ਕੈਲਗਰੀ: ਈ- ਦੀਵਾਨ ਸੋਸਾਇਟੀ ਕੈਲਗਰੀ ਵਲੋਂ, 25 ਨਵੰਬਰ ਦਿਨ ਸ਼ਨਿਚਰਵਾਰ ਨੂੰ, ਆਪਣੇ ਹਫਤਾਵਾਰ ਸਮਾਗਮ ਵਿੱਚ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਔਨਲਾਈਨ ਇੰਟਰਨੈਸ਼ਨਲ ਕਵੀ ਦਰਬਾਰ ਕਰਾਇਆ ਗਿਆ- ਜਿਸ ਵਿੱਚ ਦੇਸ਼ ਵਿਦੇਸ਼ ਤੋਂ ਮਹਾਨ ਪੰਥਕ ਕਵੀਆਂ ਨੇ ਸ਼ਿਰਕਤ ਕੀਤੀ। ਇਹ ਸੰਸਥਾ ਖਾਸ ਦਿਹਾੜਿਆਂ ਤੇ ਕਵੀ ਦਰਬਾਰ ਕਰਾ ਕੇ, ਦਸ਼ਮੇਸ਼ ਪਿਤਾ ਦੀ ਚਲਾਈ ਹੋਈ ਇਸ ਪਰੰਪਰਾ ਨੂੰ ਅੱਗੇ ਤੋਰਨ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੀ ਹੈ।
ਸਮਾਗਮ ਦੇ ਸ਼ੁਰੂ ਵਿੱਚ, ਸੰਸਥਾ ਦੇ ਬਾਨੀ ਡਾ. ਬਲਰਾਜ ਸਿੰਘ ਨੇ, ਨਵੀਂ ਸੰਗਤ ਨੂੰ ਸਭਾ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ- ਇਸ ਸੰਸਥਾ ਕੋਵਿਡ ਦੌਰਾਨ ਬਣਾਈ ਗਈ ਸੀ, ਜਿਸ ਨਾਲ ਦੇਸ਼ ਵਿਦੇਸ਼ ਤੋਂ ਸੰਗਤ ਜੁੜੀ ਹੋਈ ਹੈ। ਹਰ ਵੀਕਐਂਡ ਤੇ ਵਿਦਵਾਨਾਂ ਵਲੋਂ, ਗੁਰਬਾਣੀ ਦੀ ਵਿਚਾਰਧਾਰਾ ਤੇ ਅਧਾਰਿਤ, ਵੱਖ ਵੱਖ ਵਿਸ਼ਿਆਂ ਤੇ ਜਾਣਕਾਰੀ ਭਰਪੂਰ ਲੈਕਚਰ ਕਰਵਾਏ ਜਾਂਦੇ ਹਨ- ਜੋ ਬਾਅਦ ਵਿੱਚ ‘ਸੰਗਤੀ ਵਿਚਾਰ’ ਯੂਟਿਊਬ ਚੈਨਲ ਤੇ ਪਾ ਦਿੱਤੇ ਜਾਂਦੇ ਹਨ। ਸਮਾਗਮ ਦੇ ਸ਼ੁਰੂ ਤੇ ਅੰਤ ਤੇ ਬੱਚਿਆਂ ਵਲੋਂ ਕੀਰਤਨ ਕੀਤਾ ਜਾਂਦਾ ਹੈ। ਉਹਨਾਂ ਦੀ ਬੇਨਤੀ ਤੇ- ਜੈਪੁਰ ਤੋਂ ਆਏ ਬ੍ਰਿਜਮਿੰਦਰ ਕੌਰ ਨੇ- ਹਮ ਚਾਕਰ ਗੋਬਿੰਦ ਕੇ ਠਾਕੁਰੁ ਮੇਰਾ ਭਾਰਾ॥ ਸ਼ਬਦ ਨੂੰ ਸੁਰੀਲੀ ਆਵਾਜ਼ ਵਿੱਚ ਗਾ ਕੇ ਸਮਾਗਮ ਦਾ ਆਗਾਜ਼ ਕੀਤਾ।
ਗੁਰਦੀਸ਼ ਕੌਰ ਨੇ ਮੰਚ ਸੰਚਾਲਨ ਕਰਦਿਆਂ, ਦੂਰ ਦੁਰਾਡੇ ਤੋਂ ਪਹੁੰਚੇ ਕਵੀਆਂ ਨੂੰ ‘ਜੀ ਆਇਆਂ’ ਕਿਹਾ ਅਤੇ ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਸਿੱਖੀ ਦਾ ਬੂਟਾ’ ਦੀਆਂ ਕੁੱਝ ਕੁ ਸਤਰਾਂ ਸਾਂਝੀਆਂ ਕਰਕੇ ਕਵੀ ਦਰਬਾਰ ਦੀ ਆਰੰਭਤਾ ਕੀਤੀ ਅਤੇ ਕਵੀਆਂ ਦੀ ਜਾਣ ਪਛਾਣ ਕਰਾਉਂਦਿਆਂ ਹੋਇਆਂ, ਸਭ ਨੂੰ ਵਾਰੋ ਵਾਰੀ ਮੰਚ ਤੇ ਆਉਣ ਦਾ ਸੱਦਾ ਦਿੱਤਾ। ਸ਼ੁਰੂਆਤ ਵਿੱਚ, ਕੈਲਗਰੀ ਦੇ ਨਾਮਵਰ ਗਾਇਕ- ਰਵੀ ਜਨਾਗਲ ਨੂੰ ਸੰਤ ਰਾਮ ਉਦਾਸੀ ਦਾ ਲਿਖਿਆ ਗੀਤ ਸਾਂਝਾ ਕਰਨ ਦੀ ਬੇਨਤੀ ਕੀਤੀ। ਰਵੀ ਜਨਾਗਲ ਨੇ ਆਪਣੀ ਬੁਲੰਦ ਆਵਾਜ਼ ਵਿੱਚ ਉਹਨਾਂ ਦਾ ਮਕਬੂਲ ਗੀਤ- ‘ਦਿੱਲੀਏ ਦਿਆਲਾ ਦੇਖ ਦੇਗ ‘ਚ ਉਬਲਦਾ ਨੀ, ਅਜੇ ਤੇਰਾ ਦਿਲ ਨਾ ਠਰੇ!’ ਸੁਣਾ ਕੇ ਮਹੌਲ ਭਾਵੁਕ ਕਰ ਦਿੱਤਾ। ਜਲੰਧਰ ਤੋਂ ਆਏ, ਉਸਤਾਦ ਸ਼ਾਇਰ ਕਰਮਜੀਤ ਸਿੰਘ ਨੂਰ ਨੇ ਨੌਵੇਂ ਪਾਤਸ਼ਾਹ ਨੂੰ ‘ਤਿਆਗ ਤੇ ਵੈਰਾਗ ਦੀ ਮੂਰਤ’ ਦਰਸਾਉਂਦਿਆਂ ਹੋਇਆਂ ਅਤੇ ਅੰਮ੍ਰਿਤਸਰ ਸਾਹਿਬ ਤੋਂ ਆਏ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਨੇ ਤੱਤਾ ਅੱੱਖਰ- ‘ਤ- ਤੂੰ, ਤਾਕਤ, ਤੇਗ, ਤਿਆਗ ਬਣੇ..’ ਰਾਹੀਂ ਸ਼ਰਧਾ ਦੇ ਫੁੱਲ ਭੇਟ ਕੀਤੇ। ਟੋਰੰਟੋ ਤੋਂ ਆਈ ਸ਼ਾਇਰਾ ਸੁੰਦਰਪਾਲ ਕੌਰ ਰਾਜਾਸਾਂਸੀ ਨੇ ਆਪਣੀ ਕਵਿਤਾ ਕੋਰੜਾ ਛੰਦ ਵਿੱਚ- ‘ਗੁਰਾਂ ਸੀਸ ਦੇ ਕੇ ਕੀਤਾ ਉਪਕਾਰ ਜੀ’ ਅਤੇ ਲੁਧਿਆਣਾ ਤੋਂ ਹੁਣੇ ਹੁਣੇ ਕੈਲਗਰੀ ਆਏ, ਮਹਿਮਾਨ ਸਿੱਖ ਚਿੰਤਕ, ਵਿਦਵਾਨ ਤੇ ਸ਼ਾਇਰ ਜਸਵਿੰਦਰ ਸਿੰਘ ਰੂਪਾਲ ਨੇ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਤੇ ਝੋਕ ਛੰਦ ਵਿੱਚ ਲਿਖੀ ਆਪਣੀ ਕਵਿਤਾ-‘ਦੇਖੋ ਕਿੰਝ ਸਿੱਖ ਗੁਰੂ ਦੇ ਸਿਰੜ ਨਿਭਾਉਂਦੇ ਨੇ’ ਨੂੰ ਤਰੰਨਮ ਵਿੱਚ ਸੁਣਾ ਕੇ ਦਾਦ ਖੱਟੀ। ਜੰਡਿਆਲਾ ਗੁਰੂ ਤੋਂ ਆਏ ਸ਼ਾਇਰ ਦਵਿੰਦਰ ਸਿੰਘ ਭੋਲਾ ਨੇ ਬਰਕਤ ਰਾਮ ਬਰਕਤ ਦੀ ਕਵਿਤਾ- ‘ਧੰਨ ਧੰਨ ਹੈ ਬਲੀਦਾਨ ਤੇਰਾ’ ਨਾਲ ਸਾਂਝ ਪਾਈ। ਸਿਆਟਲ ਤੋਂ ਆਏ ਗੀਤਕਾਰ ਅਵਤਾਰ ਸਿੰਘ ਆਦਮਪੁਰੀ ਨੇ ਆਪਣਾ ਗੀਤ- ‘ਮਜ਼ਲੂਮਾਂ ਦੇ ਸਾਥੀ ਹਾਂ, ਗੁਰੂ ਨਾਨਕ ਦੇ ਵਰੋਸਾਏ ਹਾਂ’ ਅਤੇ ਸਰੀ ਬੀ. ਸੀ. ਤੋਂ ਆਏ ਗੀਤਕਾਰ ਪਲਵਿੰਦਰ ਸਿੰਘ ਰੰਧਾਵਾ ਨੇ ਵੀ ‘ਧੰਨ ਧੰਨ ਗੁਰੂ ਤੇਗ ਬਹਾਦਰ’ ਗੀਤ ਬੁਲੰਦ ਆਵਾਜ਼ ਵਿੱਚ ਸੁਣਾ ਕੇ ਮਹੌਲ ਸੁਰਮਈ ਬਣਾ ਦਿੱਤਾ। ਟੋਰੰਟੋ ਤੋਂ ਆਏ ਉਸਤਾਦ ਸ਼ਾਇਰ ਸੁਜਾਨ ਸਿੰਘ ਸੁਜਾਨ ਜੀ ਨੇ- ‘ਭਾਈ ਜੈਤੇ ਸੀਸ ਸਿਰ ਤੇ ਉਠਾਇਆ ਏ, ਦੇਖੋ ਕਿਵੇਂ ਦਿੱਲੀ ਨੂੰ ਪਸੀਨਾ ਆਇਆ ਏ’ ਗੀਤ ਸੁਣਾ ਕੇ ਜੈਕਾਰੇ ਖੱਟੇ। ਕੈਲਗਰੀ ਤੋਂ ਪਹੁੰਚੇ ਗੁਰਚਰਨ ਸਿੰਘ ਹੇਹਰ ਨੇ ਆਪਣਾ ਗੀਤ- ‘ਸਿੰਘ ਗੁਰੂ ਦੇ ਮੌਤੋਂ ਨਾ ਕਦੇ ਡਰਦੇ’ ਸੁਣਾਇਆ ਜਦ ਕਿ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਸਿਹਤ ਠੀਕ ਨਾ ਹੋਣ ਕਾਰਨ ਹਾਜ਼ਰ ਨਹੀਂ ਹੋ ਸਕੇ। ਅੰਤ ਤੇ ਹੋਸਟ ਗੁਰਦੀਸ਼ ਕੌਰ ਨੇ ਵੀ ਨੌਵੇਂ ਪਾਤਸ਼ਾਹ ਤੇ ਲਿਖਿਆ ਆਪਣਾ ਗੀਤ ਸੰਗਤ ਨਾਲ ਸਾਂਝਾ ਕੀਤਾ। ਸੰਗਤ ਵਲੋਂ ਇਸ ਕਵੀ ਦਰਬਾਰ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਢਾਈ ਘੰਟੇ ਚੱਲੇ ਇਸ ਕਵੀ ਦਰਬਾਰ ਦੀ, ਜੈਕਾਰਿਆਂ ਦੀ ਗੂੰਜ ਵਿੱਚ ਸਮਾਪਤੀ ਹੋਈ। ਡਾ. ਸੁਰਜੀਤ ਸਿੰਘ ਭੱਟੀ ਅਤੇ ਡਾ. ਕਾਬਲ ਸਿੰਘ ਨੇ ਸਾਰੇ ਕਵੀਆਂ ਦਾ ਧੰਨਵਾਦ ਕਰਦਿਆਂ, ਸੰਸਥਾ ਵਲੋਂ ਚਲ ਰਹੇ ਔਨਲਾਈਨ ਮਾਸਿਕ ਮੈਗਜ਼ੀਨ ‘ਸਾਂਝੀ ਵਿਰਾਸਤ’ ਦੀ ਜਾਣਕਾਰੀ ਦਿੱਤੀ ਅਤੇ ਆਪਣੀਆਂ ਰਚਨਾਵਾਂ ਲਿਖਤੀ ਰੂਪ ਵਿੱਚ ਭੇਜਣ ਦੀ ਬੇਨਤੀ ਕੀਤੀ। ਆਨੰਦ ਸਾਹਿਬ ਦੀ ਡਿਊਟੀ, ਕੈਲਗਰੀ ਦੇ ਯੁਵਰਾਜ ਸਿੰਘ ਤੇ ਸਬੀਨਾ ਕੌਰ ਨੇ ਨਿਭਾਈ। ਜਗਬੀਰ ਸਿੰਘ ਜੀ ਨੇ ਅਰਦਾਸ ਦੀ ਸੇਵਾ ਨਿਭਾਈ। ਸੋ ਇਸ ਤਰ੍ਹਾਂ ਇਹ ਸਮਾਗਮ ਸਰੋਤਿਆਂ ਦੇ ਮਨਾਂ ਤੇ ਅਮਿੱਟ ਛਾਪ ਛੱਡ ਗਿਆ। ਵਧੇਰੇ ਜਾਣਕਾਰੀ ਲਈ- ਡਾ. ਬਲਰਾਜ ਸਿੰਘ 403 978 2419 ਜਾਂ ਜਗਬੀਰ ਸਿੰਘ ਨਾਲ 587 718 8100 ਤੇ ਸੰਪਰਕ ਕੀਤਾ ਜਾ ਸਕਦਾ ਹੈ।