ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਮੇਟੀ ਦੇ ਇਕ ਉਚ ਪੱਧਰੀ ਵਫਦ ਵੱਲੋਂ ਮੇਘਾਲਿਆ ਵਿਚ 500 ਸਿੱਖ ਪਰਿਵਾਰਾਂ ਦੇ ਉਜਾੜੇ ਦੇ ਮਾਮਲੇ ’ਤੇ ਅੱਜ ਮੇਘਾਲਿਆ ਤੇ ਦੋਵਾਂ ਉਪ ਮੁੱਖ ਮੰਤਰੀਆਂ ਦੀ ਅਗਵਾਈ ਵਾਲੇ ਵਫਦ ਨਾਲ ਮੇਘਾਲਿਆ ਦੇ ਸਰਕਾਰੀ ਸਕੱਤਰੇਤ ਵਿਚ ਮੀਟਿੰਗ ਕੀਤੀ ਗਈ ਤੇ ਸਿੱਖ ਪਰਿਵਾਰਾਂ ਦੇ ਉਜਾੜੇ ਨੂੰ ਰੋਕਣ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਮਗਰੋਂ ਜਾਣਕਾਰੀ ਦਿੰਦਿਆਂ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਉਹਨਾਂ ਦੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਤੇ ਗੁਰੂ ਤੇਗ ਬਹਾਦਰ ਇੰਸਟੀਚਿਊਟ ਦੇ ਚੇਅਰਮੈਨ ਸਰਦਾਰ ਗੁਰਦੀਪ ਸਿੰਘ ਭਾਟੀਆ ਤੇ ਸਥਾਨ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਜੀਤ ਸਿੰਘ ਸਿਲਾਂਗ ਵੀ ਅੱਜ ਸ਼ਿਲਾਂਗ ਦੇ ਸਰਕਾਰੀ ਸਕੱਤਰੇਤ ਵਿਚ ਹੋਈ ਮੀਟਿੰਗ ਵਿਚ ਹਾਜ਼ਰ ਸਨ ਜਿਸ ਵਿਚ ਮੇਘਾਲਿਆ ਸਰਕਾਰ ਵੱਲੋਂ ਉਪ ਮੁੱਖ ਮੰਤਰੀ ਸ੍ਰੀ ਐਸ. ਧਾਰ ਅਤੇ ਸ੍ਰੀ ਪੀ. ਤਯਨਸੋਂਗ ਹਾਜ਼ਰ ਸਨ ਤੇ ਹੋਰ ਉਚ ਅਧਿਕਾਰੀ ਹਾਜ਼ਰ ਸਨ।
ਉਹਨਾਂ ਦੱਸਿਆ ਕਿ 500 ਸਿੱਖ ਪਰਿਵਾਰਾਂ ਦਾ ਉਜਾੜਾ ਰੋਕਣ ਵਾਸਤੇ ਜਿਥੇ ਅਸੀਂ ਮੇਘਾਲਿਆ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੋਈ ਜਿਸ ’ਤੇ ਹਾਈ ਕੋਰਟ ਨੇ ਸਾਰੇ ਮਾਮਲੇ ’ਤੇ ਸਟੇਅ ਲਗਾਈ ਹੋਈ ਹੈ, ਉਥੇ ਹੀ ਅਸੀਂ ਮੇਘਾਲਿਆ ਸਰਕਾਰ ਦੇ ਨਾਲ ਗੱਲਬਾਤ ਰਾਹੀਂ ਵੀ ਮਸਲੇ ਦੇ ਹੱਲ ਵਾਸਤੇ ਯਤਨਸ਼ੀਲ ਹਾਂ। ਉਹਨਾਂ ਦੱਸਿਆ ਕਿ ਅਸੀਂ ਆਪਣੇ ਵੱਲੋਂ ਸਿੱਖ ਪਰਿਵਾਰਾਂ ਦਾ ਮਸਲਾ ਸਰਕਾਰ ਅੱਗੇ ਰੱਖਿਆ ਹੈ ਤੇ ਦੱਸਿਆ ਕਿ ਪਿਛਲੇ ਡੇਢ ਸੌ ਸਾਲਾਂ ਤੋਂ ਇਹ ਪਰਿਵਾਰ ਇਥੇ ਰਹਿ ਰਹੇ ਹਨ ਤੇ ਇਹਨਾਂ ਦੀ ਚੌਥੀ ਪੀੜੀ ਇਥੇ ਰਹਿ ਰਹੀ ਹੈ।
ਉਹਨਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਵੀ ਅਸੀਂ ਪਰਿਵਾਰਾਂ ਦੇ ਕੁਝ ਨੁਕਤੇ ਸਰਕਾਰੀ ਧਿਰ ਅੱਗੇ ਰੱਖੇ ਹਨ। ਉਹਨਾਂ ਕਿਹਾ ਕਿ ਅਸੀਂ ਯਤਨਸ਼ੀਲ ਹਾਂ ਕਿ ਗੱਲਬਾਤ ਰਾਹੀਂ ਮਸਲੇ ਦਾ ਹੱਲ ਨਿਕਲ ਆਵੇ ਪਰ ਜੇਕਰ ਗੱਲਬਾਤ ਰਾਹੀਂ ਹੱਲ ਨਹੀਂ ਨਿਕਲਦਾ ਤਾਂ ਅਸੀਂ ਅਦਾਲਤੀ ਰਸਤੇ 500 ਸਿੱਖ ਪਰਿਵਾਰਾਂ ਵਾਸਤੇ ਇਨਸਾਫ ਲੈਣ ਲਈ ਦ੍ਰਿੜ੍ਹ ਸੰਕਲਪ ਹਾਂ। ਉਹਨਾਂ ਦੱਸਿਆ ਕਿ ਅੱਜ ਦੀ ਮੀਟਿੰਗ ਬਹੁਤ ਚੰਗੇ ਮਾਹੌਲ ਵਿਚ ਹੋਈ ਹੈ।
ਸਰਦਾਰ ਕਾਹਲੋਂ ਨੇ ਮੁੜ ਦੁਹਰਾਇਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ 500 ਪਰਿਵਾਰਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਹੈ ਤੇ ਇਹਨਾਂ ਵਾਸਤੇ ਇਨਸਾਫ ਲੈਣ ਲਈ ਹਰ ਲੋੜੀਂਦਾ ਕਦਮ ਚੁੱਕੇਗੀ।