ਅੰਮ੍ਰਿਤਸਰ/ਸੁਲਤਾਨਪੁਰ ਲੋਧੀ – ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਛਾਉਣੀ ਨਿਹੰਗ ਸਿੰਘਾਂ ਵਿਚ ਪੁਲਿਸ ਦਾਖਲੇ ਨਾਲ ਹੋਈ ਬੇਅਦਬੀ ਦੇ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਰੰਭੇ ਧਰਨੇ ਦੇ ਤੀਜੇ ਦਿਨ ਅੱਜ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਤੇ ਅੰਮ੍ਰਿਤਸਰ ਦੱਖਣੀ ਹਲਕੇ ਦੇ ਇੰਚਾਰਜ ਸ. ਤਲਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ। ਧਰਨੇ ਅੰਦਰ ਬੁਲਾਰਿਆਂ ਦਾ ਸੰਬੋਧਨ ਪੰਜਾਬ ਸਰਕਾਰ ਵਿਰੁੱਧ ਤਿਖੇ ਰੋਸ ਅਤੇ ਰੋਹ ਦਾ ਪ੍ਰਗਟਾਵਾ ਕਰਦਾ ਨਜ਼ਰ ਆਇਆ। ਹਰ ਬੁਲਾਰੇ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸ੍ਰੀ ਭਗਵੰਤ ਮਾਨ ਦੀ ਸਰਕਾਰ ਨੂੰ ਤਿੱਖੇ ਸ਼ਬਦਾਂ ਨਾਲ ਸਵਾਲ ਕੀਤੇ ਅਤੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਘਟਨਾ ਲਈ ਸਿੱਧੇ ਤੌਰ ’ਤੇ ਜੁੰਮੇਵਾਰ ਠਹਿਰਾਇਆ।
ਬੁਲਾਰਿਆਂ ਦਾ ਕਹਿਣਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਕਿਉਂਕਿ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ, ਇਸ ਲਈ ਪੰਜਾਬ ਪੁਲਿਸ ਨੂੰ ਗੋਲੀਬਾਰੀ ਦਾ ਆਦੇਸ਼ ਵੀ ਉਨ੍ਹਾਂ ਵੱਲੋਂ ਹੀ ਕੀਤਾ। ਇਸ ਸਾਰੀ ਮੰਦਭਾਗੀ ਘਟਨਾ ਦੀ ਜੁੰਮੇਵਾਰੀ ਸ੍ਰੀ ਭਗਵੰਤ ਮਾਨ ਦੀ ਹੈ।
ਇਸ ਮੌਕੇ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਛਾਉਣੀ ਨਿਹੰਗ ਸਿੰਘਾਂ ਵਿਚ ਪੁਲਿਸ ਵੱਲੋਂ ਚਲਾਈ ਗੋਲੀ ਅਤੇ ਜੁੱਤੀਆਂ ਸਮੇਤ ਅੰਦਰ ਜਾ ਕੇ ਕੀਤੀ ਬੇਅਦਬੀ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਘਟਨਾ ਦੇ ਏਨਾ ਸਮਾਂ ਬੀਤਣ ਤੋਂ ਬਾਅਦ ਵੀ ਦੋਸ਼ੀ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਾ ਕਰਨੀ ਸਰਕਾਰ ਦੀ ਨੀਅਤ ਨੂੰ ਦਰਸਾਉਂਦਾ ਹੈ। ਇਸ ਦੌਰਾਨ ਅੰਮ੍ਰਿਤਸਰ ਹਲਕਾ ਦੱਖਣੀ ਦੇ ਇੰਚਾਰਜ ਸ. ਤਲਬੀਰ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਭਗਵੰਤ ਮਾਨ ਸਰਕਾਰ ਦੀ ਕਰੜੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਘਟਨਾ ਲਈ ਸਿੱਧੇ ਤੌਰ ’ਤੇ ਜੁੰਮੇਵਾਰ ਹਨ, ਜਿਨ੍ਹਾਂ ਦੇ ਇਸ਼ਾਰੇ ’ਤੇ ਪੁਲਿਸ ਨੇ ਅਜਿਹੀ ਕਾਰਵਾਈ ਕੀਤੀ ਹੈ।
ਧਰਨੇ ਵਿਚ ਸ. ਅਮਰਬੀਰ ਸਿੰਘ ਢੋਟ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ, ਅਕਾਲੀ ਆਗੂ ਸ. ਅਵਤਾਰ ਸਿੰਘ ਟਰੱਕਾਂ ਵਾਲੇ, ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਮੈਨੇਜਰ ਸ. ਜਰਨੈਲ ਸਿੰਘ, ਸ. ਸਤਿੰਦਰਪਾਲ ਸਿੰਘ, ਸ. ਕੁਲਵੀਰ ਸਿੰਘ ਪੰਡੋਰੀ, ਰਾਣਾ ਪਲਵਿੰਦਰ ਸਿੰਘ, ਸ. ਹਰਜੀਤ ਸਿੰਘ ਬੱਧਣੀ ਕਲਾਂ, ਰਾਗੀ ਬਲਵਿੰਦਰ ਸਿੰਘ, ਭਾਈ ਸੁਰਿੰਦਰ ਸਿੰਘ, ਸ. ਮੰਨਾ ਸਿੰਘ, ਸ. ਬਲਵਿੰਦਰ ਸਿੰਘ ਰਾਜੋਕੇ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।