ਬਚਨ ਸਿੰਘ ਗੁਰਮ ਦਾ ਕਾਇਨਾਤ ਕਾਵਿ ਸੰਗ੍ਰਹਿ ਲੋਕ ਹਿਤਾਂ ਦਾ ਪਹਿਰੇਦਾਰ : ਉਜਾਗਰ ਸਿੰਘ

IMG_1852.resizedਕਾਇਨਾਤ ਬਚਨ ਸਿੰਘ ਗੁਰਮ ਦਾ ਦੂਜਾ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦਾ ‘ਦੇਖਿਆ-ਪਰਖਿਆ’ ਕਾਵਿ ਸੰਗ੍ਰਹਿ (2015) ਅਤੇ ਤਿੰਨ ਸਾਂਝੇ ਕਾਵਿ ਸੰਗ੍ਰਹਿ ਤੇ ਇਕ ਸਾਂਝਾ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ਕਾਇਨਾਤ ਕਾਵਿ ਸੰਗ੍ਰਹਿ ਵਿੱਚ 70 ਕਵਿਤਾਵਾਂ ਹਨ। ਇਹ ਕਾਵਿ ਸੰਗ੍ਰਹਿ ਪੜ੍ਹਨ ਤੋਂ ਬਾਅਦ ਮਹਿਸੂਸ ਹੁੰਦਾ ਹੈ ਕਿ ਬਚਨ ਸਿੰਘ ਗੁਰਮ ਲੋਕਾਈ ਦੇ ਹਿੱਤਾਂ ‘ਤੇ ਪਹਿਰਾ ਦੇਣ ਵਾਲਾ ਸ਼ਾਇਰ ਹੈ। ਉਸ ਦੀ ਕਵਿਤਾ ਵਰਤਮਾਨ ਪ੍ਰਬੰਧਕੀ ਪ੍ਰਣਾਲੀ ਦਾ ਬੇਬਾਕੀ ਨਾਲ ਵਿਰੋਧ ਕਰਦੀ ਹੈ। ਉਹ ਲੋਕ ਸ਼ਕਤੀ ਦਾ ਮੁੱਦਈ ਬਣਕੇ ਨਿਭਦਾ ਹੈ। ਉਸ ਦੀਆਂ ਬਹੁਤੀਆਂ ਕਵਿਤਾਵਾਂ ਧਾਰਮਿਕ ਕੱਟੜਤਾ, ਪਖੰਡਵਾਦ, ਰਾਜਨੀਤਕ ਦੁਰਾਚਾਰ ਅਤੇ ਵਹਿਮਾ ਭਰਮਾ ਦਾ ਵਿਰੋਧ ਕਰਦੀਆਂ ਹੋਈਆਂ ਇਨਸਾਫ਼ ਅਤੇ ਹੱਕ ਸੱਚ ‘ਤੇ ਪਹਿਰਾ ਦਿੰਦੀਆਂ ਹਨ। ਬਚਨ ਸਿੰਘ ਗੁਰਮ ਆਪਣੀਆਂ ਕਵਿਤਾਵਾਂ ਸੰਬੋਧਨੀ ਢੰਗ ਨਾਲ ਲਿਖਦਾ ਹੋਇਆ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਖਿਲਾਫ਼ ਜਾਗਰੂਕ ਕਰਨ ਦਾ ਕੰਮ ਕਰਦਾ ਹੈ। ਭਾਵ ਸਾਰੀਆਂ ਕਵਿਤਾਵਾਂ ਲੋਕਾਂ ਵਿੱਚ ਰੋਹ ਤੇ ਜੋਸ਼ ਪੈਦਾ ਕਰਕੇ ਪ੍ਰੇਰਨਾਦਾਇਕ ਬਣਦੀਆਂ ਹਨ। ਮਨੁਖਤਾ ਦੀ ਮਾਨਸਿਕਤਾ ਦਾ ਚਿਤਰਣ ਕਰਦੀਆਂ ਹਨ। ਇਨਸਾਨ ਆਪੋ ਆਪਣੇ ਮਨਾਂ ਵਿੱਚ ਕਿਹੋ ਜਿਹੀਆਂ ਗੱਲਾਂ ਚਿਤਰਦਾ ਹੈ ਤੇ ਉਨ੍ਹਾਂ ਦੀ ਪੂਰਤੀ ਲਈ ਜਿਹੜੇ ਢੰਗ ਵਰਤਦਾ ਹੈ, ਇਹ ਕਵਿਤਾਵਾਂ ਉਨ੍ਹਾਂ ਢੰਗਾਂ ਤੋਂ ਵਰਜਦੀਆਂ ਹਨ। ਸ਼ਾਇਰ ਦੀਆਂ ਕਵਿਤਾਵਾਂ ਬਹੁ-ਰੰਗੀ ਤੇ ਬਹੁ-ਪੱਖੀ ਹਨ। ਕਵਿਤਾਵਾਂ ਵਿੱਚ ਜੀਵਨ ਦੇ ਸਾਰੇ ਰੰਗ ਦਿ੍ਰਸ਼ਟਾਂਤਕ ਰੂਪ ਵਿੱਚ ਮਿਲਦੇ ਹਨ। ਉਸ ਦੀ ਕਵਿਤਾ ਖੁਲ੍ਹੀ ਅਤੇ ਤੋਲ ਤਕਾਂਤ ਵਾਲੀ ਵਿਚਾਰ ਪ੍ਰਧਾਨ ਹੈ। ਸਾਰੀਆਂ ਕਵਿਤਾਵਾਂ ਬਚਨ ਸਿੰਘ ਗੁਰਮ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਕਰਦੀਆਂ ਹਨ। ਸ਼ਾਇਰ ਆਪਣੀਆਂ ਕਵਿਤਾਵਾਂ ਵਿੱਚ ਦਲੀਲ ਦੇ ਕੇ ਸਮਝੌਣ ਦੀ ਕੋਸ਼ਿਸ਼ ਕਰਦਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਬਚਨ ਸਿੰਘ ਗੁਰਮ ਦੀਆਂ ਕਵਿਤਾਵਾਂ ਮਾਨਵਤਾ ਨੂੰ ਆਪਣੇ ਹੱਕਾਂ ਦੀ ਪੂਰਤੀ ਲਈ ਬਗਾਬਤ ਕਰਨ ਲਈ ਪ੍ਰੇਰਦੀਆਂ ਹਨ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਉਸ ਦੀਆਂ ਕਵਿਤਾਵਾਂ ਵਿੱਚ ਪ੍ਰਬੰਧਕੀ ਪ੍ਰਣਾਲੀ ਅਤੇ ਇਨਸਾਨੀ ਮਾਨਸਿਕਤਾ ਦੀਆਂ ਕੁਰੀਤੀਆਂ ਵਿਰੁੱਧ ਬਗ਼ਾਵਤ ਦੀ ਕਨਸੋਅ ਆਉਂਦੀ ਹੈ। ਉਸ ਦੀ ਬੇਬਾਕੀ ‘ਗਲ਼ੀ ਦੇ ਕੁੱਤੇ’ ਕਵਿਤਾ ਵਿੱਚੋਂ ਵੇਖੀ ਜਾ ਸਕਦੀ ਹੈ। ਇਸ ਕਵਿਤਾ ਦੀ ਭਾਵਨਾ ਸਮਝਣ ਦੀ ਲੋੜ ਹੈ ਕਿ ਇਹ ਕਿਹੜੇ ਕਿਹੜੇ ਲੋਕਾਂ ਲਈ ਲਿਖੀ ਗਈ ਹੈ, ਜਦੋਂ ਉਹ ਲਾਲਚੀ ਲੋਕਾਂ ਦੀ ਤੁਲਨਾ ਕੁੱਤਿਆਂ ਨਾਲ ਕਰਦੇ ਹੋਏ ਲਿਖਦੇ ਹਨ-

