ਪਰਵਾਸੀ ਕਵੀ ਪ੍ਰਿੰਸੀਪਲ ਜੱਗਵਿੰਦਰ ਸਿੰਘ ਸਿੱਧੂ ਦਾ ਪਲੇਠਾ ਕਾਵਿ ਸੰਗ੍ਰਹਿ ਰੂਹੀ ਅਧਿਆਤਮਿਕਤਾ ਅਤੇ ਮੁਹੱਬਤ ਦਾ ਸੁਮੇਲ ਹੈ। ਕਵੀ ਆਪਣੇ ਵਿਚਾਰਾਂ ਨੂੰ ਅਧਿਆਤਮਿਕ ਰੰਗ ਵਿੱਚ ਰੰਗ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਪ੍ਰੰਤੂ ਉਸ ਦੀਆਂ ਸਾਰੀਆਂ ਖੁਲ੍ਹੀਆਂ ਕਵਿਤਾਵਾਂ ਰੂਹਾਨੀ ਮੁਹੱਬਤ ਦੇ ਆਲੇ ਦੁਆਲੇ ਘੁੰਮਦੀਆਂ ਹਨ। ਉਹ ਆਪਣੀ ਰੂਹਾਨੀ ਸੋਚ ਨੂੰ ਸੂਫ਼ੀ ਸ਼ਾਇਰਾਂ ਦੀ ਤਰ੍ਹਾਂ ਦੁਨਿਆਵੀ ਪਿਆਰ ਦੇ ਗਲੇਫ ਵਿੱਚ ਲਪੇਟਕੇ ਪੇਸ਼ ਕਰਦਾ ਹੈ। ਪਾਠਕ ਨੂੰ ਇਹ ਫ਼ੈਸਲਾ ਕਰਨਾ ਔਖਾ ਹੋ ਜਾਂਦਾ ਹੈ ਕਿ ਉਸ ਦੀ ਕਵਿਤਾ ਅਧਿਆਤਮਿਕ ਜਾਂ ਇਸ਼ਕ ਮੁਹੱਬਤ ਦੀ ਹੈ। ਉਸ ਦੀ ਕਵਿਤਾ ਦੇ ਦੋਹਰੇ ਅਰਥ ਨਿਕਲਦੇ ਹਨ। ਉਹ ਆਪਣੇ ਆਪ ਨੂੰ ਪਰਮਾਤਮਾ ਦਾ ਕੂਕਰ ਸਮਝਦਾ ਹੋਇਆ ਉਸ ਦੀ ਉਸਤਤ ਵਿੱਚ ਕਵਿਤਾਵਾਂ ਲਿਖਦਾ ਹੈ। ਰੂਹੀ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹਦਿਆਂ ਇਹ ਭੁਲੇਖਾ ਪੈਂਦਾ ਹੈ ਕਿ ਉਹ ਮੁਹੱਬਤ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਪ੍ਰੰਤੂ ਇਸ ਤਰ੍ਹਾਂ ਕਵਿਤਾਵਾਂ ਲਿਖਣਾ ਉਸ ਦੀ ਸ਼ੈਲੀ ਹੈ। ਰੂਹੀ ਸ਼ਬਦ ਨੂੰ ਉਹ ਆਪਣੀ ਰੂਹ ਦੇ ਸਿੰਬਲ ਦੇ ਤੌਰ ‘ਤੇ ਵਰਤਦਾ ਹੈ। ਲਗਪਗ ਸਾਰੀਆਂ ਕਵਿਤਾਵਾਂ ਹੀ ਪਰਮਾਤਮਾ ਦੀ ਪ੍ਰਾਪਤੀ ਲਈ ਅਰਜੋਈ ਕਰਦੀਆਂ ਹਨ। ਕਾਵਿ ਸੰਗ੍ਰਹਿ ਦੇ ਸਿਰਲੇਖ ਵਾਲੀ ਕਵਿਤਾ ਰੂਹੀ ਪੜ੍ਹਨ ਤੋਂ ਬਾਅਦ ਕਵੀ ਦੀ ਵਿਚਾਰਧਾਰਾ ਸ਼ਪਸ਼ਟ ਰੂਪ ਵਿੱਚ ਸਾਹਮਣੇ ਆ ਜਾਵੇਗੀ, ਉਹ ਲਿਖਦਾ ਹੈ:
ਰਿਹਾ ਯਾਰ ਬੁਲਾ, ਲੈ ਕੇ ਹੌਲੀ-ਹੌਲੀ ਨਾਂ। ਹੁਣ ਚਾਰੇ ਪਾਸੇ ਲੱਗੇ, ਤੂੰ ਹੀ ਤੂੰ ਹੀ ਹੈਂ।
ਜਿੰਦ ਨਹੀਂ ਮੇਰੀ ਜਿੰਦ, ਤੂੰ ਹੀ ਤੂੰ ਹੀ ਹੈਂ। ਕਦੇ ਧਨ, ਸੀਤਾ, ਕਦੇ ਨਾਮ ਰੂਹੀ ਹੈ।
ਇਹੋ ਜਿੰਦੜੀ ਤਾਂ ਘਰ, ਨੂੰ ਵਸਾਉਂਦੀ ਹੈ। ਇਹੋ ਜਿੰਦੜੀ ਹੀ ਰੱਬ, ਨੂੰ ਭਾਉਂਦੀ ਹੈ।
ਜਿੰਦੜੀ ਦੋਮੂੰਹੀਂ ਨਹੀਂ, ਇਹ ਇੱਕ ਮੂੰਹੀਂ ਹੈ।
ਘੜਾ ਦਿਓ ਪੰਜੇਬਾਂ ਰੱਬ ਜੀ! ਮੈਂ ਨੱਚਕੇ ਮਲੰਗ ਹੋ ਜਾਵਾਂ!
ਇੱਕ ਮਿੱਕ ਹੋ ਕੇ ਤੇਰੀ ਮੈਂ! ਤੇਰੇ ਅੰਗ ਸੰਗ ਹੋ ਜਾਵਾਂ!
ਯਾਰੀਆਂ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦੇ ਹਨ:
ਪੀਰ ਪੈਗੰਬਰ ਆਏ ਸੀ, ਗਏ ਉਹ ਸੱਚੀਆਂ ਸੁਣਾ ਕੇ।
ਇਸ਼ਕ ਤਾਂ ਯਾਰਾ ਇਬਾਦਤ ਹੈ, ਇਹੋ ਗਏ ਸਮਝਾ ਕੇ।
ਦਿਲ ਮੇਰਾ ਇਹ ਮੰਦਿਰ ਉਸਦਾ, ਯਾਰ ਦੀ ਪੂਜਾ ਹੋਵੇ॥
ਦੂਜੇ ਸਾਰੇ ਮੰਦਿਰ ਝੂਠੇ, ਜਿੱਥੇ ਸਭ ਜੱਗ ਰੋਵੇ।
ਮੰਦਿਰ ਢਾਵਣ ਦੇ। ‘ਜੱਗ’ ਨੂੰ ਭਾਵਣ ਦੇ।
ਇਸੇ ਕਵਿਤਾ ਵਿੱਚ ਉਹ ਲਿਖਦਾ ਹੈ:
ਬਣ ਜਾਵਾਂ ਮੈਂ ਯਾਰ ਦੀ ਕੰਜਰੀ, ਇੱਕੋ ਹੀ ਚਾਹ ਮੇਰੀ।
ਰਾਤ ਦਿਨੇ ਮੈਂ ਨੱਚਾਂ ਗਾਵਾਂ, ਜੇ ਲੱਗੇ ਵਾਹ ਮੇਰੀ।
ਝਾਂਜਰ ਪਾਵਣ ਦੇ। ਸਭ ਗ਼ਮ ਖਾਵਣ ਦੇ।
ਇਸ਼ਕ ਮੁਹੱਬਤਾਂ ਤਾਂ, ਰੋਮ ਰੋਮ ਹੁੰਦੇ ਨੇ।
ਆਸ਼ਿਕਾਂ ਦੇ ਦਿਲ ਰੱਬਾ, ਸ਼ੀਸ਼ੇ ਮੋਮ ਹੁੰਦੇ ਨੇ।
