ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਸਿੱਖ ਪੰਥ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰਿਆਣਾ ਦੇ ਨੂੰਹ ਵਿਖੇ ਮਹਾਨ ਨਗਰ ਕੀਰਤਨ ਨਿਕਾਲਿਆ ਗਿਆ । ਨੂੰਹ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਹਿਬ ਤੋਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਇਸ ਨਗਰ ਕੀਰਤਨ ਮੌਕੇ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ’ਤੇ ਚੌਰ ਸਾਹਿਬ ਦੀ ਸੇਵਾ ਨਿਭਾਈ। ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਦਿਆਂ ਗੁਰੂ ਜਸ ਉਚਾਰਨ ਕਰਦੇ ਹੋਏ ਸ਼ਰਧਾ ਦਾ ਪ੍ਰਗਟਾਵਾ ਕੀਤਾ। ਨਗਰ ਕੀਰਤਨ ਦੇ ਰਸਤੇ ਵਿਚ ਸੰਗਤਾਂ ਨੇ ਵੱਖ-ਵੱਖ ਪਕਵਾਨਾਂ ਦੇ ਲੰਗਰਾਂ ਰਾਹੀਂ ਸੇਵਾ ਕੀਤੀ। ਇਸ ਦੌਰਾਨ ਸਕੂਲੀ ਬੱਚਿਆਂ, ਬੈਂਡ ਪਾਰਟੀਆਂ, ਸ਼ਬਦ ਚੌਂਕੀ ਜਥੇ ਤੇ ਵੱਖ ਵੱਖ ਗਤਕਾ ਪਾਰਟੀਆਂ ਨੇ ਨਾਲ ਬੁੱਢਾ ਦਲ ਗਤਕਾ ਅਕੈਡਮੀ ਆਲ ਇੰਡੀਆ ਦੀ ਟੀਮ ਦੇ ਸਿੰਘ ਸਿੰਘਣੀਆਂ ਨੇ ਉਚੇਚੇ ਤੌਰ ਤੇ ਹਿੱਸਾ ਲੈਂਦਿਆਂ ਪੂਰੇ ਉਤਸ਼ਾਹ ਨਾਲ ਸ਼ਸ਼ਤਰ ਵਿਦਿਆ ਦੇ ਜੌਹਰ ਦਾ ਵੱਖ ਵੱਖ ਪੜਾਵਾਂ ਤੇ ਪ੍ਰਦਰਸ਼ਨ ਕੀਤਾ । ਬੁੱਢਾ ਦਲ ਗੱਤਕਾ ਦੇ ਮੁੱਖ ਸੇਵਾਦਾਰ ਭਾਈ ਸਰਬਜੀਤ ਸਿੰਘ ਅਤੇ ਰਵਿੰਦਰ ਸਿੰਘ ਨੇ ਦਸਿਆ ਕਿ ਹਰਿਆਣਾ ਦੇ ਨੂੰਹ ਵਿਖੇ ਜਿੱਥੇ ਕੁਝ ਸਮਾਂ ਪਹਿਲਾਂ ਭੜਕੇ ਦੰਗਿਆਂ ਵਿਚ ਕੁਝ ਲੋਕ ਮਾਰੇ ਗਏ ਸਨ ਅਤੇ ਵੱਡੀ ਗਿਣਤੀ ਅੰਦਰ ਜਖਮੀ ਵੀਂ ਹੋਏ ਸਨ, ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਮਨੁੱਖਤਾ ਨੂੰ ਬਰਾਬਰਤਾ ਅਤੇ ਸਾਂਝੀਵਾਲਤਾ ਦਾ ਦਿੱਤਾ ਗਿਆ ਉਪਦੇਸ਼ ਸਾਨੂੰ ਪ੍ਰਤੱਖ ਵਿਚ ਦੇਖਣ ਨੂੰ ਮਿਲਿਆ ਕਿ ਨਗਰ ਕੀਰਤਨ ਵਿਚ ਹਰ ਧਰਮ ਦੇ ਲੋਕ ਆਪਣੀਆਂ ਸ਼ਰਧਾ ਭਾਵਨਾਵਾਂ ਨਾਲ ਹਾਜ਼ਰੀਆਂ ਭਰਦੇ ਨਜ਼ਰ ਆ ਰਹੇ ਸਨ ਕਿੱਥੇ ਵੀਂ ਆਪਸੀ ਵੈਰ ਵਿਰੋਧ ਨਹੀਂ ਦਿੱਖ ਰਿਹਾ ਸੀ । ਨਗਰ ਕੀਰਤਨ ਗੁਰੂਦਵਾਰਾ ਸ੍ਰੀ ਗੁੁਰੂ ਸਿੰਘ ਸਭਾ ਤੋ ਸ਼ੂਰੁ ਹੋਕੇ ਵੱਖ ਵੱਖ ਕਲੋਨੀਆਂ ਤੋਂ ਹੁੰਦਾ ਹੋਇਆ ਅਨਾਜ ਮੰਡੀ ਰਾਹੀਂ ਵਾਪਿਸ ਨੂੰਹ ਦੇ ਹੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਹਿਬ ਵਿਖੇ ਸਮਾਪਤ ਹੋਇਆ । ਨਗਰ ਕੀਰਤਨ ਦੇ ਪ੍ਰਬੰਧਕਾਂ ਵਲੋਂ ਨਗਰ ਕੀਰਤਨ ਵਿਚ ਆਈਆਂ ਹੋਈਆਂ ਅਤੇ ਸਹਿਯੋਗ ਦੇਣ ਵਾਲੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ।
ਸ੍ਰੀ ਗੁੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰਿਆਣਾ ਦੇ ਨੂੰਹ ਵਿਖੇ ਨਿਕਲਿਆ ਮਹਾਨ ਨਗਰ ਕੀਰਤਨ
This entry was posted in ਭਾਰਤ.