ਗਲ਼ੀ ਦੇ ਕੁੱਤਿਆਂ ਦਾ ਕੀ ਹੁੰਦੈ
ਦਿਸਿਆ ਜਿੱਧਰ ਵੀ
ਟੁਕੜਾ ਰੋਟੀ ਦਾ
ਉਧਰ ਹੀ ਤੁਰ ਪਏ
ਕੰਮ ਇਹਨਾਂ ਦਾ ਨਹੀਂ
ਗਲ਼ੀ ਮੁਹੱਲੇ ਦੀ ਰਾਖੀ ਕਰਨਾ
ਭੌਂਕਣਾ ਹੁੰਦਾ ਹੈ ਇਹਨਾਂ ਨੇ ਤਾਂ ਬੱਸ
ਕਿਸੇ ਨੂੰ ਵੱਢ ਖਾਣ ਲਈ।

ਸ਼ਾਇਰ ਸਿਆਸਤਦਾਨਾ ‘ਤੇ ਕਿੰਤੂ ਪ੍ਰੰਤੂ ਕਰਦਾ ਹੋਇਆ ਆਪਣੀਆਂ ਕਵਿਤਾਵਾਂ ਸ਼ੀਸ਼ੇ, ਬੀਤਿਆ ਗੁਜਰਿਆ, ਸੱਤਾ ਦਾ ਅਭਿਮਾਨ, ਸੰਗਰਾਮ, ਬੇਕਦਰੇ, ਸਿਆਸੀ ਪੈਂਤੜਾ, ਭੇਡ ਚਾਲ, ਮਾਫ਼ੀ ਮਨਜ਼ੂਰੀ, ਸੰਕੀਰਨਤਾ, ਆਮ ਆਦਮੀ, ਨਾਂਹਦਰੂ ਬਿਰਤੀ,  ਕਸਮ, ਗ਼ਲੀ ਦੇ ਕੁੱਤੇ, ਕਟਹਿਰਾ ਅਤੇ ਨਿਰੰਤਰਤਾ ਵਿੱਚ ਬੜੀ ਦਲੇਰੀ ਨਾਲ ਲਿਖਦਾ ਹੈ ਕਿ ਉਹ ਆਪਣੇ ਵਿਰੋਧੀਆਂ ਅਤੇ ਹੱਕ ਤੇ ਸੱਚ ਦੇ ਪਹਿਰੇਦਾਰਾਂ ਨੂੰ ਦੇਸ਼ ਧ੍ਰੋਹੀ ਕਹਿਕੇ ਬਦਨਾਮ ਕਰਦੇ ਹਨ। ਅਜਿਹੇ ਇਲਜ਼ਾਮ ਨਿਰਆਧਾਰ ਹਨ। ਸ਼ੀਸ਼ੇ ਹਮੇਸ਼ਾ ਸੱਚ ਬੋਲਦੇ ਹਨ। ਸਿਆਸਤਦਾਨ ਮੁਖੌਟੇ ਪਾਈ ਫਿਰਦੇ ਹਨ।  ਹਓਮੈ ਦੇ ਸ਼ਿਕਾਰ ਹੋ ਕੇ ਲੋਕਾਂ ਦੇ ਹਿਤਾਂ ‘ਤੇ ਪਹਿਰਾ ਨਹੀਂ ਦੇ ਰਹੇ।  ਉਹ ਮੌਤਾਂ ਦਾ ਵੀ ਮੁੱਲ ਵੱਟਣ ਦੀ ਕਸਰ ਨਹੀਂ ਛੱਡਦੇ। ਸ਼ਾਇਰ ਲੋਕਾਂ ਨੂੰ ਸਰਕਾਰੀ ਦਮਨਕਾਰੀ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਤਾਕੀਦ ਕਰਦਾ ਹੈ।

ਹੋ ਕਿਉਂ ਨਹੀਂ ਰਿਹਾ ਅਵਾਮ ਲਈ ਕੁਝ ਵੀ ਬਿਹਤਰ,
ਜੁਮਲੇ ਤਾਂ ਤੁਸੀਂ ਨਵੇਂ ਨਵੇਂ, ਲਿਆਂਦੇ ਵੀ ਬਹੁਤ ਨੇ।
ਆਟਾ,  ਦਾਲ, ਸਬਸਿਡੀਆਂ ਦੀ ਖ਼ੈਰਾਤ ਦੀ ਥਾਂ,
ਬਿਹਤਰ ਸੀ ਜੇ ਦਿੱਤਾ ਰੁਜ਼ਗਾਰ ਹੁੰਦਾ।
—-
ਸਿਆਸਤ ਵਰਤੇ ਜੇ ਧਰਮ ਨੂੰ ਮਹਿਜ਼ ਸਿਆਸਤ ਲਈ,
ਲੋਕ-ਮਨਾਂ ‘ਚ ਬਗ਼ਾਵਤ ਦਾ ਖ਼ਿਆਲ ਆ ਵੀ ਜਾਂਦਾ ਹੈ।
ਸਿਆਸਤਦਾਨਾਂ ਨੂੰ ਸਲਾਹ ਦਿੰਦਾ ਬਚਨ ਸਿੰਘ ਗੁਰਮ ਲਿਖਦਾ ਹੈ-
ਵਸਾ ਟੁੱਟੇ ਦਿਲਾਂ ‘ਚ ਕੁਝ ਬਸਤੀਆਂ, ਉਜੜੇ ਘਰਾਂ ਨੂੰ ਮੁੜ ਆਬਾਦ ਕਰ।