ਰੂਹੀ ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ‘ਆਤਮਾ’ ਪਰਮਾਤਮਾ ਦੀ ਉਸਤਤ ਵਿੱਚ ਹੈ। ਉਸ ਦੀਆਂ ਕਵਿਤਾਵਾਂ ਸਮਾਜਿਕ ਤਾਣੇ ਬਾਣੇ ਦੀਆਂ ਸਮੱਸਿਆਵਾਂ ਦਾ ਪ੍ਰਗਟਾਵਾ ਕਰਦੀਆਂ ਉਨ੍ਹਾਂ ਦੇ ਹਲ ਲਈ ਇੱਕੋ ਇੱਕ ਸਾਧਨ ਪਰਮ ਪਿਤਾ ਪਰਮਾਮਾ ਨੂੰ ਦਰਸਾਇਆ ਗਿਆ ਹੈ। ਕਵਿਤਾ ਦੇ ਵਿਸ਼ਿਆਂ ਵਿੱਚ ਹਓਮੈ, ਸਚਾਈ, ਰੁੱਖ, ਸਮਾਜਿਕ ਵਾਤਾਵਰਨ, ਦੇਸ਼ ਭਗਤੀ, ਤਕੜਿਆਂ ਦਾ ਸਤੀਂ ਵੀਹੀਂ ਸੌ, ਰੱਬ ਸਰਬ ਸ਼ਕਤੀਮਾਨ, ਬਿਰਹਾ, ਧੋਖਾ, ਮੁਹੱਬਤ ਭਰੂਣ ਹੱਤਿਆ, ਧਾਰਮਿਕ ਪਖੰਡ ਤੇ ਧਰਮ ਕਰਮ ਆਦਿ ਸ਼ਾਮਲ ਹਨ। ਸ਼ਾਇਰ ਲਿਖਦਾ ਹੈ ਕਿ ਪਰਮਾਤਮਾ ਇੱਕ ਹੈ, ਭਾਵੇਂ ਵੱਖਰੇ-ਵੱਖਰੇ ਧਰਮ ਹਨ, ਨਿਸ਼ਾਨਾ ਇੱਕੋ ਹੈ ਪ੍ਰੰਤੂ ਕੁਝ ਧਾਰਮਿਕ ਲੋਕ ਪਖੰਡ ਕਰਦੇ ਹਨ। ਲਗਪਗ ਇੱਕ ਦਰਜਨ ਕਵਿਤਾਵਾਂ ਵਿੱਚ ਧਾਰਮਿਕ ਕੱਟੜਤਾ ਬਾਰੇ ਜ਼ਿਕਰ ਕੀਤਾ ਗਿਆ ਹੈ। ਸ਼ਾਇਰ ਆਪਣੀਆਂ ਕਵਿਤਾਵਾਂ ਵਿੱਚ ਲੋਕਾਂ ਨੂੰ ਸਲਾਹ ਦਿੰਦਾ ਹੈ ਕਿ ਉਹ ਚੰਗੀਆਂ ਨੀਤਾਂ ਨਾਲ ਸਮਾਜ ਵਿੱਚ ਵਿਚਰਣ ਦੀ ਕੋਸ਼ਿਸ਼ ਕਰਨ। ਉਹ ਅੱਗੋਂ ਕਹਿੰਦੇ ਹਨ ਕਿ ਮਨੁੱਖਾ ਜਨਮ ਮਿਲਿਆ ਇਸ ਦੀ ਸਹੀ ਵਰਤੋਂ ਕੀਤੀ ਜਾਵੇ। ਬਚਪਨ ਤੋਂ ਲੈ ਕੇ ਜਿਹੜੇ ਲੋਕ ਮਿਹਨਤ ਪੜਾਅਵਾਰ ਕਰਦੇ ਰਹਿੰਦੇ ਹਨ, ਉਹ ਇੱਕ ਨਾ ਇੱਕ ਦਿਨ ਬੁਲੰਦੀਆਂ ਤੇ ਪਹੁੰਚਦੇ ਹਨ। ਭਾਵੇਂ ਸਾਰੇ ਇਨਸਾਨ ਸੰਤੁਸ਼ਟ ਨਹੀਂ ਹੋ ਸਕਦੇ ਪ੍ਰੰਤੂ ਮਿਹਨਤ ਜ਼ਰੂਰ ਰੰਗ ਲਿਆਉਂਦੀ ਹੈ। ਉਨ੍ਹਾਂ ਬਲਾਤਕਾਰਾਂ ਅਤੇ ਭਰੂਣ ਹੱਤਿਆ ਦੀ ਨਿੰਦਿਆ ਵੀ ਕੀਤੀ ਹੈ। ਇਸਤਰੀਆਂ ਨਾਲ ਸਮਾਜ ਦੇ ਵਰਤਾਰੇ ਬਾਰੇ ਦੋ ਦਰਜਨ ਕਵਿਤਾਵਾਂ ਵਿੱਚ ਵਰਣਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਔਰਤਾਂ ਨੂੰ ਚੰਗਾ ਕਿਰਦਾਰ ਬਣਾ ਕੇ ਰੱਖਣ ਦੀ ਤਾਕੀਦ ਵੀ ਕਰਦਾ ਹੈ। ਕਿਉਂਕਿ ਅਲ੍ਹੜ੍ਹ ਉਮਰ ਵਿੱਚ ਕੁਝ ਨੌਜਵਾਨ ਕੁੜੀਆਂ ਗ਼ਲਤ ਰਸਤੇ ਪੈ ਜਾਂਦੀਆਂ ਹਨ। ਔਰਤ ਹੁਣ ਆਜ਼ਾਦ ਹੈ, ਦਾਸੀ ਵਾਲੀਆਂ ਰੁਚੀਆਂ ਤੋਂ ਖਹਿੜਾ ਛੁਡਾ ਲੈਣਾ ਜ਼ਰੂਰੀ ਹੈ। ‘ਕੁੜੀ ਖਿਆਲਾਂ ਦੀ’! ਵਿੱਚ ਕਵੀ ਲਿਖਦਾ ਹੈ:
ਰੱਬ ਨੇ ਮੈਨੂੰ, ਮੱਚਣ ਦੇ ਲਈ, ਕਲਯੁਗ ਜੰਮਿਆ ਏ,
ਕੀ ਪਈ ਏ, ਤੈਨੂੰ ਪਰ ਨੀ, ਮੇਰਿਆਂ ਹਾਲਾਂ ਦੀ?
ਕਵੀ ਨੇ ਕਈ ਕਵਿਤਾਵਾਂ ਵਿੱਚ ਹਓਮੈ ਦੀ ਨਿੰਦਿਆ ਕੀਤੀ ਹੈ। ਇਸ ਨਈ ਉਹ ਹੰਕਾਰ ਨੂੰ ਵੀ ਤਿਆਗਣ ਦੀ ਪ੍ਰੇਰਨਾ ਕਰਦਾ ਹੈ। ਸੰਸਾਰ ਲੋਭ, ਲਾਲਚ ਤੇ ਮਾਇਆ ਦੇ ਚਕਰ ਵਿੱਚ ਜੀਵਨ ਅਜਾਈਂ ਗੁਆ ਰਿਹਾ ਹੈ। ਸ਼ੁਭ ਅਮਲਾਂ ਨਾਲ ਜੀਵਨ ਸਫਲ ਹੁੰਦਾ ਹੈ। ‘ਅਨਹਦ’ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲਿਖਦਾ ਹੈ:
ਕਾਮ, ਕਰੋਧ ਤੇ ਲੋਭ ਵੇ ਯਾਰਾ। ਮੈਨੂੰ ਮਾਰਿਆ ਮੋਹ ਹੰਕਾਰਾਂ ਨੇ।
ਜੱਗ ਸਾਰਾ ਪੁੱਠਾ ਦਿਸਦਾ। ਮੂੰਹ ਕਾਲੇ ਲੇਖ ਹੀ ਲਿਖਦਾ ਏ।
ਦੱਸ ਕਿਵੇਂ ਮੈਂ ਚੁੱਪ ਕਰਾਵਾਂ? ਕੰਨਾਂ ਵਿੱਚ ਵਜਦੀਆਂ ਫੂਕਾਂ ਨੂੰ।
ਇਸੇ ਤਰ੍ਹਾਂ ‘ਅਰਜ਼’ ਸਿਰਲੇਖ ਵਾਲੀ ਕਵਿਤਾ ਵਿੱਚ ਇਕ ਹੋਰ ਸ਼ਿਅਰ ਹੈ:
ਕਾਮ ‘ਚ ਫਸਕੇ, ਕਿਵੇਂ ਧਰਮ ਨਿਭਾਵਾਂ?
