲਣ ਵਾਲਾ ਨਿਰਾਲਾ ਸੰਕਲਪ
ਨਵੀਂ ਪੈੜ੍ਹ ਸਰ੍ਹੋਂ ਦੇ ਫੁੱਲਾਂ ਵਰਗੀ
ਤਾਰੀਖ਼ ਦਾ ਪੰਨਾ
ਇਨਸਾਨੀਅਤ ਦਾ ਗੌਰਵ ਸਵੈ-ਮਾਣ
ਅੰਬਰ ਦੇ ਬਨੇਰੇ ‘ਤੇ
ਵੱਡਾ ਸਤੰਬ ਮੀਨਾਰ
ਇਤਿਹਾਸ ਦੇ ਪੰਨੇ ਤੇ
ਚਿੰਤਨ ਅਤੇ ਚੇਤਨ ਦਾ ਨਵਾਂ ਅਧਿਆਇ
ਸੁੰਨੇ ਵਿਹੜਿਆਂ ਦੀ ਰੌਣਕ
ਗੀਤ ਤੇ ਸੋਚ
ਲਤਾੜੀਆਂ ਰੂਹਾਂ ਦਾ ਆੜੀ
ਰੰਗ ਬਿਰੰਗੇ ਤੇ
ਸੂਹੀਆਂ ਫੁੱਲ ਪੱਤੀਆਂ ਦਾ
ਵਿਸ਼ਵ ਇਤਿਹਾਸ ਦਾ ਲਾਸਾਨੀ ਫਿਲਾਸਫਰ
ਅਧਿਆਤਮਕ ਆਗੂ
ਅਮਰ ਸਾਹਿਤਕਾਰ
ਦਰਵੇਸ਼ ਰਚਨਾਤਮਿਕ ਪ੍ਰਤਿਭਾ ਇਲਾਹੀ ਸ਼ਖਸੀਅਤ
ਰੂਹਾਨੀ ਸੂਰਜ
ਧਰਮ ਨਿਰਪੱਖਤਾ ਦਾ
ਅਨੂਠਾ ਜੇਹਾ ਸੁਮੇਲ
ਲਾਸਾਨੀ ਸ਼ੈਲੀ
ਅਕਾਲ ਉਸਤਤਿ ਦਾ ਰਚੇਤਾ
ਬ੍ਰਹਿਮੰਡ ਪਸਾਰੇ ਦੀ ਮਹਿਮਾ, ਗਾਇਣ
ਵਹਿਮਾਂ ਭਰਮਾਂ ਤੇ
ਪਾਖੰਡਾਂ ਦਾ ਤਿੱਖਾ ਵਿਰੋਧੀ
ਮਿੱਟੀ ਧੁੰਦੁ ਜਗਿ ਚਾਨਣੁ
ਕਰਨ ਵਾਲਾ ਸੂਰਜ
ਤਲਵੰਡੀ ਦੀ ਮਿੱਟੀ ਵਈਂ ਦੀਆਂ ਲਹਿਰਾਂ ਦਾ ਸੰਗੀਤ
ਜਨ-ਮਾਣਸ
ਕਰੁਣਾ ਦਾ ਅੰਮ੍ਰਿਤ ਵਰਗਾ ਬੋਲ
ਮਾਰਗ ਦਰਸ਼ਨ ਲੋਕਾਈ ਦਾ
ਨਵੇਂ ਆਦਰਸ਼ਾਂ ਦਾ ਸੰਸਥਾਪਕ
ਸੰਸਾਰਕ ਗਿਆਨ ਰਿਸ਼ਮਾਂ ਵੰਡਣ ਵਾਲਾ ਜੁਗਪੁਰਸ਼
ਪ੍ਰਤੀਨਿਧ ਬਾਣੀ ਦਾ
ਰਾਗ ਸ਼ਬਦ ਦੀਪਕ
ਖੰਡਨ ਵਹਿਮਾਂ ਦਾ
ਵਿਚਾਰਧਾਰਕ ਪਰਿਪੇਖ ਦੀ ਪੇਸ਼ਕਸ਼
ਰਾਗ, ਲੈਅ ਅੰਤਰੀਵਤਾ
ਕਾਵਿ ਕੌਸ਼ਲਤਾ ਸਾਗਰਾਂ ਵਰਗੀ
ਵੱਖਰੀ ਧਾਰਾ
ਅਧਿਆਤਮਕ ਅਨੁਭਵ ਜੇਹੀ ਮੂਰਤ
ਗੁਰਮਤਿ ਵਿਚਾਰਧਾਰਾ ਦਾ
ਨਿਰੰਤਰ ਅਤੇ ਸਹਿਜ ਵਿਕਾਸ