IMG_1854(1).resizedਸ਼ਾਇਰ ਦੀਆਂ ਅਖੌਤੀ ਧਾਰਮਿਕ ਲੋਕਾਂ ਦੀਆਂ ਕੱਟੜਤਾ ਵਾਲੀਆਂ ਹਰਕਤਾਂ ਬਾਰੇ ਜਾਣਕਾਰੀ ਦਿੰਦਾ ਹੈ।  ਉਸ ਦੀਆਂ ਕਵਿਤਾਵਾਂ ਕਰਮ ਕਾਂਡਾਂ ਤੋਂ ਖਹਿੜਾ ਛੁਡਾਉਣ ਲਈ ਲੋਕਾਂ ਨੂੰ ਪ੍ਰੇਰਦੀਆਂ ਹਨ। ਅਜਿਹੀਆਂ ਧਰਮ ਨਾਲ ਸੰਬੰਧਤ ਕਵਿਤਾਵਾਂ, ਕਿਸਮਤਵਾਦੀ ਨਹੀਂ, ਰਾਜ ਧਰਮ, ਮਾਰੂ ਏਜੰਡਾ, ਜੀਵਨ ਜਾਚ, ਤਰਕ ਬਨਾਮ ਅੰਨ੍ਹੀ ਸ਼ਰਧਾ, ਇੱਕ ਮਿਥ, ਧਰਮ ਪ੍ਰਚਾਰਕ ਬਨਾਮ ਵਿਗਿਆਨ, ਆਦਮੀ ਦੀ ਹਸਤੀ ਅਤੇ ਲਾਚਾਰ ਜਾਂ ਗ਼ਾਫ਼ਲ਼ ਕੱਟੜ ਧਾਰਮਿਕ ਲੋਕਾਂ ਦਾ ਪਰਦਾ ਫਾਸ਼ ਕਰਦੀਆਂ ਹਨ। ਧਾਰਮਿਕ ਪ੍ਰਚਾਰਕਾਂ ਦੇ ਅਡੰਬਰਾਂ ਦਾ ਪਰਦਾ ਫਾਸ਼ ਕਰਦਾ ਸ਼ਾਇਰ ਉਨ੍ਹਾਂ ਨੂੰ ਦੋਹਰੇ ਮਾਪ ਦੰਡ ਵਾਲੇ ਕਹਿੰਦਾ ਹੈ, ਕਿਉਂਕਿ ਇਕ ਪਾਸੇ ਉਹ ਵਿਗਿਆਨ ਦੀਆਂ ਰਹਿਮਤਾਂ ਦਾ ਆਨੰਦ ਮਾਣਦੇ ਹਨ ਤੇ ਦੂਜੇ ਪਾਸੇ ਲੋਕਾਂ ਨੂੰ ਧਰਮ ਦੇ ਪਾਖੰਡਾਂ ਵਿੱਚ ਪਾਉਂਦੇ ਹਨ। ‘ਆਦਮੀ ਦੀ ਹਸਤੀ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦਾ ਹੈ-

ਸਵਾਲ ਚੁੱਕਦੈ ਜੇ ਕੋਈ ਦਕਿਆਨੂਸੀ ਰਵਾਇਤਾਂ ਉਤੇ,
ਡੰਡਾ ਧਰਮ ਦਾ ਉਹ ਚੁੱਕਦੇ, ਉਹਨੂੰ ਡਰਾਉਣ ਦੇ ਲਈ।
ਜੀਵਨ ਜਾਚ ਸਿਰਲੇਖ ਵਾਲੀ ਕਵਿਤਾ ਵਿੱਚ ਸ਼ਾਇਰ ਲਿਖਦੈ-
ਸੁੱਖ ਕਦ ਮਿਲਦੈ ਧਾਰਮਿਕ ਅਡੰਬਰਾਂ ‘ਚੋਂ, ਕਰਾਮਾਤਾਂ ‘ਚੋਂ,
ਇਹ ਤਾਂ ਮਿਲਦੈ, ਜਦ ਜਿਊਂਣਾ ਸਦਾਚਾਰਕ ਨਿਯਮਾਂ ਤੀਕ ਹੋ ਜਾਵੇ।