ਜਦ ਲੋਭਾਂ ਦੇ, ਵਿੱਚ ਖੁੱਭ ਮੈਂ ਜਾਵਾਂ?
ਮਜਾਜਣੇ ਕਵਿਤਾ ਵਿੱਚ ਕਵੀ ਲਿਖਦੈ:
ਭੁੱਲ ਨਾ ਤੂੰ ਉਹਨੂੰ ਉਹੀ, ਲੈ ਕੇ ਤੈਨੂੰ ਜਾਏਗਾ।
ਹਉਂਮੈ ਦੀ ਕੈਦ ਵਿੱਚੋਂ, ਤੈਨੂੰ ਛਡਾਏਗਾ।
ਨਾ ਸੱਜੇ ਖੱਬੇ ਦੇਖ ਜੇ ਤੂੰ, ਉਹਨੂੰ ਧਿਆਉਂਦੀ ਏਂ।
ਮਨੋਂ ਕੱਢ ਖਾਰ। ਉਏ ਛੱਡ ਹੰਕਾਰ।
ਕਰ ਸੰਤੋਖ ਰੁੱਖੀ-ਮਿੱਸੀ ਸੰਗ ਸਾਰ।
ਸ਼ਾਇਰ ਲੋਕਾਈ ਨੂੰ ਗੁਰੂਆਂ ਦੀ ਬਾਣੀ ਨੂੰ ਗਾਡੀ ਰਾਹ ਬਣਾਕੇ ਜੀਵਨ ਜਿਓਣ ਦੀ ਪ੍ਰੇਰਨਾ ਦਿੰਦਾ ਹੋਇਆ ਕਹਿੰਦਾ ਹੈ ਕਿ ਜਿਹੋ ਜਿਹਾ ਇਨਸਾਨ ਕੰਮ ਕਰੇਗਾ ਉਸ ਦਾ ਫਲ ਉਹੋ ਜਿਹਾ ਹੀ ਮਿਲੇਗਾ। ‘ਭਾਗ’ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲਿਖਦਾ ਹੈ:
ਕਿੱਕਰਾਂ ‘ਤੇ ਅੱਕ ਬੀਜ, ਦਾਖਾਂ ਫਿਰਾਂ ਲੱਭਦਾ।
ਜੜ੍ਹਾਂ ਵਿੱਚ ਦਾਤੀ ਮਾਰ, ਭਲਾ ਮੈਂ ਮੰਗਾਂ ਸਭਦਾ!
ਕਿਹੋ ਜਿਹਾ ਮਾਲੀ ਮੈਂ? ਕਿੱਦਾਂ ਦਾ ਮੇਰਾ ਬਾਗ ਹੈ?
