ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬੀ ਸੰਗੀਤ ਤੇ ਗਾਇਕੀ ਵਿੱਚ ਨਿਰਮਲ ਸਿੱਧੂ ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਨਿਰਮਲ ਸਿੱਧੂ ਦੀ ਆਵਾਜ ਦੀਆਂ ਬਾਲੀਵੁੱਡ ਤੱਕ ਧੁੰਮਾਂ ਪੈਣ ਦਾ ਸਿਹਰਾ, ਉਹਨਾਂ ਦੇ ਵਗਦੇ ਪਾਣੀ ਵਰਗੇ ਸੁਭਾਅ ਤੇ ਬਿਜੜੇ ਵਾਂਗ ਕੀਤੀ ਮਿਹਨਤ ਨੂੰ ਜਾਂਦਾ ਹੈ। ਉਹਨਾਂ ਦੀਆਂ ਸੰਗੀਤਕ ਖੇਤਰ ਵਿੱਚ 40 ਸਾਲ ਦੀਆਂ ਨਿਰੰਤਰ ਸੇਵਾਵਾਂ ਨੂੰ ਦੇਖਦਿਆਂ ਬਰਤਾਨੀਆ ਦੇ ਹੁਣ ਤੱਕ ਦੇ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਵੈਸਟਮਿੰਸਟਰ ਪੈਲੇਸ ਲੰਡਨ ਸਥਿਤ ਹੋਏ ਸਮਾਗਮ ਦੌਰਾਨ ਤਨਮਨਜੀਤ ਸਿੰਘ ਢੇਸੀ ਨੇ ਨਿਰਮਲ ਸਿੱਧੂ ਤੇ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਸਮੇਂ ਬੋਲਦਿਆਂ ਤਨਮਨਜੀਤ ਸਿੰਘ ਢੇਸੀ, ਵੈਟਰਨ ਵਾਲੀਬਾਲ ਖਿਡਾਰੀ ਤੇ ਮੀਡੀਆ ਕਰਮੀ ਅਜੈਬ ਸਿੰਘ ਗਰਚਾ, ਵੇਟ ਲਿਫਟਿੰਗ ਗੋਲਡ ਮੈਡਲਿਸਟ ਗਿਆਨ ਸਿੰਘ ਚੀਮਾ ਨੇ ਬੋਲਦਿਆਂ ਕਿਹਾ ਕਿ ਨਿਰਮਲ ਸਿੱਧੂ ਦੀਆਂ ਪ੍ਰਾਪਤੀਆਂ, ਮਿਹਨਤ ਅਤੇ ਜਨੂੰਨ ਅੱਗੇ ਸਿਰ ਝੁਕਦਾ ਹੈ। ਉਹਨਾਂ ਵੱਲੋਂ ਸ਼ੁਹਰਤ ਦੀ ਬੁਲੰਦੀ ਹਾਸਲ ਕਰਨ ਦੇ ਬਾਵਜੂਦ ਵੀ ਕਿਸੇ ਤਰ੍ਹਾਂ ਦੀ ਮੜਕ ਨੂੰ ਆਪਣੇ ਸੁਭਾਅ ਦਾ ਹਿੱਸਾ ਨਾ ਬਣਾਉਣਾ ਹੀ ਉਹਨਾਂ ਦੇ ਲੰਮੇ ਸਫਰ ਦੀ ਪੂੰਜੀ ਹੈ। ਉਹਨਾਂ ਕਿਹਾ ਕਿ ਬੇਸ਼ੱਕ ਨਿਰਮਲ ਸਿੱਧੂ ਮਾਣ ਸਨਮਾਨਾਂ ਤੋਂ ਬਹੁਤ ਉੱਚੇ ਹਨ ਪਰ ਫਿਰ ਵੀ ਉਹਨਾਂ ਨੂੰ ਇਹ ਸਨਮਾਨ ਦੇ ਕੇ ਖੁਦ ਮਾਣਮੱਤੇ ਮਹਿਸੂਸ ਕਰ ਰਹੇ ਹਾਂ। ਇਸ ਸਮੇਂ ਨਵ ਸਿੱਧੂ, ਫਤਿਹ ਪਾਲ, ਸੋਨੂੰ ਬਾਜਵਾ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਨਿਰਮਲ ਸਿੱਧੂ ਨੂੰ ਸਨਮਾਨ ਦੀ ਵਧਾਈ ਪੇਸ਼ ਕੀਤੀ। ਸਮਾਗਮ ਦੇ ਅਖੀਰ ‘ਚ ਨਿਰਮਲ ਸਿੱਧੂ ਨੇ ਬੋਲਦਿਆਂ ਕਿਹਾ ਕਿ ਕਿਸੇ ਕਲਾਕਾਰ ਲਈ ਉਹ ਦਿਨ ਬੇਹੱਦ ਅਹਿਮ ਹੁੰਦਾ ਹੈ, ਜਦੋਂ ਉਸ ਦੇ ਆਪਣੇ ਭੈਣ ਭਰਾ ਉਸਨੂੰ ਹਿੱਕ ਨਾਲ ਲਾ ਕੇ ਸ਼ਾਬਾਸ਼ ਦੇਣ। ਮੈਂ ਭਾਗਸ਼ਾਲੀ ਹਾਂ ਕਿ ਮੈਨੂੰ ਜਿਉਂਦੇ ਜੀਅ ਇਹ ਪਲ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਗਾਇਕ ਨਿਰਮਲ ਸਿੱਧੂ ਦਾ ਸੰਗੀਤਕ ਖੇਤਰ ‘ਚ 40 ਸਾਲ ਦੀਆਂ ਸੇਵਾਵਾਂ ਬਦਲੇ ਲੰਡਨ ‘ਚ ਸਨਮਾਨ
This entry was posted in ਅੰਤਰਰਾਸ਼ਟਰੀ.