ਆਧੁਨਿਕਤਾ ਨੇ ਪਿਆਰ ਮੁਹੱਬਤ ਦੇ ਖਤਾਂ ਦਾ ਦੌਰ ਖ਼ਤਮ ਕਰ ਦਿੱਤਾ ਅਤੇ ਇਕੱਲਤਾ ਨੂੰ ਜਨਮ ਦਿੱਤਾ ਹੈ। ਆਧੁਨਿਕਤਾ ਦਾ ਰਿਸ਼ਤਿਆਂ ਤੇ ਵੀ ਅਸਰ ਹੋ ਰਿਹਾ ਹੈ।  ਰਿਸ਼ਤਿਆਂ ਨਾਲ ਸੰਬੰਧਤ ਕਵਿਤਾਵਾਂ ਐਧਰ ਓਧਰ /ਸਹੁਰੇ ਪੇਕੇ (ਧੀਆਂ-ਨੂੰਹਾਂ ਦੇ ਨਾਮ), ਫ਼ਰਜ਼ ਕਰਜ਼, ਪੁਲ਼, ਹੰਕਾਰ ਨਾ ਗਰੂਰ, ਅਣਕਿਆਸੇ ਵਕਤ ਅਤੇ ਸ਼ਿਕਵਾ ਕਿਵੇਂ ਕਰਾਂ, ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਵਿੱਚ ਆ ਰਹੀ ਗਿਰਾਵਟ ਬਾਰੇ ਜਾਣਕਾਰੀ ਦਿੰਦੀਆਂ ਹਨ। ਬੱਚਿਆਂ ਵੱਲੋਂ ਬਜ਼ੁਰਗਾਂ ਨਾਲ ਕੀਤੇ ਜਾਂਦੇ ਵਰਤਾਓ ਬਾਰੇ ਵੀ ਸ਼ਾਇਰ ਨੇ ਚੇਤਾਵਨੀ ਦਿੱਤੀ ਹੈ। ਠੀਕ ਗ਼ਲਤ ਦਾ ਆਧਾਰ ਗਿਆਨ ਵਿਗਿਆਨ ਹੀ ਹੋਣਾ ਚਾਹੀਦਾ ਹੈ। ਦਲੀਲ ਨਾਲ ਹੀ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਸਰਕਾਰੀ ਤਾਣੇ ਬਾਣੇ ਵਿੱਚ ਨੁਕਸ ਹੋਣ ਕਰਕੇ ਇਨਸਾਫ ਨਹੀਂ ਮਿਲਦਾ। ਇਨਸਾਫ਼ ਪ੍ਰਾਪਤ ਕਰਨ ਵਿੱਚ ਦੇਰੀ ਹੁੰਦੀ ਹੈ। ਕਰਜ਼ ਦਾ ਦੈਂਤ ਪਹਾੜ ਦੀ ਤਰ੍ਹਾਂ ਖੜ੍ਹਾ ਰਹਿੰਦਾ ਹੈ।  ਜ਼ਬਰ, ਜ਼ੁਲਮ ਅਤੇ ਬੇਇਨਸਾਫ਼ੀ ਦਾ ਦੌਰ ਹੋਣ ਦਾ ਜ਼ਿੰਮੇਵਾਰ ਰੱਬ ਨੂੰ ਵੀ ਮੰਨਦਾ ਹੈ ਕਿਉਂਕਿ ਲੋਕ ਰੱਬ ਦੀ ਮਰਜ਼ੀ ਕਹਿ ਕੇ ਬਰਦਾਸ਼ਤ ਕਰ ਲੈਂਦੇ ਹਨ।
ਇਨਸਾਨ ਦੂਜੇ ਦੀ ਖ਼ੁਸ਼ਹਾਲੀ ਨੂੰ ਬਰਦਾਸ਼ਤ ਨਹੀਂ ਕਰਦਾ। ਸ਼ਾਇਰ ਸੇਵਾ ਮੁਕਤੀ ਨੂੰ ਜ਼ਿੰਦਗੀ ਦਾ ਆਨੰਦ ਲੈਣ ਦਾ ਸਮਾਂ ਕਹਿੰਦਾ ਹੈ। ਕੌੜੇ ਮਿੱਠੇ ਤਜ਼ਰਬੇ ਅਤੇ ਯਾਦਾਂ ਦਾ ਸਰਮਾਇਆ ਇਤਿਹਾਸ ਬਣਦੇ ਹਨ। ਇਨਸਾਨ ਨੂੰ ਆਪਣੇ ਕਿਰਦਾਰ ਉਚਾ ਰੱਖਣ ਦੀ ਤਾਕੀਦ ਕਰਦਾ ਹੈ। ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਸੋਚ ਵਿਚਾਰ ਕਰਨਾ ਜ਼ਰੂਰੀ ਹੁੰਦਾ ਹੈ। ਕਸਮਾ ਝੂਠ ਦਾ ਪੁਲੰਦਾ ਹੁੰਦੀਆਂ ਹਨ। ਝੂਠ ਨੂੰ ਸੱਚ ਸਾਬਤ ਕਰਨ ਲਈ ਕਸਮਾਂ ਖਾਧੀਆਂ ਜਾਂਦੀਆਂ ਹਨ। ਵਿਸ਼ਵਾਸ਼ ਨੂੰ ਕਸਮਾ ਦੀ ਲੋੜ ਨਹੀਂ। ਲੋਕ ਦੋਹਰੇ ਕਿਰਦਾਰ ਲਈ ਫਿਰਦੇ ਹਨ, ਅੰਦਰੋਂ ਬਾਹਰੋਂ ਇਕ ਨਹੀਂ ਹੁੰਦੇ। ਸਰਕਾਰੀਏ ਬੁੱਧੀਜੀਵੀ ਸਮਾਜਿਕ ਤਾਣੇ ਬਾਣੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਦੇ ਕਿਰਦਾਰ ਸ਼ੱਕੀ ਹੁੰਦੇ ਹਨ। ਸ਼ਾਇਰ ਦੋਹਰਾ ਕਿਰਦਾ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦਾ ਹੈ-

