ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 20 ਦਸੰਬਰ ਨੂੰ ਦਿੱਲੀ ਵਿਖੇ ਕੀਤਾ ਜਾਣ ਵਾਲਾ ਪੰਥਕ ਪ੍ਰਦਰਸ਼ਨ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਇਹ ਫੈਸਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਜੋ ਬੰਦੀ ਸਿੰਘਾਂ ਸਬੰਧੀ ਪੰਜ ਮੈਂਬਰੀ ਉੱਚ ਪੱਧਰੀ ਕਮੇਟੀ ਦੇ ਮੈਂਬਰ ਵੀ ਹਨ, ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜੇ ਗਏ ਇਕ ਪੱਤਰ ’ਤੇ ਵਿਚਾਰ ਉਪਰੰਤ ਲਿਆ ਹੈ। ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭਾਵੇਂ 20 ਦਸੰਬਰ ਦਾ ਦਿੱਲੀ ਪ੍ਰਦਰਸ਼ਨ ਅੰਤ੍ਰਿੰਗ ਕਮੇਟੀ ਦੇ ਪਹਿਲਾਂ ਲਏ ਫੈਸਲੇ ’ਤੇ ਅਧਾਰਿਤ ਸੀ, ਪਰ ਪੰਥ ਦੇ ਵਡੇਰੇ ਹਿੱਤਾਂ ਨੂੰ ਵੇਖਦਿਆਂ ਇਸ ਨੂੰ ਫਿਲਹਾਲ ਮੁਲਤਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨਹੀਂ ਚਾਹੁੰਦੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਵਿਚ ਕੋਈ ਆਪਸੀ ਮਤਭੇਦ ਪੈਦਾ ਹੋਵੇ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਵਿਚ ਸੰਗਤੀ ਮੁਹਿੰਮ ਤਹਿਤ ਬੰਦੀ ਸਿੰਘਾਂ ਦੀ ਰਿਹਾਈ ਲਈ 26 ਲੱਖ ਪ੍ਰੋਫਾਰਮੇ ਭਰਵਾਏ ਸਨ, ਜੋ 20 ਦਸੰਬਰ ਨੂੰ ਦੇਸ਼ ਦੇ ਰਾਸ਼ਟਰਪਤੀ ਨੂੰ ਸੌਂਪਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਹ ਪ੍ਰੋਗਰਾਮ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 6 ਦਸੰਬਰ ਨੂੰ ਗਠਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਤੋਂ ਪਹਿਲਾਂ 3 ਦਸੰਬਰ ਨੂੰ ਸੱਦੀ ਗਈ ਅੰਤ੍ਰਿੰਗ ਕਮੇਟੀ ਫੈਸਲੇ ਅਨੁਸਾਰ ਸੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਭੁੱਖ ਹੜਤਾਲ ਦੇ ਐਲਾਨ ਨੂੰ ਵੇਖਦਿਆਂ 28 ਨਵੰਬਰ ਨੂੰ ਉਨ੍ਹਾਂ ਨਾਲ ਪਟਿਆਲਾ ਦੀ ਜੇਲ੍ਹ ਵਿਖੇ ਸ਼੍ਰੋਮਣੀ ਕਮੇਟੀ ਵਫ਼ਦ ਨੇ ਮੁਲਾਕਾਤ ਕੀਤੀ ਸੀ। ਇਸ ਦੌਰਾਨ ਭਾਈ ਰਾਜੋਆਣਾ ਵੱਲੋਂ ਦਿੱਤੇ ਗਏ ਪੱਤਰ ’ਤੇ ਵਿਚਾਰ ਕਰਨ ਲਈ 30 ਨਵੰਬਰ ਅਤੇ ਫਿਰ 3 ਦਸੰਬਰ ਨੂੰ ਅੰਤ੍ਰਿੰਗ ਕਮੇਟੀ ਦੀ ਉਚੇਚੀ ਮੀਟਿੰਗ ਬੁਲਾਈ ਗਈ, ਜਿਸ ਦੌਰਾਨ 20 ਦਸੰਬਰ ਨੂੰ ਦਿੱਲੀ ਵਿਖੇ ਪੰਥਕ ਪ੍ਰਦਰਸ਼ਨ ਦਾ ਫੈਸਲਾ ਹੋਇਆ। ਇਸ ਦੀਆਂ ਤਿਆਰੀਆਂ ਵੀ ਪਹਿਲਾਂ ਤੋਂ ਜਾਰੀ ਸਨ। ਵੱਡੀ ਗਿਣਤੀ ਵਿਚ ਪੰਥਕ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ, ਕਾਰਸੇਵਾ ਸੰਪ੍ਰਦਾਵਾਂ, ਨਿਰਮਲੇ, ਉਦਾਸੀ, ਨਿਹੰਗ ਸਿੰਘ, ਦਮਦਮੀ ਟਕਸਾਲ, ਫੈਡਰੇਸ਼ਨਾਂ ਅਤੇ ਕਿਸਾਨ ਜਥੇਬੰਦੀਆਂ ਸਮੇਤ ਪੰਥ ਹਿਤੈਸ਼ੀਆਂ ਵੱਲੋਂ ਇਸ ਦਾ ਭਰਪੂਰ ਸਮਰਥਨ ਕਰਦਿਆਂ ਸ਼ਾਮਲ ਹੋਣ ਦੀ ਵਚਨਬੱਧਤਾ ਪ੍ਰਗਟਾਈ ਸੀ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਸ਼੍ਰੋਮਣੀ ਕਮੇਟੀ ਵੱਲੋਂ ਵੱਖਰੇ ਤੌਰ ’ਤੇ ਐਲਾਨ ਕੀਤਾ ਗਿਆ ਪ੍ਰੋਗਰਾਮ ਸੀ, ਪਰ ਬੰਦੀ ਸਿੰਘਾਂ ਦੇ ਮਾਮਲੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਦੇ ਹਰ ਮੈਂਬਰ ਦਾ ਸਤਿਕਾਰ ਹੈ।
ਐਡਵੋਕੇਟ ਧਾਮੀ ਨੇ ਪੰਥਕ ਪ੍ਰਦਰਸ਼ਨ ਲਈ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਦੇਣ ਦਾ ਐਲਾਨ ਕਰਨ ਵਾਲੀਆਂ ਸਾਰੀਆਂ ਧਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਅੰਦਰ ਵੀ ਉਹ ਪੰਥਕ ਕਾਰਜਾਂ ਲਈ ਅਜਿਹੇ ਸਮਰਥਨ ਦੀ ਆਸ ਕਰਦੇ ਹਨ।
ਪ੍ਰੈੱਸ ਵਾਰਤਾ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਅਮਰਜੀਤ ਸਿੰਘ ਬੰਡਾਲਾ, ਅਕਾਲੀ ਆਗੂ ਸ. ਬਰਜਿੰਦਰ ਸਿੰਘ ਬਰਾੜ, ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਤੇਜਿੰਦਰ ਸਿੰਘ ਪੱਡਾ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਸ. ਹਰਭਜਨ ਸਿੰਘ ਵਕਤਾ ਆਦਿ ਹਾਜ਼ਰ ਸਨ।