ਸਿਰਜਕ ਮੂਲਭੂਤ
ਮਾਨਵੀ ਅਧਿਕਾਰਾਂ ਲਈ ਡਟ ਕੇ ਖਲੋਣ ਵਾਲਾ ਪ੍ਰਬਤ
ਕੌਮ ਰਚਨਹਾਰਾ, ਰਹਿਬਰ
ਜਬਰ ਦੀ ਅਧੀਨਗੀ ਨੂੰ
ਅਪ੍ਰਵਾਨਤ ਕਰਨ ਵਾਲਾ
ਜਗਤ ਫੱਕਰ
ਮੰਦਿਰ ਮਸਜਿਦ, ਪੂਜਾ ਅਤੇ ਨਮਾਜ਼ ਸਮਾਨ ਸਜਾਉਣ ਵਾਲਾ ਨਨਕਾਣਵੀ
ਸਚਾਈ, ਪ੍ਰੇਮ, ਸਿਮਰਨ,
ਸੇਵਾ ਤੇ ਸ਼ਕਤੀ ਦਾ ਪੁੰਜ
ਸਰਬਕਾਲੀਨ
ਮਹਾਨ ਸੰਦੇਸ਼ ਮਾਰਗ
ਗੁਰਪੀਰ ਜਗਤ ਗੁਰੂ
ਰਾਜਨੀਤਕ, ਸਮਾਜਿਕ, ਧਾਰਮਿਕ, ਆਰਥਿਕ ਅਤੇ ਸੱਭਿਆਚਾਰਕ ਗਿਰਾਵਟ ਵੇਲੇ ਦਾ ਜਗਿਆਸੂ, ਪੀਰ
‘ਸਭੇ ਸਾਂਝੀਵਾਲ ਸਦਾਇਨਿ’
ਧਰਮ ਦੀ ਨੀਂਹ ਰੱਖਣ ਵਾਲਾ
ਇਲਾਹੀ ਨਾਦ ਦੁਨੀਆ ਦਾ
ਜੀਵਨ-ਜਾਚ ਸਿਖਾਉਣ ਵਾਲਾ ਰਾਹਗੀਰ
ਜੀਵਨ ਸਮੱਸਿਆਵਾਂ ਦਾ ਗਹਿਰਾ ਅਧਿਐਨ
ਸੱਚੀ ਸਿੱਖਿਆ ਦੇਣ ਵਾਲਾ ਅਧਿਆਪਕ
ਦੇਸ਼-ਦੇਸਾਂਤਰਾਂ ਦੀਆਂ ਯਾਤਰਾਵਾਂ ਕਰਨ ਵਾਲਾ ਯਾਤਰੂ
ਦੋਸ਼ੀਆਂ ਕੋਲੋਂ ਦੋਸ਼ ਦਾ
ਦਲੀਲ ਨਾਲ
ਇਕਬਾਲ ਕਰਵਾਉਣ ਵਾਲਾ ਨਿਆਰਾ ਜੱਜ
ਖੂਨ ਦੀਆਂ ਨਦੀਆਂ ਵਹਿੰਦੀਆਂ ਦੇਖ ਬਾਬਰ ਨੂੰ ਜਾਬਰ
ਕਹਿਣ ਵਾਲਾ ਸਮੇਂ ਦਾ ਬਾਗ਼ੀ
ਨਾਰੀ ਦੇ ਹੱਕ ਵਿਚ
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਕਹਿਣ ਵਾਲਾ
ਬੁਲੰਦ ਹਾਉਕਾ
ਅੰਬਰੀ ਆਵਾਜ਼
ਸਰਘੀ ਦਾ ਗੁਲਾਬੀ ਸੁਗੰਧ ਵਾਲਾ ਸੰਗੀਤਕ ਨਗ਼ਮਾ
ਸਿੱਖੀ ਦਾ ਆਗ਼ਾਜ਼ ਮੌਲਿਕ ਯਕੀਨ, ਮੁਕੱਦਸ ਗੁਰੂ ਗ੍ਰੰਥ ਸਾਹਿਬ ਦਾ ਰਚਣਹਾਰਾ
ਸੇਧ ਮਾਰਗ ਜੀਵਨ ਫ਼ਲਸਫ਼ਾ
ਸਚਾਈ ਦੀ ਹਕ਼ੀਕਤ