ਚਿਹਰੇ ਭਾਵੇਂ ਗੋਰੇ ਚਿੱਟੇ, ਲੇਕਿਨ ਦਿਲ ਦੇ ਕਾਲੇ ਲੋਕ।
ਅੰਦਰੋਂ ਬੇਹੱਦ ਬੌਣੇ-ਹੀਣੇ, ਉਚੇ ਰੁਤਬੇ ਵਾਲੇ ਲੋਕ।

ਸ਼ਾਇਰ ਭਰਿਸ਼ਟਾਚਾਰ ਨੂੰ ਸਮਾਜ ਵਿੱਚ ਲੱਗੇ ਘੁਣ ਵਰਗਾ ਸਮਝਦਾ ਹੈ। ਲੋਕਾਂ ਨੂੰ ਭਰਿਸ਼ਟਾਚਾਰ ਵਿਰੁੱਧ ਲਾਮਬੰਦ ਹੋਣ ਦੀ ਤਾਕੀਦ ਕਰਦਾ ਲਾਚਾਰ ਜਾਂ ਗ਼ਾਫ਼ਲ ਕਵਿਾ ਵਿੱਚ ਕਹਿੰਦਾ ਹੈ-

ਭਿ੍ਰਸ਼ਟ ਬਣ ਜਾਣ ਧਨਵਾਨ, ਦੇਖਦਿਆਂ ਹੀ ਦੇਖਦਿਆਂ,
ਇਮਾਨਦਾਰ ਤਾਉਮਰ, ਬੱਸ ਥੁੜ੍ਹਾਂ ਹੀ ਜਰੇ।

ਬਚਨ ਸਿੰਘ ਗੁਰਮ ਨੂੰ ਪ੍ਰਕਿਰਤੀ ਦਾ ਸ਼ਾਇਰ ਵੀ ਕਿਹਾ ਜਾ ਸਕਦਾ ਹੈ। ਉਸ ਦੀਆਂ ਓਦੋਂ, ਗੱਲਾਂ ਵਰਗੇ ਖ਼ਤ, ਸਾਵਣ ਅਤੇ ਪਾਣੀ ਤੇ ਰੁੱਖ ਕਵਿਤਾਵਾਂ ਕੁਦਰਤ ਦੇ ਕਾਦਰ ਵੱਲੋਂ ਪ੍ਰਦੂਸ਼ਣ ਰਹਿਤ ਵਾਤਾਵਰਨ ਬਣਾਉਣ ਲਈ ਰੁੱਖਾਂ ਦੀ ਰੱਖਿਆ ਕਰਨ ਦੇ ਦਿੱਤੇ ਸੰਦੇਸ਼ ਦੀ ਪਾਲਣਾ ਕਰਨ ਲਈ ਉਹ ਲਿਖਦੇ ਹਨ-

ਪੌਣਾਂ ਵਿੱਚ ਅਸੀਂ ਜ਼ਹਿਰ ਘੋਲਤਾ, ਗੰਧਲਾ ਕਰਤਾ ਪਾਣੀ,
ਅਸੀਂ ਬੇਕਦਰੇ ਲੋਕਾਂ ਨੇ ਕੁਦਰਤ ਦੀ ਕਦਰ ਨਾ ਜਾਣੀ।

