ਮਹੀਨੇ ਵਿੱਚ ਜੇਕਰ ਆਸਮਾਨ ਸਾਫ ਹੋਵੇ ਤਾਂ ਲਗਭਗ ਇੱਕ ਦਿਨ ਅਜਿਹਾ ਹੁੰਦਾ ਹੈ ਜਿਸ ਦਿਨ ਸਾਨੂੰ ਚੰਦਰਮਾ ਦਿਖਾਈ ਨਹੀਂ ਦਿੰਦਾ। ਜੇ ਧਿਆਨ ਨਾਲ ਵੇਖੀਏ ਤਾਂ ਚੰਦਰਮਾ ਦੀ ਤਸਵੀਰ (ਅਸਲ ਵਿੱਚ ਸਥਿਤੀ) ਰੋਜ਼ ਬਦਲਦੀ ਰਹਿੰਦੀ ਹੈ। ਕਦੇ ਸਾਨੂੰ ਚੰਦਰਮਾ ਪੂਰਾ ਦਿਖਾਈ ਦਿੰਦਾ ਹੈ, ਕਦੇ ਅੱਧਾ ਦਿਖਾਈ ਦਿੰਦਾ ਹੈ, ਕਦੇ ਅੱਧੇ ਤੋਂ ਵੀ ਘੱਟ ਦਿਖਾਈ ਦਿੰਦਾ ਹੈ ਅਤੇ ਕਦੇ ਅੱਧੇ ਤੋਂ ਵੱਧ ਦਿਖਾਈ ਦਿੰਦਾ ਹੈ। ਜਿਸ ਦਿਨ ਅਸੀਂ ਇਸ ਨੂੰ ਦੇਖਦੇ ਹਾਂ ਉਸ ਤੋਂ ਅਗਲੇ ਦਿਨ ਇਹ ਥੋੜਾ ਜਿਹਾ ਵਧਿਆ ਜਾਂ ਘਟਿਆ ਹੋਇਆ ਦਿਸਦਾ ਹੈ। ਮੱਸਿਆ ਵਾਲੇ ਦਿਨ ਚੰਦਰਮਾ ਸਾਨੂੰ ਦਿਖਾਈ ਨਹੀਂ ਦਿੰਦਾ। ਜਦਕਿ ਪੁੰਨਿਆਂ ਵਾਲੇ ਦਿਨ ਇਹ ਪੂਰਾ ਚਮਕਦਾਰ ਦਿਖਾਈ ਦਿੰਦਾ ਹੈ। ਅਜਿਹਾ ਕਿਉਂ ਹੁੰਦਾ ਹੈ?
ਇਹ ਵਰਤਾਰੇ ਨੂੰ ਜਾਨਣ ਜਾਂ ਸਮਝਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਆਖਰ ਸਾਨੂੰ ਕੋਈ ਚੀਜ਼ ਦਿਖਾਈ ਕਿਵੇਂ ਦਿੰਦੀ ਹੈ। ਅਸਲ ਵਿੱਚ ਕਿਸੇ ਪ੍ਰਕਾਸ਼ ਦੇ ਸਰੋਤ ਤੋਂ ਪ੍ਰਕਾਸ਼ ਜਿਸ ਵਸਤੂ ਤੇ ਪੈਂਦਾ ਹੈ ਤੇ ਉਸ ਤੋਂ ਟਕਰਾ ਕੇ (ਪਰਾਵਰਤਿਤ ਹੋ ਕੇ) ਸਾਡੀਆਂ ਅੱਖਾਂ ਵਿੱਚ ਆਉਂਦਾ ਹੈ। ਜੇਕਰ ਪ੍ਰਕਾਸ਼ ਟਕਰਾਉਣ ਤੋਂ ਬਾਅਦ ਸਾਡੀਆਂ ਅੱਖਾਂ ਵਿੱਚ ਪਹੁੰਚ ਜਾਂਦਾ ਹੈ ਤਾਂ ਸਾਨੂੰ ਵਸਤੂ ਦਿਖਾਈ ਦੇ ਜਾਂਦੀ ਹੈ। ਜੇਕਰ ਪਰਾਵਰਤਿਤ ਹੋਣ ਤੋਂ ਬਾਅਦ ਕਿਸੇ ਕਾਰਨ ਪ੍ਰਕਾਸ਼ ਸਾਡੀ ਅੱਖ ਵਿੱਚ ਨਹੀਂ ਅਪੜਦਾ ਤਾਂ ਵਸਤੂ ਸਾਨੂੰ ਦਿਖਾਈ ਨਹੀਂ ਦਿੰਦੀ। ਤੁਹਾਨੂੰ ਤੁਹਾਡਾ ਮੋਟਰਸਾਈਕਲ ਇਸ ਲਈ ਦਿਖਾਈ ਦਿੰਦਾ ਹੈ ਕਿ ਸੂਰਜ ਜਾਂ ਕਿਸੇ ਹੋਰ ਪ੍ਰਕਾਸ਼ ਦੇ ਸਰੋਤ ਤੋਂ ਪ੍ਰਕਾਸ਼ ਉਸ ਤੇ ਆ ਕੇ ਪੈਂਦਾ ਹੈ ਭਾਵ ਟਕਰਾਉਂਦਾ ਹੈ ਅਤੇ ਪਰਾਵਰਤਿਤ ਹੋ ਕੇ ਸਾਡੀਆਂ ਅੱਖਾਂ ਵਿੱਚ ਦਾਖਲ ਹੁੰਦਾ ਹੈ। ਜੇਕਰ ਤੁਸੀਂ ਦੂਜੇ ਪਾਸੇ ਵੱਲ ਮੂੰਹ ਕਰ ਲਓ ਤਾਂ ਇਹ ਪ੍ਰਕਾਸ਼ ਤੁਹਾਡੀਆਂ ਅੱਖਾਂ ਵਿੱਚ ਦਾਖਲ ਨਹੀਂ ਹੋ ਸਕੇਗਾ ਤੇ ਤੁਹਾਨੂੰ ਮੋਟਰਸਾਈਕਲ ਦਿਖਾਈ ਨਹੀਂ ਦੇਵੇਗਾ। ਅਜਿਹਾ ਕੁਝ ਹੀ ਚੰਦਰਮਾ ਦੀ ਸਥਿਤੀ ਦੇ ਨਾਲ ਵੀ ਹੈ।
ਜਿਸ ਤਰ੍ਹਾਂ ਸੂਰਜ ਦਾ ਪ੍ਰਕਾਸ਼ ਸਾਡੀ ਧਰਤੀ ਤੇ ਪਹੁੰਚਦਾ ਹੈ ਉਸੇ ਤਰ੍ਹਾਂ ਇਸੇ ਸੂਰਜ ਦੀ ਧੁੱਪ ਚੰਦਰਮਾ ਤੇ ਵੀ ਪਹੁੰਚਦੀ ਹੈ। ਜਦੋਂ ਸੂਰਜ ਦਾ ਪ੍ਰਕਾਸ਼ ਚੰਦਰਮਾ ਤੇ ਪੈਂਦਾ ਹੈ ਅਤੇ ਜਿੰਨੇ ਭਾਗ ਤੋਂ ਪਰਾਵਰਤਿਤ ਹੋ ਕੇ ਪ੍ਰਕਾਸ਼ ਸਾਡੀਆਂ ਅੱਖਾਂ ਤੱਕ ਅਪੜਦਾ ਹੈ ਉਹਨਾਂ ਭਾਗ (ਚਾਨਣ) ਹੀ ਸਾਨੂੰ ਦਿਖਾਈ ਦਿੰਦਾ ਹੈ। ਚੰਦਰਮਾ ਦੇ ਘੁੰਮਣ ਦੇ ਹਿਸਾਬ ਦੇ ਨਾਲ ਇਸ ਦਾ ਇਸ ਧੁੱਪ ਵਾਲਾ ਜਿੰਨਾ ਭਾਗ ਧਰਤੀ ਤੇ ਦਿਖਾਈ ਦਿੰਦਾ ਹੈ। ਉਹੋ ਜਿਹੀ ਹੀ ਇਸ ਦੀ ਸ਼ਕਲ ਸਾਨੂੰ ਦਿਖਾਈ ਦਿੰਦੀ ਹੈ। ਇਸ ਨੂੰ ਚੰਦਰਕਲਾ ਜਾਂ ਚੰਦਰਮਾ ਦੇ ਪੜਾਅ ਕਿਹਾ ਜਾਂਦਾ ਹੈ। ਹੋਰ ਤਰੀਕੇ ਨਾਲ ਸਮਝੋ। ਚੰਦਰਮਾ, ਸੂਰਜ ਅਤੇ ਧਰਤੀ ਦੀਆਂ ਇੱਕ ਦੂਜੇ ਦੇ ਹਿਸਾਬ ਨਾਲ ਸਥਿਤੀਆਂ ਵਿੱਚ ਬਦਲਾਓ ਕਾਰਨ, ਧਰਤੀ ਤੋਂ ਦਿਖਾਈ ਦੇਣ ਵਾਲੇ ਚੰਦਰਮਾ ਦੇ ਰੋਸ਼ਨ (ਪ੍ਰਕਾਸ਼ ਵਾਲੇ) ਹਿੱਸੇ ਦਾ ਆਕਾਰ ਮੱਸਿਆ ਤੋਂ ਪੁੰਨਿਆ ਤੱਕ ਹੌਲੀ-ਹੌਲੀ ਵਧਦਾ ਹੈ ਅਤੇ ਪੁੰਨਿਆ ਤੋਂ ਬਾਅਦ ਮੱਸਿਆ ਤੱਕ ਹੌਲੀ-ਹੌਲੀ ਘਟਦਾ ਹੈ। ਜਦੋਂ ਚੰਦਰਮਾ ਦੀ ਸਥਿਤੀ ਧਰਤੀ ਅਤੇ ਸੂਰਜ ਦੇ ਵਿਚਕਾਰ ਹੁੰਦੀ ਹੈ, ਤਾਂ ਚੰਦਰਮਾ ਦਾ ਸਿਰਫ ਹਨੇਰਾ ਹਿੱਸਾ ਹੀ ਧਰਤੀ ਦੇ ਸਾਹਮਣੇ ਹੁੰਦਾ ਹੈ, ਜਿਸ ਕਾਰਨ ਚੰਦਰਮਾ ਰਾਤ ਨੂੰ ਦਿਖਾਈ ਨਹੀ ਦਿੰਦਾ। ਇਸ ਰਾਤ ਨੂੰ ਧਰਤੀ ਤੇ ਅਸੀਂ ਮੱਸਿਆ ਆਖਦੇ ਹਾਂ। ਇਸ ਤੋਂ ਬਾਅਦ ਚੰਦਰਮਾ ਆਪਣੇ ਰਸਤੇ (ਚੱਕਰ) ਵਿੱਚ ਅੱਗੇ ਵਧਦਾ ਹੈ ਅਤੇ ਦੂਜੀ ਰਾਤ ਨੂੰ ਨਵਾਂ ਚੰਦ ਦਿਖਾਈ ਦਿੰਦਾ ਹੈ, ਛੋਟਾ ਜਿਹਾ। ਜਿਸ ਤੋਂ ਬਾਅਦ ਚੰਦਰਮਾ ਦਾ ਰੋਸ਼ਨੀ ਵਾਲਾ ਹਿੱਸਾ ਹਰ ਰਾਤ ਥੋੜਾ-ਥੋੜਾ ਵਧਦਾ ਜਾਂਦਾ ਹੈ। ਚੌਥੀ ਰਾਤ ਨੂੰ, ਜਦੋਂ ਚੰਦਰਮਾ ਆਪਣੇ ਚੱਕਰ (ਪਰਿਕਰਮਾ) ਦਾ ਅੱਠਵਾਂ ਹਿੱਸਾ ਪੂਰਾ ਕਰਦਾ ਹੈ, ਇਹ ਦਾਤਰੀ (ਕ੍ਰੇਸੈਂਟ) ਵਰਗੀ ਸ਼ਕਲ ਦਾ ਦਿਖਾਈ ਦੇਣ ਕਾਰਨ ਦਾਤਰੀ ਚੰਨ ਅਖਵਾਉਂਦਾ ਹੈ। ਸਪਤਮੀ-ਅਸ਼ਟਮੀ (ਸੱਤੇ-ਅੱਠੇ) ਨੂੰ ਚੰਦਰਮਾ ਆਪਣੇ ਚੱਕਰ ਦਾ ਚੌਥਾ ਹਿੱਸਾ ਪੂਰਾ ਕਰਨ ਕਰਕੇ ਅੱਧਾ ਦਿਖਾਈ ਦਿੰਦਾ ਹੈ। ਇਸਨੂੰ ਅੱਧਾ ਚੰਦ ਕਿਹਾ ਜਾਂਦਾ ਹੈ। ਇਕਾਦਸ਼ੀ-ਬਾਰਹਵੀ ਨੂੰ ਇਹ ਆਪਣਾ ਪੋਣਾ ਕੁ ਚੱਕਰ ਪੂਰਾ ਕਰਕੇ ਪੋਣਾ ਦਿਖਾਈ ਦੇਣ ਲੱਗ ਜਾਂਦਾ ਹੈ। ਇਸ ਨੂੰ ਗਿੱਬਸ ਚੰਦਰਮਾ ਕਿਹਾ ਜਾਂਦਾ ਹੈ। ਲਗਭਗ 15ਵੇਂ ਦਿਨ, ਧਰਤੀ ਚੰਦਰਮਾ ਅਤੇ ਸੂਰਜ ਦੇ ਵਿਚਕਾਰ ਹੁੰਦੀ ਹੈ ਜਿਸ ਕਾਰਨ ਚੰਦਰਮਾ ਦਾ ਪੂਰਾ ਦਿਖਾਈ ਦੇਣ ਲੱਗ ਜਾਂਦਾ ਹੈ ਇਹ ਪੁੰਨਿਆ ਦਾ ਦਿਹਾੜਾ ਹੁੰਦਾ ਹੈ।
ਧਰਤੀ ਅਤੇ ਸੂਰਜ ਦੇ ਹਿਸਾਬ ਨਾਲ ਇਸ ਵੱਲੋਂ ਆਪਣੀ ਸਥਿਤੀ ਬਦਲਣ ਦੇ ਕਾਰਨ ਅਤੇ ਇਸ ਉੱਤੇ ਪੈਰ ਹੀ ਪ੍ਰਕਾਸ਼ ਨੂੰ ਪਰਾਵਰਤਿਤ ਕਰਨ ਦੇ ਕਾਰਨ ਹੀ ਇਹ ਸਾਨੂੰ ਵੱਡਾ-ਛੋਟਾ, ਵਧਦਾ-ਘਟਦਾ ਦਿਖਾਈ ਦਿੰਦਾ ਹੈ।