ਨਵੀਂ ਦਿੱਲੀ – ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਨੇੜਲੇ ਚਾਲਾਨ ਵਾਲੇ ਕੈਮਰੇ ਹਟਾਉਣ ਦਾ ਜਾਗੋ ਪਾਰਟੀ ਦਾ ਅੱਜ ਦਾ ਪ੍ਰੋਗਰਾਮ ਪ੍ਰਸ਼ਾਸਨ ਵੱਲੋਂ ਕੈਮਰਿਆਂ ਦਾ ਰੁਖ਼ ਬਦਲੀ ਤੋਂ ਬਾਅਦ ਫਿਲਹਾਲ ਗੁਰਬਾਣੀ ਸ਼ਬਦ ਪੜ੍ਹਣ ਅਤੇ ਅਰਦਾਸ ਕਰਨ ਵਜੋਂ ਨਿਬੜ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ “ਕਾਰ ਮੁਕਤ ਜੋ਼ਨ” ਦੇ ਨਾਂਅ ਉਤੇ ਗੁਰਦੁਆਰਾ ਸੀਸਗੰਜ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀਆਂ ਗੱਡੀਆਂ ਨੂੰ ‘ਨੋ ਐਂਟਰੀ’ ਦੇ ਨਾਂਅ ਉਤੇ 20,000/- ਰੁਪਏ ਪ੍ਰਤੀ ਚਾਲਾਨ ਭੇਜਣ ਦਾ ਸੰਗਤਾਂ ਵੱਲੋਂ ਬੀਤੇ ਲੰਮੇਂ ਸਮੇਂ ਤੋਂ ਵੱਡੇ ਪੱਧਰ ‘ਤੇ ਵਿਰੋਧ ਹੋ ਰਿਹਾ ਸੀ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ 17 ਦਸੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇਹ ਚਾਲਾਨ ਵਾਲੇ ਕੈਮਰੇ ਹਟਾਉਣ ਦੀ ਚੇਤਾਵਨੀ ਪਹਿਲਾਂ ਦਿੱਤੀ ਹੋਈ ਸੀ। ਪਰ ਜਦੋਂ ਜੀਕੇ ਨੇ ਇਸ ਚੇਤਾਵਨੀ ਨੂੰ ਪ੍ਰੋਗਰਾਮ ਵਜੋਂ 15 ਦਸੰਬਰ ਨੂੰ ਆਪਣੇ ਫੇਸਬੁੱਕ ਪੇਜ ਉਤੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਜਨਤਕ ਕੀਤਾ ਤਾਂ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆ ਗਿਆ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜੀਕੇ ਨੇ ਦੱਸਿਆ ਕਿ ਕੈਮਰੇ ਤੋੜਨ ਦਾ ਮੇਰੇ ਵੱਲੋਂ ਪ੍ਰੋਗਰਾਮ ਦੇਣ ਦੇ ਤੁਰੰਤ ਬਾਅਦ ਪੁਲਿਸ-ਪ੍ਰਸ਼ਾਸਨ ਸਾਡੇ ਸੰਪਰਕ ਵਿਚ ਆ ਗਿਆ। ਕਾਹਲੀ ਵਿਚ ਉਨ੍ਹਾਂ ਨੇ ਸਾਡੇ ਬੰਦਿਆਂ ਨਾਲ ਸੰਪਰਕ ਕੀਤਾ ਅਤੇ ਚਾਲਾਨ ਵਾਲੇ ਕੈਮਰਿਆਂ ਦੇ ਰੁਖ ਬਦਲਣ ਦੀ ਪੇਸ਼ਕਸ਼ ਕੀਤੀ। ਪ੍ਰਸ਼ਾਸਨ ਦਾ ਸਾਫ਼ ਕਹਿਣਾ ਸੀ ਕਿ ਕੈਮਰੇ ਤੋੜਨ ਵਾਲੇ ਪਾਸੇ ਤੁਸੀਂ ਨਾ ਤੁਰੋ। ਸਗੋਂ ਚਾਲਾਨ ਬੰਦ ਕਰਵਾਉਣ ਦੀ ਅਪਣੀ ਮੁਹਿੰਮ ਬਾਰੇ ਸੋਚੋ। ਜਿਸ ਤੋਂ ਬਾਅਦ ਤਿੰਨ ਕੈਮਰਿਆਂ ਦਾ ਰੁਖ਼ ਰਾਤੋਂ-ਰਾਤ ਬਦਲੇ ਜਾਣ ਦੀ ਸਾਡੇ ਕੋਲ ਜਾਣਕਾਰੀ ਤੜਕੇ ਆਈ। ਇਸ ਜਾਣਕਾਰੀ ਦੀ ਪੁਸ਼ਟੀ 16 ਦਸੰਬਰ ਨੂੰ ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਮੈਨੂੰ ਟਵਿੱਟਰ ਉਤੇ ਟਵਿੱਟ ਟੈਗ ਕਰਕੇ ਵੀ ਕੀਤੀ। ਜਿਸ ਵਿਚ ਆਰ.ਪੀ. ਸਿੰਘ ਨੇ ਦਾਅਵਾ ਕੀਤਾ ਕਿ ਹੁਣ ਕੋਡੀਆ ਪੁਲ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ ਆਉਣ ਵਾਲੇ ਰਸਤੇ ਦੇ ਚਾਲਾਨ ਵਾਲੇ ਕੈਮਰਿਆਂ ਦਾ ਰੁਖ਼ ਮੋੜ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਅਸੀਂ ਆਪਣੇ ਪਹਿਲੇ ਐਲਾਨੇ ਪ੍ਰੋਗਰਾਮ ਵਿਚ ਸੋਧ ਕਰਦਿਆਂ ਨਗਰ ਕੀਰਤਨ ਮੌਕੇ ਭਾਈ ਮਤੀ ਦਾਸ ਚੌਕ ਵਿਖੇ ਸੰਗਤਾਂ ਦੀ ਮੌਜੂਦਗੀ ਵਿਚ ਗੁਰਬਾਣੀ ਸ਼ਬਦ ਪੜ੍ਹ ਕੇ ਗੁਰੂ ਚਰਨਾਂ ‘ਚ ਸ਼ੁਕਰਾਨੇ ਦੀ ਅਰਦਾਸ ਕੀਤੀ।
ਜੀਕੇ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਵਿਚ ਸਾਡੀਆਂ ਦੋ ਮੁੱਖ ਮੰਗਾਂ ਸਨ। ਪਹਿਲੀ ਕੋਡੀਆ ਪੁਲ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਆਉਣ ਵਾਲੀਆਂ ਗੱਡੀਆਂ ਦੇ ਚਲਾਨ ਬੰਦ ਹੋਣ ਤੇ ਦੂਜੀ ਸ਼ਰਧਾਲੂਆਂ ਨੂੰ ਭੇਜੇ ਗਏ ਕਰੋੜਾਂ ਰੁਪਏ ਦੇ ਚਲਾਨ ਤੁਰੰਤ ਪ੍ਰਭਾਵ ਨਾਲ ਰੱਦ ਕੀਤੇ ਜਾਣ। ਜਿਸ ਵਿਚ ਅਸੀਂ ਅੱਜ ਪਹਿਲਾ ਪੜਾਅ ਦਾ ਮੋਰਚਾ ਫ਼ਤਿਹ ਕਰ ਲਿਆ ਹੈ। ਉਮੀਦ ਕਰਦੇ ਹਾਂ ਕਿ ਦੂਜਾ ਪੜਾਅ ਦਾ ਮੋਰਚਾ ਵੀ ਛੇਤੀ ਫਤਿਹ ਹੋਵੇਗਾ। ਜੀਕੇ ਨੇ ਕਿਹਾ ਕਿ ਅਸੀਂ ਅੱਜ ਪ੍ਰਸ਼ਾਸਨ ਦੀ ਗੱਲ ਮੰਨੀ ਹੈ, ਜੇਕਰ ਹੁਣ ਵੀ ਚਾਲਾਨ ਆਉਣਗੇ ਤਾਂ ਕੈਮਰੇ ਹਟਾਉਣ ਦਾ ਪ੍ਰੋਗਰਾਮ ਅਸੀਂ ਫਿਰ ਜਾਰੀ ਕਰ ਦੇਵਾਂਗੇ। ਜੀਕੇ ਨੇ ਸਵਾਲ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਥਾਨ ਉਤੇ ਆਉਣ ਵਾਲੀ ਸੰਗਤ ਨੂੰ 20 ਹਜ਼ਾਰ ਦਾ ਚਾਲਾਨ ਕਿਉਂ ਆਵੇਂ ? ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਸਥਾਨ ਹੈ ਜਿਸ ਕਰਕੇ ਅੱਜ ਦੇਸ਼ ਦਾ ਤਿੰਰਗਾ ਝੁਲਦਾ ਹੈ, ਜਿਨ੍ਹਾਂ ਕਰਕੇ ਮੰਦਰਾਂ ‘ਚ ਦੀਵਾ ਜਗਦਾ ਹੈ, ਜਿਨ੍ਹਾਂ ਕਰਕੇ ਹਿੰਦੁਸਤਾਨ ਵਿਚ ਸਾਰਿਆਂ ਦੀ ਸੁੰਨਤ ਨਹੀਂ ਹੋਈ। ਇਸ ਲਈ ਸਾਡੇ ਲਈ ਇਹ ਗੰਭੀਰ ਮਸਲਾ ਹੈ। ਜਿਸ ਗੁਰੂ ਸਾਹਿਬ ਨੇ ਦੂਜੇ ਦੇ ਧਰਮ ਦੀ ਅਜ਼ਾਦੀ ਲਈ ਆਪਣੀ ਸ਼ਹਾਦਤ ਦਿੱਤੀ ਹੋਵੇ, ਕੀ ਉਸ ਗੁਰੂ ਸਾਹਿਬ ਦੇ ਸਿੱਖ ਇਨ੍ਹੇ ਕਮਜ਼ੋਰ ਸਮਝੇ ਜਾਣ ਕਿ ਉਸ ਮਹਾਨ ਸਥਾਨ ਦੇ ਦਰਸ਼ਨ ਲਈ ਆਉਣ ਲਈ ਸਰਕਾਰ ਨੂੰ ‘ਜਜ਼ੀਆ’ ਦੇਣ ਦਾ ਫੈਸਲਾ ਮਨਜ਼ੂਰ ਕਰਨਗੇ? ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ 25 ਨਵੰਬਰ 2023 ਤੋਂ ਬਾਅਦ ਚਾਲਾਨ ਨਹੀਂ ਆਉਣ ਦੇ ਕੱਲ੍ਹ ਕੀਤੇ ਗਏ ਦਾਅਵੇ ਨੂੰ ਨਕਾਰਦੇ ਹੋਏ ਜੀਕੇ ਨੇ ਕਿਹਾ ਕਿ ਸਾਡੇ ਕੋਲ 26 ਨਵੰਬਰ ਦੇ ਨਗਰ ਕੀਰਤਨ ਅਤੇ 13 ਦਸੰਬਰ ਤੱਕ ਦੇ ਚਾਲਾਨ ਵੀ ਹਨ। ਕਿਉਂਕਿ ਦਿੱਲੀ ਕਮੇਟੀ ਇਸ ਮਾਮਲੇ ਵਿਚ ਸੰਗਤਾਂ ਦੇ ਤੌਖਲਿਆਂ ਨੂੰ ਕਾਨੂੰਨੀ ਤਰੀਕੇ ਨਾਲ ਨਿਪਟਾਰਾ ਕਰਨ ਵਿਚ ਸਫ਼ਲ ਨਹੀਂ ਹੋਈ, ਇਸ ਲਈ ਝੂਠ ਤੇ ਕੁਫ਼ਰ ਦਾ ਸਹਾਰਾ ਲਿਆ ਜਾ ਰਿਹਾ ਹੈ। ਜੀਕੇ ਨੇ ਕਾਲਕਾ ਨੂੰ ਪੁੱਛਿਆ ਕਿ ਹੁਣ ਕੈਮਰਿਆਂ ਦੇ ਰੁਖ ਕਿਵੇਂ ਮੁੜ ਗਏ ? ਇਸ ਮੌਕੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ ਖਾਲਸਾ, ਮਹਿੰਦਰ ਸਿੰਘ, ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ, ਕੌਰ ਬ੍ਰਿਗੇਡ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ, ਦਿੱਲੀ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਸਤਪਾਲ ਸਿੰਘ ਸਣੇ ਵੱਡੀ ਗਿਣਤੀ ਵਿਚ ਪਾਰਟੀ ਅਹੁਦੇਦਾਰ ਅਤੇ ਕਾਰਕੁੰਨ ਸਾਹਿਬਾਨ ਮੌਜੂਦ ਸਨ।