ਲੋਕ ਲਾਲਚੀ ਹੋ ਗਏ ਹਨ। ਇਸ ਲਈ ਧੋਖੇ ਫਰੇਬ ਆਮ ਹੋ ਗਏ ਹਨ। ਵਿਖਾਵਾ ਤਾਂ ਕਰਦੇ ਹਨ ਕਿ ਸਾਨੂੰ ਦੋ ਵਕਤ ਦੀ ਰੋਟੀ ਹੀ ਚਾਹੀਦੀ ਹੈ ਪ੍ਰੰਤੂ ਸੰਤੁਸ਼ਟ ਨਹੀਂ ਹੁੁੰਦੇ ਇਸ ਕਰਕੇ ਸ਼ਾਇਰ ਲਿਖਦਾ ਹੈ-

ਕਹਿਣ ਨੂੰ ਤਾਂ ਸਭ ਨੂੰ ਦੋ ਵਕਤ ਦੀ ਰੋਟੀ ਚਾਹੀਦੀ ਹੈ,
ਆਮਦਨ ਪਰ ਸਭ ਨੂੰ ਬਹੁਤ ਮੋਟੀ ਚਾਹੀਦੀ ਹੈ।

ਇਸੇ ਤਰ੍ਹਾਂ ਬਚਨ ਸਿੰਘ ਗੁਰਮ ਨੇ ਇਨਸਾਨ ਨੂੰ ਆਪਣੇ ਅੰਦਰ ਝਾਤ ਮਾਰਕੇ ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਨਸੀਹਤ ਦੇਣ ਲਈ ਕੁਝ ਕਵਿਤਾਵਾਂ ਲਿਖੀਆਂ ਹਨ ਜਿਨ੍ਹਾਂ ਵਿੱਚ ਆਦਮੀ, ਵਕਤ ਦਾ ਚਲਣ, ਮਸ਼ਵਰਾ, ਮਕਾਰੀ, ਹੋਂਦ ਅਣਹੋਂਦ, ਖ਼ੈਰ-ਖ਼ਾਹ, ਸ਼ਬਦਾਂ ਦੀ ਸਮਝ, ਸੁਆਰਥ ਦੇ ਝੱਖੜ, ਖ਼ੁਦਗਰਜ਼ੀਆਂ ਦੀ ਹਵਾ, ਅਜ਼ਾਬ, ਦੋਗਲਾਪਣ, ਸੰਵਾਦ, ਸ਼ਿਕਵਾ, ਸਵਾਰਥ ਦਾ ਫ਼ਲ, ਫੇਸ-ਬੁੱਕ ਅਤੇ ਯਾਦਾਂ ਸ਼ਾਮਲ ਹਨ।

118 ਪੰਨਿਆਂ, 220 ਰੁਪਏ ਕੀਮਤ, ਸੁੰਦਰ ਦਿੱਖ ਵਾਲਾ ਇਹ ਕਾਵਿ ਸੰਗ੍ਰਹਿ ਜ਼ੋਹਰਾ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>