ਨਵੀ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੇ ਜਮਨਾਪਾਰ ਦੇ ਇਲਾਕੇ ਝੀਲ ਕਰੂੰਜਾ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖ਼ੇ ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਸੇਵਕ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ । ਗੁਰ ਜਸ ਸਰਵਣ ਕਰਣ ਲਈ ਇਲਾਕੇ ਦੀਆਂ ਸੰਗਤਾਂ ਵਡੀ ਗਿਣਤੀ ਅੰਦਰ ਹਾਜਿਰ ਸਨ ਤੇ ਗੁਰੂ ਘਰ ਦੇ ਹਾਲ ਸੰਗਤਾਂ ਨਾਲ ਭਰੇ ਹੋਏ ਸਨ । ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਬੱਬਰ ਵਲੋਂ ਮੀਡੀਆ ਨੂੰ ਦਸਿਆ ਕਿ ਪੰਥ ਦੇ ਮਹਾਨ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ 14 ਸਾਲਾਂ ਮਗਰੋਂ ਦਿੱਲੀ ਦੇ ਜਮਨਾਪਾਰ ਵਿਖ਼ੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਉਚੇਚੇ ਤੌਰ ਤੇ ਪਹੁੰਚੇ ਸਨ ਅਤੇ ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਜੀ ਨੇ ਵੀ ਸਮਾਗਮ ਵਿਚ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ ਸੀ । ਭਾਈ ਬੱਬਰ ਨੇ ਨੌਵੇ ਪਾਤਸ਼ਾਹ ਦੀ ਸ਼ਹਾਦਤ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਔਰੰਗਜੇਬ ਅਤੇ ਕਾਜ਼ੀ, ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ ਗੱਲਾਂ ਵਲੋਂ ਪ੍ਰਭਾਵਿਤ ਨਹੀਂ ਕਰ ਸਕੇ ਤਾਂ ਉਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਹੋਰ ਸੇਵਕਾਂ ਨੂੰ ਕਈ ਪ੍ਰਕਾਰ ਦੇ ਲਾਲਚ ਦਿੱਤੇ ਗੱਲ ਤੱਦ ਵੀ ਨਹੀਂ ਬਣਦੀ ਵੇਖਕੇ ਉਨ੍ਹਾਂ ਨੇ ਕਈ ਪ੍ਰਕਾਰ ਦੀਆਂ ਯਾਤਨਾਵਾਂ ਦਿੱਤੀਆਂ ਅਤੇ ਮੌਤ ਦਾ ਡਰ ਵਖਾਇਆ ਇਸ ਉੱਤੇ ਉਨ੍ਹਾਂ ਨੇ ਅਮਲ ਵੀ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭੈਭੀਤ ਕਰਣ ਲਈ ਉਨ੍ਹਾਂ ਦੇ ਨਾਲ ਦੇ ਤਿੰਨਾਂ ਸਿੱਖਾਂ ਨੂੰ ਹੌਲੀ ਹੌਲੀ ਆਰੇ ਵਲੋਂ ਚੀਰ ਕੇ, ਪਾਣੀ ਵਿੱਚ ਉਬਾਲ ਕੇ ਅਤੇ ਰੂੰ ਵਿੱਚ ਲਿਪੇਟ ਕੇ ਜਿੰਦਾ ਜਲਾਕੇ, ਗੁਰੂ ਜੀ ਦੀ ਅਖਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਪਰ ਇਸ ਘਟਨਾਵਾਂ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਤੇ ਕੋਈ ਪ੍ਰਭਾਵ ਨਹੀਂ ਹੁੰਦਾ ਵੇਖਕੇ ਔਰੰਗਜ਼ੇਬ ਬੌਖਲਾ ਗਿਆ ਅਤੇ ਉਸਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਣ ਦੀ ਘੋਸ਼ਣਾ ਕਰਵਾ ਦਿੱਤੀ। ਉਨ੍ਹਾਂ ਕਿਹਾ ਕਿ ਇਹ ਦੱਸਣਾ ਜ਼ਰੂਰੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਦੀ ਬਾਂਹ ਇਸ ਲਈ ਨਹੀਂ ਫੜੀ ਕਿ ਉਹ ਹਿੰਦੂ ਸਨ, ਸਗੋਂ ਇਸ ਲਈ ਕਿ ਉਹ ਸ਼ਕਤੀਹੀਨ ਸਨ, ਅਤਿਆਚਾਰਾਂ ਦੇ ਸ਼ਿਕਾਰ ਸਨ। ਨਾ ਹੀ ਔਰੰਗਜੇਬ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਕਾਰਣ ਦੁਸ਼ਮਣੀ ਸੀ ਕਿ ਉਹ ਮੁਸਲਮਾਨ ਸੀ। ਉਹ ਦੀਨ–ਹੀਨ ਅਤੇ ਕਮਜੋਰ ਆਦਮੀਆਂ ਉੱਤੇ ਜ਼ੁਲਮ ਕਰਦਾ ਸੀ। ਜੇਕਰ ਔਰੰਗਜ਼ੇਬ, ਪੰਡਤਾਂ ਦੇ ਸਥਾਨ ਉੱਤੇ ਹੁੰਦਾ ਅਤੇ ਪੰਡਤ, ਔਰੰਗਜੇਬ ਦੇ ਸਥਾਨ ਉੱਤੇ ਹੁੰਦੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਹਾਇਤਾ ਔਰਗੰਜ਼ੇਬ ਦੇ ਵੱਲ ਹੋਣੀ ਸੀ । ਸਮਾਗਮ ਦੇ ਅੰਤ ਵਿਚ ਪ੍ਰਬੰਧਕਾਂ ਵਲੋਂ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਅਤੇ ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ ਸੀ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਸਨ । ਭਾਈ ਗੁਰਿੰਦਰ ਸਿੰਘ ਸਿੱਕਾ, ਭਾਈ ਸੁਖਵਿੰਦਰ ਸਿੰਘ ਬੱਬਰ, ਭਾਈ ਗੁਰਚਰਨ ਸਿੰਘ ਰਾਜੂ, ਭਾਈ ਪ੍ਰਭਜੋਤ ਸਿੰਘ ਗੁਲਾਟੀ ਅਤੇ ਪ੍ਰਿਥਵੀ ਪਾਲ ਸਿੰਘ ਪਾਲੀ ਵਲੋਂ ਕੀਰਤਨੀ ਸਿੰਘਾਂ ਦਾ ਸੁਆਗਤ ਕੀਤਾ ਗਿਆ ਸੀ ਅਤੇ ਉਨ੍ਹਾਂ ਵਲੋਂ ਸਮਾਗਮ ਵਿਚ ਹਾਜ਼ਿਰੀ ਭਰਨ ਵਾਲੀਆਂ ਸੰਗਤਾਂ, ਸਮਾਗਮ ਉਲੀਕਣ ਲਈ ਗੁਰਦੁਆਰਾ ਕਮੇਟੀ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਬਾਵਾ ਦਾ ਧੰਨਵਾਦ ਕੀਤਾ ਗਿਆ ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਸੇਵਕਾਂ ਦੀ ਸ਼ਹਾਦਤ ਨੂੰ ਸਮਰਪਿਤ ਸਜਾਏ ਗਏ ਵਿਸ਼ੇਸ਼ ਕੀਰਤਨ ਦੀਵਾਨ
This entry was posted in ਭਾਰਤ.