ਕਵੀ ਦੀ ਲਗਪਗ ਹਰ ਕਵਿਤਾ ਪਰਮਾਤਮਾ ਦੀ ਦੀ ਰਜਾ ਵਿੱਚ ਚਲਣ ਦੀ ਤਾਕੀਦ ਕਰਦੀ ਹੈ। ਇਸ ਲਈ ਕਵੀ ਆਪਣੀਆਂ ਕਵਿਤਾਵਾਂ ਵਿੱਚ ਸੱਚ ਬੋਲਣ, ਸਰਬਤ ਦਾ ਭਲਾ ਕਰਨ, ਨਮ੍ਰਤਾ ਦਾ ਪੱਲਾ ਫੜਨ, ਮਿੱਠੀ ਬੋਲੀ ਬੋਲਣ, ਆਪਣੀ ਪਰਿਵਾਰਿਕ ਵਿਰਾਸਤ ਤੇ ਪਹਿਰਾ ਦੇਣ, ਦੋਸਤਾਂ ਦਾ ਸਾਥ ਮਾਨਣ, ਫੋਕੀ ਟੌਹਰ ਕਰਨ ਤੇ ਚਮਚਾਗਿਰੀ ਦੀ ਮਨਾਹੀ ਕਰਨ, ਗ਼ਰੀਬਾਂ ਦੀ ਬਾਂਹ ਫੜਨ ਤੇ ਕਿਰਤ ਕਰਨ ਦੀ ਪ੍ਰੇਰਨਾ ਦਿੰਦਾ ਹੈ। ਵਿਰਾਸਤੀ ਰਸਮ ਰਿਵਾਜਾਂ,ਵਸਤਾਂ ਅਤੇ ਕਦਰਾਂ ਕੀਮਤਾਂ ਦੇ ਅਲੋਪ ਹੋਣ ਦਾ ਹੰਦੇਸ਼ਾ ਪ੍ਰਗਟ ਕਰਦਾ ਹੋਇਆ ਮੇਰੇ ਦਿਲਾ! ਕਵਿਤਾ ਵਿੱਚ ਲਿਖਦਾ ਹੈ:
ਯਾਰ ਵੀ ਨਾ ਰਹੇ ਹੁਣ, ਨਾ ਹੀ ਰਹੇ ਮੇਲੇ ਵੇ। ਯਾਦ ਕਰ ਯਾਦਾਂ ਹੁੰਦੇ, ਖੜ੍ਹੇ ਕੰਡੇ ਲੂੰ ਵੇ।
ਥਾਲੀਆਂ ਨਾ ਰਹੀਆਂ ਹੁਣ! ਨਾ ਹੀ ਕਟੋਰੇ ਵੇ।ਅਜੇ ਵੀ ਸਵਾਦ ਮੂੰਹੀਂ! ਜੋ ਵੀ ਲੱਗੇ ਮੂੰਹ ਵੇ।
ਪਰਵਾਸ ਦੀ ਜਦੋਜਹਿਦ ਅਤੇ ਪਿਛੇ ਰਹਿ ਗਏ ਪਰਿਵਾਰਾਂ ਦੇ ਸੰਤਾਪ ਬਾਰੇ ਵੀ ਆਪਣੀਆਂ ਕਵਿਤਾਵਾਂ ਵਿੱਚ ਕਵੀ ਲਿਖਦਾ ਹੈ:
ਤੂੰ ਜਾਣਾ ਪਰਦੇਸ, ਉਡੀਕਾਂ ਲੰਬੀਆਂ ਨੇ। ਨਾ ਜਾਈਂ ਸੰਜਣਾ ਦੂਰ, ਵੇ ਰੂਹਾਂ ਕੰਬੀਆਂ ਨੇ।
ਮੰਗਾਂ, ਰੀਝਾਂ, ਮਨ ਦੀਆਂ ਸੱਧਰਾਂ ਕੱਚੀਆਂ ਨੇ, ਲਾਹ ‘ਤੇ ਇਨ੍ਹਾਂ ਦੇ ਖੋਪੜ, ਬਿਰਹੋਂ ਰੰਬੀਆਂ ਨੇ।
ਪ੍ਰਿੰਸੀ.ਜੱਗਵਿੰਦਰ ਸਿੰਘ ਦੇ ਇਸ ਪਲੇਠੇ ਕਾਵਿ ਸੰਗ੍ਰਹਿ ਦੀਆਂ ਸ਼ੁਭ ਕਾਮਨਾਵਾਂ, ਉਮੀਦ ਕਰਦਾ ਹਾਂ ਕਿ ਭਵਿਖ ਵਿੱਚ ਉਹ ਕਵਿਤਾ ਦੇ ਮਾਪ ਦੰਡਾਂ ਅਨੁਸਾਰ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕਰਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ।
94 ਪੰਨਿਆਂ, 150 ਰੁਪਏ ਕੀਮਤ ਵਾਲਾ ਕਾਵਿ ਸੰਗ੍ਰਹਿ ਅਜੀਬ ਕਿਤਾਬ ਘਰ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।